ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦਾ ਇਕ ਸਮਾਗਮ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਦੀ ਪ੍ਰਧਾਨਗੀ ਵਿੱਚ ਮੁਹੱਲਾ ਰਮੇਸ਼ ਨਗਰ, ਨਜ਼ਦੀਕ ਬਾਲ ਕ੍ਰਿਸ਼ਨ ਰੋਡ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੇਜਰ ਰਮੇਸ਼ ਚੰਦਰ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ ਸ਼ਹਾਦਤ 1965 ਦੀ ਭਾਰਤ-ਚੀਨ ਦੀ ਜੰਗ ਵਿੱਚ ਹੋਈ ਸੀ। ਉਨ੍ਹਾਂ ਦੇ ਨਾਮ ਤੇ ਇਸ ਮੁਹੱਲੇ ਦਾ ਨਾਮ ਰਮੇਸ਼ ਨਗਰ ਰੱਖਿਆ ਗਿਆ। ਸ਼ਹੀਦ ਰਮੇਸ਼ ਚੰਦਰ ਦੀ ਭੈਣ ਸ਼੍ਰੀਮਤੀ ਸੰਗੀਤਾ ਰਾਣੀ ਮਹਿਤਾ ਨੇ ਉਨ੍ਹਾਂ ਦੀ ਯਾਦ ਵਿੱਚ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਮੈਂਬਰਾ ਨੂੰ 5100/- ਰੁਪਏ ਦਾ ਚੈਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੋਟਰੀ ਮਿਡ ਟਾਊਨ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ‘ਗਿਫਟ ਆਫ ਸਾਈਟ` ਵਿੱਚ ਉਹ ਛੋਟਾ ਜਿਹਾ ਸਹਿਯੋਗ ਦੇ ਰਹੀ ਹੈ ਜਿਸ ਨਾਲ ਕਿਸੀ ਵੀ ਅੱਖਾਂ ਤੋਂ ਪੀੜ੍ਹਿਤ ਵਿਅਕਤੀ ਦਾ ਕੋਰਨੀਆ ਟਰਾਂਸਪਲਾਂਟ ਕਰਵਾਇਆ ਜਾ ਸਕੇ। ਸ਼੍ਰੀਮਤੀ ਸੰਗੀਤਾ ਮਹਿਤਾ ਨੇ ਕਿਹਾ ਕਿ ਉਹ ਹਰ ਸਾਲ ਆਪਣੇ ਸ਼ਹੀਦ ਭਰਾ ਦੀ ਯਾਦ ਵਿੱਚ ਰੋਟਰੀ ਮਿਡ ਟਾਊਨ ਦੇ ਪ੍ਰੋਜੈਕਟ ਵਿੱਚ ਇਕ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਲਈ ਸਹਿਯੋਗ ਦੇਣਗੇ ਅਤੇ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਮਨੋਜ ਓਹਰੀ ਨੇ ਕਿਹਾ ਕਿ ਹੁਣ ਤੱਕ 460 ਤੋਂ ਵੱਧ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕਰਨ ਵਿੱਚ ਸਹਿਯੋਗ ਕੀਤਾ ਜਾ ਚੁੱਕਿਆ ਹੈ ਅਤੇ ਇਸ ਉਪਰ ਆਉਣ ਵਾਲਾ ਸਾਰਾ ਖਰਚ ਰੋਟਰੀ ਮਿਡ ਟਾਊਨ ਵਲੋਂ ਕੀਤਾ ਜਾਂਦਾ ਹੈ। ਮਰੀਜ਼ ਨੂੰ ਦਵਾਈਆਂ ਅਤੇ ਆਪ੍ਰੇਸ਼ਨ ਸਭ ਕੁਝ ਮੁਫਤ ਕਰਵਾਇਆ ਜਾਂਦਾ ਹੈ। ਇਸ ਮੌਕੇ ਤੇ ਕਲੱਬ ਵੱਲੋਂ ਉਨ੍ਹਾਂ ਨੂੰ ਸ਼ਾਲ ਅਤੇ ਪ੍ਰਸ਼ੇਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਮੇਸ਼ ਨਗਰ ਕੌਂਸਲਰ ਸ਼੍ਰੀਮਤੀ ਮੀਨੂ ਸ਼ਰਮਾ, ਆਸ਼ੂ ਸ਼ਰਮਾ, ਇੰਦਰਪਾਲ ਸਚਦੇਵਾ, ਜਸਵੰਤ ਸਿੰਘ ਭੋਗਲ, ਜਤਿੰਦਰ ਕੁਮਾਰ ਅਤੇ ਮੁਹੱਲਾ ਨਿਵਾਸੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly