ਕੇਂਦਰ ਸਰਕਾਰ ਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਪ੍ਰਦਰਸ਼ਨ ਨਵੀਂ ਸਕੀਮ ਵਿੱਚ ਰੁਜ਼ਗਾਰ ਦੀ ਗਰੰਟੀ ਨਹੀਂ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਨੇ ਅੱਜ ਕੇਂਦਰ ਸਰਕਾਰ ਦੇ ਖਿਲਾਫ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਪੱਧਰ ‘ਤੇ ਪ੍ਰਦਰਸ਼ਨ ਕੀਤੇ। ਇਹ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਪੇਂਡੂ ਰੁਜ਼ਗਾਰ ਗਰੰਟੀ ਸਕੀਮ ਖਤਮ ਕਰਨ ਦੇ ਵਿਰੋਧ ਵਿੱਚ ਕੀਤੇ ਗਏ। ਇਸ ਸੰਬੰਧ ਵਿੱਚ ਜਲੰਧਰ ਵਿੱਚ ਵੀ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਦੀ ਅਗਵਾਈ ਸਟੇਟ ਕੋਆਰਡੀਨੇਟਰ ਤੀਰਥ ਰਾਜਪੁਰਾ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨਾਲ ਸਟੇਟ ਸੈਕਟਰੀ ਇੰਜ. ਜਸਵੰਤ ਰਾਏ, ਸੂਬਾ ਕੈਸ਼ੀਅਰ ਪਰਮਜੀਤ ਮੱਲ ਵੀ ਮੌਜ਼ੂਦ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਜਗ੍ਹਾ ‘ਤੇ ਵਿਕਸਿਤ ਭਾਰਤ ਜੀ ਰਾਮ ਜੀ ਨਾਂ ਦੀ ਸਕੀਮ ਲਿਆਂਦੀ ਜਾ ਰਹੀ ਹੈ। ਹਾਲਾਂਕਿ ਕੇਂਦਰ ਵੱਲੋਂ ਇਸ ਨੂੰ ਰੁਜ਼ਗਾਰ ਸਕੀਮ ਕਿਹਾ ਜਾ ਰਿਹਾ ਹੈ ਤੇ ਇਸ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਨਰੇਗਾ ਵਿੱਚ ਪਹਿਲਾਂ ਸਾਲ ਵਿੱਚ 100 ਦਿਨ ਰੁਜ਼ਗਾਰ ਦੇਣ ਦੀ ਗਰੰਟੀ ਸੀ, ਹੁਣ ਇਸ ਵਿੱਚ ਵਾਧਾ ਕਰਕੇ 125 ਦਿਨ ਦਾ ਰੁਜ਼ਗਾਰ ਦੇਣ ਦੀ ਗੱਲ ਕਹੀ ਗਈ ਹੈ, ਪਰ ਬਸਪਾ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਨਵੀਂ ਸਕੀਮ ਵਿੱਚ ਪੇਂਡੂ ਲੋਕਾਂ ਲਈ ਰੁਜ਼ਗਾਰ ਦੀ ਗਰੰਟੀ ਨੂੰ
ਖਤਮ ਕੀਤਾ ਗਿਆ ਹੈ। ਇਸ ਸਕੀਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਕੀਮ ਨੂੰ ਚਲਾਉਣ ਦੇ ਲਈ 40 ਫੀਸਦੀ ਹਿੱਸਾ ਸੂਬਾ ਸਰਕਾਰਾਂ ਵੱਲੋਂ ਪਾਇਆ ਜਾਏਗਾ। ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਰਗਾ ਸੂਬਾ ਜੋ ਪਹਿਲਾਂ ਹੀ ਮਾੜੀ ਆਰਥਿਕ ਹਾਲਤ ਵਿੱਚ ਹੈ, ਉਹ ਅਜਿਹਾ ਨਹੀਂ ਕਰ ਪਾਏਗਾ ਤੇ ਇਸ ਨਾਲ ਲੋਕਾਂ ਲਈ ਰੁਜ਼ਗਾਰ ਹੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕੀ ਇਸ ਸਕੀਮ ਨੂੰ ਰੁਜ਼ਗਾਰ ਦੀ ਗਰੰਟੀ ਦੀ ਬਜਾਏ ਕੇਂਦਰ ਵੱਲੋਂ ਚਲਾਏ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਨਾਲ ਜੋੜਿਆ ਗਿਆ। ਜੇਕਰ ਵਿਕਾਸ ਪ੍ਰੋਜੈਕਟ ਨਹੀਂ ਚੱਲਣਗੇ ਤਾਂ ਲੋਕਾਂ ਨੂੰ ਰੁਜ਼ਗਾਰ ਵੀ ਨਹੀਂ ਮਿਲੇਗਾ। ਪੇਂਡੂ ਗਰੰਟੀ ਸਕੀਮ ਦੇ ਖਤਮ ਹੋਣ ਨਾਲ ਦੇਸ਼ ਭਰ ਵਿੱਚ ਕਰੋੜਾਂ ਤੇ ਪੰਜਾਬ ਭਰ ਵਿੱਚ ਲੱਖਾਂ ਲੋਕਾਂ ਦੀ ਜ਼ਿੰਦਗੀ ‘ਤੇ ਅਸਰ ਪਵੇਗਾ। ਪਿੰਡਾਂ ਵਿੱਚ ਇੱਕ ਵੱਡੀ ਗਿਣਤੀ ਹੈ, ਜੋ ਪਿੰਡ ਪੱਧਰ ‘ਤੇ ਪਹਿਲਾਂ ਚੱਲਦੀ ਸਕੀਮ ਤਹਿਤ ਦਿਹਾੜੀ ਕਰਕੇ ਆਪਣਾ ਘਰ ਦਾ ਖਰਚ ਚਲਾਉਣ ਵਿੱਚ ਯੋਗਦਾਨ ਪਾਉਂਦੀ ਹੈ, ਪਰ ਇਸ ਦੇ ਖਤਮ ਹੋਣ ਦੇ ਨਾਲ ਇਹ ਸਾਰੇ ਲੋਕ ਕੰਮ ਤੋਂ ਵਿਹਲੇ ਹੋ ਜਾਣਗੇ ਤੇ ਉਨ੍ਹਾਂ ਦੇ ਲਈ ਘਰ ਚਲਾਉਣਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਉਹ ਪਹਿਲਾਂ ਹੀ ਬਹੁਤ ਹੀ ਆਰਥਿਕ ਮੰਦੀ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ। ਬਸਪਾ ਆਗੂਆਂ ਨੇ ਡੀਸੀ ਜਲੰਧਰ ਰਾਹੀਂ ਮਾਣਯੋਗ ਰਾਸ਼ਟਰਪਤੀ ਨੂੰ ਭੇਜੇ ਮੈਮੋਰੰਡਮ ਵਿੱਚ ਕਿਹਾ ਕਿ ਪੇਂਡੂ ਲੋਕਾਂ ਦੀ ਰੁਜ਼ਗਾਰ ਗਰੰਟੀ ਸਕੀਮ ਨੂੰ ਖਤਮ ਨਾ ਕੀਤਾ ਜਾਵੇ, ਬਲਕਿ ਇਸ ਦੇ ਨਾਲ ਅਜਿਹੀ ਸਕੀਮ ਨੂੰ ਸ਼ਹਿਰੀ ਆਮ ਲੋਕਾਂ ਲਈ ਵੀ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿੱਥੇ ਪਹਿਲਾਂ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਸੀ, ਇਸ ਨੂੰ ਵਧਾ ਕੇ 300 ਦਿਨ ਕੀਤਾ ਜਾਵੇ। ਦਿਹਾੜੀ ਨੂੰ ਵਧਾ ਕੇ 700 ਰੁਪਇਆ ਪ੍ਰਤੀਦਿਨ ਕੀਤਾ ਜਾਵੇ। ਉਨ੍ਹਾਂ ਪੰਜਾਬ ਦੇ ਚੀਫ ਸੈਕਟਰੀ ਤੋਂ ਵੀ ਮੰਗ ਕੀਤੀ ਕਿ ਨਰੇਗਾ ਤਹਿਤ ਜਿਹੜੇ ਲੋਕ ਕੰਮ ਕਰ ਚੁੱਕੇ ਹਨ, ਉਨ੍ਹਾਂ ਦੀਆਂ ਦਿਹਾੜੀਆਂ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਜਗਦੀਸ਼ ਸ਼ੇਰਪੁਰੀ, ਜਿਲਾ ਪ੍ਰਧਾਨ ਸ਼ਹਿਰੀ ਸਲਵਿੰਦਰ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਖੁਸ਼ੀ ਰਾਮ, ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਰਾਜ ਕੁਮਾਰ, ਸੁਖਵਿੰਦਰ ਬਿੱਟੂ, ਸੁਸ਼ੀਲ ਬਿਰਦੀ, ਜਤਿੰਦਰ ਹੈਪੀ ਰੁੜਕਾ, ਮੰਗਲ ਸਿੰਘ ਮੈਂਟੀ, ਮਦਨ ਲਾਲ ਮੱਦੀ ਕੌਂਸਲਰ, ਵਿਜੈ ਯਾਦਵ, ਕੌਂਸਲਰ ਦਵਿੰਦਰ ਗੋਗਾ, ਸੂਰਤੀ ਲਾਲ ਭੋਗਪੁਰ, ਸ਼ਾਦੀ ਲਾਲ ਬੱਲਾਂ, ਚਮਨ ਲਾਲ ਘੋੜਾਵਾਹੀ, ਸ਼ਾਮ ਕਟਾਰੀਆ, ਅਸ਼ੋਕ ਸਈਪੁਰ, ਪੰਮੀ ਰੁੜਕਾ, ਹਰਜਿੰਦਰ ਕੋਟ ਕਲਾਂ, ਜਗਜੀਤ ਸਿੰਘ ਜੱਗਾ, ਨਰਿੰਦਰ ਕੋਟ ਕਲਾਂ, ਪਰਮਜੀਤ ਦਾਦੂਵਾਲ, ਗਿਆਨ ਚੰਦ ਕਰਤਾਰਪੁਰ, ਬਲਵਿੰਦਰ ਰਲ੍ਹ, ਰਣਜੀਤ ਕੁਮਾਰ, ਮਨਦੀਪ ਧੰਨੋਵਾਲੀ, ਗੋਪਾਲ ਢਿੱਲਵਾਂ ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


