ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਵਾਸੀਆਂ ਤੱਕ ਸਵੱਛਤਾ ਅਤੇ ਵਾਤਾਵਰਣ ਦੀ ਸੰਭਾਲ ਦਾ ਸੱਦਾ ਪਹੁੰਚਾਉਣ ਦੇ ਮੰਤਵ ਨਾਲ ਰੂਡਸੈਟ ਸੰਸਥਾ ਵੱਲੋਂ ‘ਸਵੱਛਤਾ ਹੀ ਸੇਵਾ ਅਭਿਆਨ-2024’ ਤਹਿਤ ਮਾਡਲ ਹਾਊਸ ਵਿਖੇ ਸਵੱਛਤਾ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਮਾਡਲ ਹਾਊਸ ਪਾਰਕ, ਥਾਣਾ ਭਾਰਗਵ ਕੈਂਪ ਅਤੇ ਸ਼ਹੀਦ ਕੈਪਟਨ ਮਨਦੀਪ ਸਿੰਘ ਸਰਕਾਰੀ ਸਕੂਲ ਵਿਖੇ ਬੂਟੇ ਲਗਾਏ ਗਏ। ਸਵੱਛਤਾ ਜਾਗਰੂਕਤਾ ਰੈਲੀ ਦੀ ਅਗਵਾਈ ਕੈਨਰਾ ਬੈਂਕ ਦੇ ਏ.ਜੀ.ਐਮ. ਵਿਸ਼ਵਜੀਤ ਸਿੰਘ ਰਘੂਵੰਸ਼ੀ ਅਤੇ ਰੂਡਸੈਟ ਇੰਸਟੀਚਿਊਟ ਦੇ ਡਾਇਰੈਕਟਰ ਸੰਜੀਵ ਕੁਮਾਰ ਚੌਹਾਨ ਵੱਲੋਂ ਕੀਤੀ ਗਈ। ਡਾਇਰੈਕਟਰ ਰੂਡਸੈਟ ਨੇ ਦੱਸਿਆ ਕਿ ‘ਸਵੱਛ ਭਾਰਤ ਮਿਸ਼ਨ’ ਦੇ 10 ਸਾਲ ਪੂਰੇ ਹੋਣ ’ਤੇ ਸਵੱਛਤਾ ਹੀ ਸੇਵਾ ਅਭਿਆਨ-2024 ਤਹਿਤ ਇਹ ਜਾਗਰੂਕਤਾ ਰੈਲੀ ਕੱਢੀ ਗਈ ਹੈ, ਜਿਸ ਦੌਰਾਨ ‘ਕੁਦਰਤ ਸਵੱਛਤਾ-ਸੰਸਕਾਰ ਸਵੱਛਤਾ’ ਵਿਸ਼ੇ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸੂਬੇ ਅਤੇ ਦੇਸ਼ ਨੂੰ ਸਾਫ-ਸੁਥਰਾ ਰੱਖਣ ਲਈ ਸ਼ੁਰੂ ਕੀਤੇ ਗਏ ਸਵੱਛਤਾ ਅਭਿਆਨ ਨਾਲ ਵੱਧ ਤੋਂ ਵੱਧ ਜੁੜਨ ਦਾ ਸੱਦਾ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਨਹਿਰੂ ਯੁਵਾ ਕੇਂਦਰ ਜਲੰਧਰ ਦੀ ਜ਼ਿਲ੍ਹਾ ਯੁਵਾ ਅਫ਼ਸਰ ਨੇਹਾ ਸ਼ਰਮਾ ਨੇ ਨੌਜਵਾਨਾਂ ਨੂੰ ਸਵੱਛਤਾ ਅਭਿਆਨ ਵਿੱਚ ਵੱਧ ਚੜ੍ਹਕੇ ਸ਼ਿਰਕਤ ਕਰਨ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਸਵੱਛ ਭਾਰਤ ਅਭਿਆਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਇਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਦਿਆਂ ਸਫਾਈ ਕਰਮਚਾਰੀਆਂ ਦਾ ਸਤਿਕਾਰ ਕਰਨ ਲਈ ਵੀ ਕਿਹਾ।
ਸਵੱਛਤਾ ਰੈਲੀ ਦੌਰਾਨ ਸ਼ਹੀਦ ਕੈਪਟਨ ਮਨਦੀਪ ਸਿੰਘ ਸਰਕਾਰੀ ਸਕੂਲ ਭਗਵਾਨਪੁਰ ਦੀ ਪ੍ਰਿੰਸੀਪਲ ਪੂਨਮ ਪੁਰੀ ਨੇ ਵੀ ਸਵੱਛਤਾ ਅਭਿਆਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਂਦਿਆਂ ਇਕ ਰੁੱਖ ਜ਼ਰੂਰ ਲਾਉਣ ਅਤੇ ਉਸ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੀਨੀਅਰ ਫੈਕਲਟੀ ਪਰਗਟ ਸਿੰਘ ਨੇ ਸਵੱਛਤਾ ਦਾ ਹੋਕਾ ਦਿੰਦਿਆਂ ਵਿਦਿਆਰਥੀਆਂ ਨੂੰ ਰੂਡਸੈਟ ਸੰਸਥਾ ਵਿਖੇ ਸ਼ੁਰੂ ਕੀਤੇ ਜਾ ਰਹੇ ਵੱਖ-ਵੱਖ ਮੁਫ਼ਤ ਸਿਖਲਾਈ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕੈਨਰਾ ਬੈਂਕ ਭਗਵਾਨਪੁਰ ਦੇ ਮੈਨੇਜਰ ਗਗਨ ਜਿੰਦਲ, ਮੈਡਮ ਮੀਨਲ, ਮੈਡਮ ਦੀਪਿਕਾ, ਅਰਸ਼ਦੀਪ, ਪੰਕਜ ਦਾਸ, ਵਿਸ਼ਾਲ ਅਤੇ ਸਿਖਿਆਰਥੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly