ਮੋਰਿੰਡਾ, (ਸਮਾਜ ਵੀਕਲੀ) (ਪੱਤਰ ਪ੍ਰੇਰਕ): ਆਪਣੀਆਂ ਸ਼ਾਨਦਾਰ ਗਤੀਵਿਧੀਆਂ ਅਤੇ ਕਾਰਗੁਜ਼ਾਰੀਆਂ ਲਈ ਪ੍ਰਸਿੱਧ ਰੋਟਰੀ ਕਲੱਬ ਮੋਰਿੰਡਾ ਦੀ ਹਫਤਾਵਾਰ ਇਕੱਤਰਤਾ ਮੌਕੇ ਸਜਾਈ ਮਹਿਫਲ ਯਾਦਗਾਰੀ ਹੋ ਨਿੱਬੜੀ। ਕਰਾਊਨ ਹੋਟਲ ਮੋਰਿੰਡਾ ਵਿਖੇ ਡਾ. ਨਿਰਮਲ ਧੀਮਾਨ ਦੀ ਮੇਜ਼ਬਾਨੀ ਅਤੇ ਪ੍ਰਧਾਨ ਰਾਜ ਕੁਮਾਰ ਤੁਲਾਨੀ ਦੀ ਪ੍ਰਧਾਨਗੀ ਵਿੱਚ ਸਜੀ ਇਸ ਮਹਿਫਲ ਵਿੱਚ ਉਚੇਚੇ ਸੱਦੇ ‘ਤੇ ਪਹੁੰਚੇ ਲੋਕ ਫ਼ਨਕਾਰ ਰੋਮੀ ਘੜਾਮਾਂ ਨੇ ਇੱਕ ਤੋਂ ਇੱਕ ਗੀਤਾਂ, ਕਵਿਤਾਵਾਂ ਅਤੇ ਸ਼ੇਅਰੋ-ਸ਼ਾਇਰੀ ਨਾਲ਼ ਖੂਬ ਰੰਗ ਬੰਨ੍ਹਿਆ। ਮਹਿਫਲ ਦਾ ਹਾਸਲ ਕਿਹਾ ਜਾ ਸਕਦਾ ਹੈ ਕਿ ਹਰੇਕ ਪੇਸ਼ਕਾਰੀ ਤੋਂ ਬਾਅਦ ਸਰੋਤਿਆਂ ਵੱਲੋਂ ਤਸੱਲੀਬਖਸ਼ ਤੇ ਸਕਾਰਾਤਮਕ ਚਰਚਾ ਕੀਤੀ ਗਈ। ਵਿਸ਼ੇਸ਼ ਕਰਕੇ ਗੀਤ ‘ਪੁਆਧੀਆਂ ਕੇ ਕਿਆ ਕੈਹਣੇ’ ਤੋਂ ਬਾਅਦ ਪੁਆਧ ਖੇਤਰ, ਪੁਆਧੀ ਬੋਲੀ, ਭੂਗੋਲ, ਇਤਿਹਾਸਕ ਮਹੱਤਵ ਅਤੇ ਇਸਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੋਤੀਆਂ ਵਿੱਚ ਸਰੋਤਿਆਂ ਨੇ ਕਮਾਲ ਦੀ ਦਿਲਚਸਪੀ ਵਿਖਾਈ। ਡਾ. ਧੀਮਾਨ ਅਤੇ ਡਾ. ਗੁਰਪ੍ਰੀਤ ਸਿੰਘ ਮਾਵੀ ਦੀਆਂ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ਼ ਲਵਾਈਆਂ ਹਾਜਰੀਆਂ ਨੇ ਮਾਹੌਲ ਵਿੱਚ ਸੂਫੀਆਨਾ ਤੇ ਕਲਾਸੀਕਲ ਰੰਗ ਭਰੀ ਰੱਖਿਆ। ਕਰਨਲ ਮਲਕੀਅਤ ਸਿੰਘ ਸਾਬਕਾ ਪ੍ਰਧਾਨ ਦੁਆਰਾ ਪੇਸ਼ ਕੀਤੇ ਚੁਟਕਲੇ ਤੇ ਟੋਟਕੇ ਖਿੱਚ ਦਾ ਕੇਂਦਰ ਬਣੇ ਰਹੇ। ਯਸ਼ੂ ਸੂਦ ਖਜਾਨਚੀ, ਐਡਵੋਕਟ ਸਿਮਰਨਜੀਤ ਸਿੰਘ ਹੀਰਾ ਸਾਬਕਾ ਪ੍ਰਧਾਨ, ਅਵਤਾਰ ਸਿੰਘ ਏ.ਐੱਸ. ਸਾਬਕਾ ਪ੍ਰਧਾਨ, ਸੰਦੀਪ ਸਿੰਗਲਾ ਸਾਬਕਾ ਪ੍ਰਧਾਨ ਅਤੇ ਦਵਿੰਦਰ ਸਿੰਘ ਸਾਬਕਾ ਪ੍ਰਧਾਨ ਨੇ ਕਲੱਬ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲ਼ੇ ਕਾਰਜਾਂ ‘ਚ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਪੀੜਤਾਂ, ਇਹਨਾਂ ਨੂੰ ਸਮਰਪਿਤ ਸੰਸਥਾਵਾਂ ਦੇ ਸਹਿਯੋਗ ਅਤੇ ਖੇਡਾਂ ‘ਤੇ ਖਾਸ ਧਿਆਨ ਦੇਣ ਸਬੰਧੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਮੇਜ਼ਬਾਨ ਦੁਆਰਾ ਪ੍ਰਬੰਧ ਕੀਤੇ ਰਾਤ ਦੇ ਖਾਣੇ ਦਾ ਆਨੰਦ ਲੈਣ ਉਪਰੰਤ ਕਲੱਬ ਵੱਲੋਂ ਰੋਮੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly