ਹਸਪਤਾਲ ਬੈੱਡ ਤੇ ਵੀਲ੍ਹ ਚੇਅਰ ਖ਼ਰੀਦ ਕੇ ਬਣਾਇਆ ਇਸ ਦਾ ਬੈਂਕ
ਕਪੂਰਥਲਾ, 18 ਫਰਵਰੀ( ਕੌੜਾ )-ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਇਕ ਨਿਵੇਕਲਾ ਉੱਦਮ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰਾਹੁਲ ਆਨੰਦ, ਸਕੱਤਰ ਅੰਕੁਰ ਵਾਲੀਆ, ਸਾਬਕਾ ਜ਼ੋਨਲ ਚੇਅਰਮੈਨ ਸੁਕੇਸ਼ ਜੋਸ਼ੀ ਤੇ ਅਸਿਸਟੈਂਟ ਗਵਰਨਰ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਰੋਟਰੀ ਕਲੱਬ ਇਲੀਟ ਵਲੋਂ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਹਸਪਤਾਲਾਂ ਅੰਦਰ ਵਰਤੋਂ ਵਿਚ ਲਿਆਏ ਜਾਣ ਵਾਲੇ ਦੋ ਬੈੱਡ ਅਤੇ ਦੋ ਵੀਲ੍ਹ ਚੇਅਰ ਖ਼ਰੀਦ ਕੇ ਇਕ ਬੈਂਕ ਸਥਾਪਿਤ ਕੀਤਾ ਗਿਆ ਹੈ ਤੇ ਇਹ ਬੈੱਡ ਅਤੇ ਵੀਲ੍ਹ ਚੇਅਰ ਇਲਾਕੇ ਨਾਲ ਸਬੰਧਿਤ ਕੋਈ ਵੀ ਲੋੜਵੰਦ ਪਰਿਵਾਰ ਆਪਣੇ ਮਰੀਜ਼ ਦੀ ਦੇਖਭਾਲ ਲਈ ਆਪਣੇ ਘਰ ਬਿਨ੍ਹਾਂ ਕਿਸੇ ਖ਼ਰਚੇ ਤੋਂ ਲਿਜਾ ਸਕਦਾ ਹੈ | ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਗੰਭੀਰ ਬਿਮਾਰੀਆਂ ਨਾਲ ਸਬੰਧਿਤ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਵਿਚ ਇਲਾਜ ਦੌਰਾਨ ਹਸਪਤਾਲ ਵਾਲੇ ਬੈੱਡ ਦੀ ਜ਼ਰੂਰਤ ਪੈਂਦੀ ਹੈ ਤੇ ਉਸ ਸਮੇਂ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਹੱਲ ਕਰਦੇ ਹੋਏ ਕਲੱਬ ਵਲੋਂ ਇਹ ਕਾਰਜ ਕੀਤਾ ਗਿਆ ਹੈ | ਬੈੱਡ ਅਤੇ ਵੀਲ੍ਹ ਚੇਅਰ ਲੋੜ ਪੈਣ ‘ਤੇ ਲਿਜ਼ਾਣ ਵਾਲਾ ਪਰਿਵਾਰ ਆਪਣੀ ਲੋੜ ਪੂਰੀ ਹੋਣ ਉਪਰੰਤ ਇਹ ਬੈੱਡ ਅਤੇ ਵੀਲ੍ਹ ਚੇਅਰ ਕਲੱਬ ਨੂੰ ਵਾਪਸ ਕਰੇਗਾ, ਜਿਸ ਨੂੰ ਦੁਬਾਰਾ ਫਿਰ ਲੋੜ ਪੈਣ ‘ਤੇ ਕਿਸੇ ਹੋਰ ਲੋੜਵੰਦ ਮਰੀਜ਼ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਸ ਦਾ ਕੋਈ ਵੀ ਪੈਸਾ ਕਿਸੇ ਮਰੀਜ਼ ਪਾਸੋਂ ਨਹੀਂ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋੜਵੰਦ ਵਿਅਕਤੀ 98145-09109, 97793-11711 ਅਤੇ 81465-21318 ਆਦਿ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly