(ਸਮਾਜ ਵੀਕਲੀ)
ਤੋੜ ਕੇ ਮੈਨੂੰ ਡਾਲੀ ਨਾਲੋਂ ਹਾਰ ਬਣਾ ਤੂੰ ਲੈਂਦਾ ਹੈ,
ਬੰਦਿਆਂ ਮੈਥੋਂ ਜੀਣ ਦਾ ਹੱਕ ਕਿਉਂ ਤੂੰ ਖੋ ਲੈਂਦਾ ਹੈ?
ਆਪਣੇ ਸਵਾਰਥ ਲਈ… ਸਦਾ ਹੀ ਮੈਨੂੰ ਵਰਤੇ,
ਕਦੀ ਸੈਂਟ,ਕਦੀ ਜਲ ਤੇ ਗੁਲਕੰਦ ਬਣਾ ਲੈਂਦਾ ਹੈ।
ਮੇਰੀਆਂ ਭਾਵਨਾਵਾਂ ਨੂੰ ਵੀ ਸਮਝ ਕੇ ਤਾਂ ਵੇਖ…
ਕਿਉਂ ਸਦਾ ਹੀ ਮੈਨੂੰ ਖਾਣ ਦੀ ਕਾਹਲ ਕਰ ਲੈਂਦਾ ਹੈ।
ਮੇਰਾ ਸੱਚਾ ਇਸ਼ਕ-ਇਬਾਦਤ ਹੈ ਨਾਲ਼ ਟਾਹਣੀ ਦੇ,
ਮੇਰੀ ਇਸ ਇਬਾਦਤ ਵਿੱਚ ਖਲਲ ਤੂੰ ਕਿਉਂ ਪਾ ਲੈਂਦਾ ਹੈ?
ਸੋਹਣਾ ਰੰਗ ਤੇ ਗੁੰਦਵਾਂ ਸਰੀਰ ਹੋਂਦ ਵਿੱਚ ਆਇਆ ਹੈ,
ਤੋੜ ਕੇ ਪੱਤੀ-ਪੱਤੀ ਮੇਰੀ ਮਨ ਮੁਸਕਰਾ ਤੂੰ ਕਰ ਲੈਂਦਾ ਹੈ।
ਮੇਰੀਆਂ ਪੀੜਾਂ ਮੈਂ ਹੀ ਜਾਣਾ, ਖੁਸ਼ੀਆਂ ਸਭ ਨੂੰ ਦਿੰਦਾ ਹਾਂ,
ਚਾਰ ਦਿਨਾਂ ਦੀ ਜ਼ਿੰਦਗੀ ਮੇਰੀ ਕਿਉਂ ਤੂੰ ਖੋਹ ਲੈਂਦਾ ਹੈ?
ਤੂੰ ਤੇ ਮੈਂ.. ਦੋਵੇਂ ਕਾਦਰ ਦੀ ਹੀ ਕਲਾਕ੍ਰਿਤ ਸਾਜੀ ਹੈ,
ਚੰਗੀ ਸੋਚ ਦਾ ਮਾਲਕ ਇੱਕ ਦੂਜੇ ਦਾ ਸਾਥ ਦੇ ਲੈਂਦਾ ਹੈ।
ਮਿਲਕੇ ਬਣਾਈਏ ਸਵਰਗ ਧਰਤ ਪਿਆਰੀ ਨੂੰ,
ਇਹ ਸਾਂਝਾ ਦਾ ਰੈਣ ਬਸੇਰਾ ਕਿਉਂ ਨਹੀਂ ਬਣਾ ਲੈਂਦਾ ਹੈ।
ਪਰਵੀਨ ਕੌਰ ਸਿੱਧੂ