ਰੋਨਾ ਵਿਲਸਨ ਦੇ ਫੋਨ ’ਚ ਪੈਗਾਸਸ ਸਪਾਈਵੇਅਰ ਹੋਣ ਦਾ ਖੁਲਾਸਾ

ਮੁੰਬਈ (ਸਮਾਜ ਵੀਕਲੀ):  ਇੱਕ ਨਵੇਂ ਫੋਰੈਂਸਿਕ ਵਿਸ਼ਲੇਸ਼ਣ ’ਚ ਕਿਹਾ ਗਿਆ ਹੈ ਕਿ ਸਮਾਜਿਕ ਕਾਰਕੁਨ ਰੋਨਾ ਵਿਲਸਨ ਦੀ ਐਲਗਾਰ ਪ੍ਰੀਸ਼ਦ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਇੱਕ ਸਾਲ ਪਹਿਲਾਂ ਉਸ ਦੇ ਸਮਾਰਟ ਫੋਨ ’ਚ ਐੱਨਐੱਸਓ ਗਰੁੱਪ ਦਾ ਪੈਗਾਸਸ ਸਪਾਈਵੇਅਰ ਮੌਜੂਦ ਸੀ। ਵਿਸ਼ਲੇਸ਼ਣ ਅਨੁਸਾਰ ਕੈਦੀਆਂ ਦੇ ਹੱਕਾਂ ਸਬੰਧੀ ਕਾਰਕੁਨ ਵਿਲਸਨ ਜੂਨ 2018 ’ਚ ਆਪਣੀ ਗ੍ਰਿਫ਼ਤਾਰੀ ਤੋਂ ਤਕਰੀਬਨ ਸਾਲ ਪਹਿਲਾਂ ਨਿਗਰਾਨੀ ਤੇ ਅਪਰਾਧਿਕ ਦਸਤਾਵੇਜ਼ ਤਿਆਰ ਕੀਤੇ ਜਾਣ ਦਾ ਸ਼ਿਕਾਰ ਸੀ। ਡਿਜੀਟਲ ਫੋਰੈਂਸਿਕ ਕੰਪਨੀ ਆਰਸਨਲ ਕੰਸਲਟਿੰਗ ਨੇ ਕਿਹਾ ਕਿ ਵਿਲਸਨ ਦੇ ਐਪਲ ਫੋਨ ਨੂੰ ਇਜ਼ਰਾਇਲੀ ਐੱਨਐੱਸਓ ਗਰੁੱਪ ਦੇ ਇੱਕ ਗਾਹਕ ਵੱਲੋਂ ਨਿਗਰਾਨੀ ਲਈ ਚੁਣਿਆ ਗਿਆ।

ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਵਿਲਸਨ ਦੇ ਆਈਫੋਨ 6ਐੱਸ ਦੇ ਦੋ ਬੈਕਅੱਪ ’ਚ ਡਿਜੀਟਲ ਨਿਸ਼ਾਨ ਸਨ ਜੋ ਪੈਗਾਸਸ ਨਿਗਰਾਨੀ ਟੂਲ ਤੋਂ ਪ੍ਰਭਾਵਿਤ ਦਿਖਾਈ ਦੇ ਰਹੇ ਸਨ। ਪੈਗਾਸਸ ਤਿਆਰ ਕਰਨ ਵਾਲੀ ਇਜ਼ਰਾਇਲੀ ਸਾਈਬਰ ਸੁਰੱਖਿਆ ਕੰਪਨੀ ਐੱਨਐੱਸਓ ਗਰੁੱਪ ਨੇ ਕਿਹਾ ਹੈ ਕਿ ਸਿਰਫ਼ ਸਰਕਾਰੀ ਏਜੰਸੀਆਂ ਨੂੰ ਹੀ ਲਾਇਸੈਂਸ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਨਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਐੱਨਐੱਸਓ ਗਰੁੱਪ ਦੀ ਗਾਹਕ ਹੈ। ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀਯੂਸੀਐੱਲ) ਦੇ ਕੌਮੀ ਜਨਰਲ ਸਕੱਤਰ ਵੀ ਸੁਰੇਸ਼ ਨੇ ਕਿਹਾ ਕਿ ਨਵੇਂ ਨਤੀਜੇ ਇਸ ਮਾਮਲੇ ’ਚ ਪੁਖ਼ਤਾ ਸਬੂਤ ਪੇਸ਼ ਕਰਦੇ ਹਨ। ਉਨ੍ਹਾਂ ਪੀਟੀਆਈ ਨੂੰ ਕਿਹਾ, ‘ਹੁਣ ਠੋਸ ਸਬੂਤ ਹਨ। ਅਸੀਂ ਨਵੀਂ ਤਰ੍ਹਾਂ ਦੇ ਇਲੈਕਟ੍ਰੌਨਿਕ ਸਬੂਤਾਂ ਦੇ ਆਧਾਰ ’ਤੇ ਇਨ੍ਹਾਂ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਲਈ ਸਾਰੀਆਂ ਕਾਨੂੰਨੀ ਸੰਭਾਵਨਾਵਾਂ ਦੇਖ ਰਹੇ ਹਾਂ।’

ਪੀਯੂਸੀਐੱਲ ਤੇ ਮੁੰਬਈ ਰਾਈਜ਼ਿੰਗ ਟੂ ਸੇਵ ਡੈਮੋਕਰੈਸੀ (ਐੱਮਆਰਐੱਸਡੀ) ਨੇ ਕਿਹਾ ਕਿ ਨਵੀਂ ਫੋਰੈਂਸਿਕ ਰਿਪੋਰਟ ਪੁਸ਼ਟੀ ਕਰਦੀ ਹੈ ਕਿ ਭੀਮਾ ਕੋਰੇਗਾਓਂ ਮਾਮਲੇ ’ਚ ਮੁੱਖ ਮੁਲਜ਼ਮ ਰੋਨਾ ਵਿਲਸਨ ’ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਪੈਗਾਸਸ ਵੱਲੋਂ ਹਮਲਾ ਕੀਤਾ ਗਿਆ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਭੀਮਾ-ਕੋਰੇਗਾਓਂ ਮਾਮਲੇ ’ਚ ਬਚਾਅ ਪੱਖ ਦੇ ਵਕੀਲਾਂ ਦੀ ਮਦਦ ਕਰਨ ਵਾਲੀ ਬੋਸਟਨ ਦੀ ਫੋਰੈਂਸਿਕ ਜਾਂਚ ਕੰਪਨੀ ਆਰਸਨਲ ਕੰਸਲਟਿੰਗ ਤੇ ਐਮਨੈਸਟੀ ਟੈੱਕ ਸਿਕਿਓਰਿਟੀ ਲੈਬ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੁਲਜ਼ਮਾਂ ’ਚੋਂ ਇੱਕ ਰੋਨਾ ਵਿਲਸਨ ਦੇ ਆਈਫੋਨ ’ਤੇ ਪੈਗਾਸਸ ਸਪਾਈਵੇਅਰ ਰਾਹੀਂ ਕਈ ਵਾਰ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹੀ ਕੰਮ ਇੱਕ ਹੋਰ ਮੁਲਜ਼ਮ ਸੁਰਿੰਦਰ ਗੈਡਲਿੰਗ ਦੇ ਕੰਪਿਊਟਰ ਨਾਲ ਕੀਤਾ ਗਿਆ ਸੀ।

ਆਰਸਨਲ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਵਿਲਸਨ ਤੇ ਗੈਡਲਿੰਗ ’ਚੋਂ ਕਿਸੇ ਨੇ ਵੀ ਇਨ੍ਹਾਂ ਫਾਈਲਾਂ ਨੂੰ ਕਦੀ ਨਹੀਂ ਖੋਲ੍ਹਿਆ ਸੀ। ਪੀਯੂਸੀਐੱਲ ਨੇ ਦੋਸ਼ ਲਾਇਆ ਕਿ ਭੀਮਾ-ਕੋਰੇਗਾਓਂ ਮਾਮਲੇ ’ਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ 16 ਮੁੱਖ ਕਾਰਕੁਨ, ਵਕੀਲ, ਬੁੱਧੀਜੀਵੀ ਤੇ ਕਲਾਕਾਰ ਤਿੰਨ ਸਾਲਾਂ ਤੋਂ ਬਿਨਾਂ ਕਿਸੇ ਸੁਣਵਾਈ ਦੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਤਹਿਤ ਜੇਲ੍ਹ ’ਚ ਬੰਦ ਹਨ। ਉਨ੍ਹਾਂ ਕਿਹਾ ਕਿ ਵਿਲਸਨ ਦੇ ਆਈਫੋਨ ’ਤੇ ਪਹਿਲਾ ਪੈਗਾਸਸ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਦੇ ਇਜ਼ਰਾਈਲ ਦੌਰੇ ਦੇ ਦੂਜੇ ਦਿਨ ਹੋਇਆ ਸੀ ਜਿੱਥੇ ਪੈਗਾਸਸ ਬਣਾਉਣ ਵਾਲੀ ਐੱਨਐੱਸਓ ਗਰੁੱਪ ਕੰਪਨੀ ਦਾ ਹੈੱਡਕੁਆਰਟਰ ਹੈ। ਕੀ ਇਹ ਸਿਰਫ਼ ਇਤਫਾਕ ਸੀ?

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਚੋਣ ਸੁਧਾਰਾਂ ਬਾਰੇ ਚੋਣ ਕਮਿਸ਼ਨ ਨਾਲ ਗੈਰ-ਰਸਮੀ ਗੱਲਬਾਤ
Next articleਮੋਦੀ ਨੇ ਸੱਤ ਸਾਲ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ: ਸ਼ਾਹ