ਕਿਹਾ– ਮਾਨਸੂਨ ਆਉਣ ਤੋਂ ਪਹਿਲਾਂ ਸਰਕਾਰ ਨੇ ਨਹੀਂ ਚੁੱਕੇ ਪੁਖਤਾ ਕਦਮ, ਮੁਸੀਬਤ ‘ਚ ਹਨ ਪੰਜਾਬ ਦੇ ਲੋਕ
ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) “ਰੋਮ ਜਲ ਰਾਹ ਥਾ ਨੀਰੂ ਬੰਸਰੀ ਵਜਾ ਰਹਾ ਥਾ” ਇਹ ਕਹਾਵਤ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਨਬਿੰਨ ਢੁਕਦੀ ਹੈ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ। ਸ੍ਰੀ ਬਾਵਾ ਨੇ ਕਿਹਾ ਕਿ ਪੰਜਾਬ ਡੁੱਬ ਰਿਹਾ ਹੈ। ਮੁੱਖ ਮੰਤਰੀ ਦੂਜੇ ਸੂਬੇ ਤਾਮਿਲਨਾਡੂ ‘ਚ ਜਾ ਕੇ ਇਡਲੀ ਡੋਸਾ ਖਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਲਈ ਕਿੰਨੀ ਸੰਜ਼ੀਦਗੀ ਨਾਲ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਸਾਲ ਲੋਕ ਹੜਾਂ ਵਿੱਚ ਡੁੱਬ ਰਹੇ ਸਨ ਤਾਂ ਮਾਨ ਸਾਹਿਬ ਮੁਰਗੀ, ਡੰਗਰ-ਵੱਛੇ, ਕੱਦੂ ਦੁਬਾਰਾ ਕਰਨ ਦਾ ਮੁਆਵਜਾ ਦੇਣ ਦੇ ਲੱਛੇਦਾਰ ਭਾਸ਼ਣ ਰਾਹੀਂ ਵਾਅਦੇ ਕਰ ਰਹੇ ਸਨ। ਕੀ ਉਹ ਸਭ ਪੂਰੇ ਹੋਏ..? ਸਰਕਾਰ ਪੰਜਾਬੀਆਂ ਨੂੰ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਮਾਨਸੂਨ ਆਉਣ ਤੋਂ ਪਹਿਲਾਂ ਕੋਈ ਵੀ ਪੁਖਤਾ ਨਹੀਂ ਕੀਤੇ ਸਨ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪਿੰਡਾਂ ਦੇ ਪਿੰਡ ਰੁੜ ਰਹੇ ਹਨ। ਪੰਜਾਬ ਸਰਕਾਰ ਦਾ ਹੈਲੀਕਾਪਟਰ ਕੁਝ ਘੰਟਿਆਂ ਲਈ ਲੋਕਾਂ ਦੇ ਹਵਾਲੇ ਕਰਕੇ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਮੁੱਖ ਮੰਤਰੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਵਾ ਨੇ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਵਿਸ਼ਾਲ ਹਿਰਦੇ ਦਾ ਮਾਲਕ ਹੋਵੇ। ਕਹਿਣੀ ਅਤੇ ਕਰਨੀ ਦਾ ਪੂਰਾ ਹੋਵੇ। ਜਿਸ ਦੇ ਦਿਲ ਵਿੱਚ ਸਚਾਈ, ਸਾਦਗੀ, ਸਹਿਜ, ਦਇਆ ਦੀ ਭਾਵਨਾ ਹੋਵੇ। ਜੋ ਹਰ ਇੱਕ ਨੂੰ ਗਲੇ ਲਗਾਏ। ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝੇ, ਮਜ਼ਾਕ ਨਾ ਕਰੇ।



