ਧੁੰਦ ਦੇ ਮੱਦੇਨਜ਼ਰ ਸੜਕਾਂ ਨੂੰ ਹਾਦਸਾ-ਰਹਿਤ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ – ਰਾਜੇਸ਼ ਧੀਮਾਨ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਰੋਡ ਸੇਫਟੀ ਕਮੇਟੀ ਦੀ ਹੋਈ ਮੀਟਿੰਗ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਬਣਦੇ ‘ਬਲਾਇੰਡ ਸਪਾਟ’ ਤੁਰੰਤ ਠੀਕ ਕੀਤੇ ਜਾਣ, ਤਾਂ ਜੋ ਹਾਦਸਿਆਂ ਕਰਕੇ ਕੀਮਤੀ ਮਨੁੱਖੀ ਜਾਨਾਂ ਅਜਾਈਂ ਨਾ ਜਾਣ। ਅੱਜ ਇਥੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਲੋਕਾਂ ਨੂੰ ਆਵਾਜਾਈ ਲਈ ਸੁਰੱਖਿਅਤ ਸੜਕਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਧੁੰਦ ਦੇ ਮੱਦੇਨਜ਼ਰ ਬਲਾਇੰਡ ਸਪਾਟ ਠੀਕ ਕਰਨ ਦੇ ਨਾਲ-ਨਾਲ ਸੜਕਾਂ ਕਿਨਾਰੇ ਚਿੱਟੀ ਪੱਟੀ, ਕੈਟ ਆਈ ਰਿਫਲੈਕਟਰ, ਝੰਡੇ ਲਗਾਉਣ ਸਮੇਤ  ਸਾਈਕਲਾਂ, ਰੇਹੜੀਆਂ ਤੇ ਟਰਾਲੀਆਂ ਦੇ ਪਿਛਲੇ ਪਾਸੇ ਰਿਫਲੈਕਟਰ ਜ਼ਰੂਰ ਲਗਾਏ ਜਾਣ ਅਤੇ ਸੜਕਾਂ ਦੇ ਕਿਨਾਰੇ ਖੜ੍ਹੇ ਦਰੱਖ਼ਤਾਂ ਦੀਆਂ ਟਾਹਣੀਆਂ ਛਾਂਗੀਆਂ ਜਾਣ। ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਦੋਪਹੀਆ ਵਾਹਨਾਂ ‘ਤੇ ਸਾਈਡ ਮਿਰਰ ਵੀ ਲਗਾਏ ਜਾਣੇ ਯਕੀਨੀ ਬਣਾਏ ਜਾਣ। ਇਸ ਤੋਂ ਬਿਲਾਵਾ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਨਗਰ ਕੌਂਸਲਾਂ ਤੇ ਹੋਰ ਸਬੰਧਿਤ ਵਿਭਾਗਾਂ ਨੂੰ ਸੜਕਾਂ ਦੇ ਕਿਨਾਰੇ ਕੀਤੇ ਨਾਜਾਇਜ਼ ਕਬਜ਼ੇ ਵੀ ਛੁਡਵਾਉਣ ਲਈ ਕਿਹਾ ਗਿਆ।
ਉਨ੍ਹਾਂ ਲੋਕਾਂ ਨੂੰ ਸੜਕੀ ਨੇਮਾਂ ਬਾਰੇ ਜਾਗਰੂਕ ਕਰਨ ਸਮੇਤ ਪੰਜਾਬ ਸਰਕਾਰ ਦੀ ਫ਼ਰਿਸ਼ਤੇ ਸਕੀਮ, ਜਿਸ ‘ਚ ਸੜਕ ਹਾਦਸੇ ‘ਚ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਦਾ ਸਨਮਾਨ ਕੀਤਾ ਜਾਂਦਾ ਹੈ, ਬਾਰੇ ਵੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿਚ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਸਮੇਤ ਨਾਬਾਲਗਾਂ ਵੱਲੋਂ ਡਰਾਈਵਿੰਗ ਕਰਨ ਵਿਰੁੱਧ ਵੀ ਸਖ਼ਤੀ ਵਰਤਣ ਦੇ ਵੀ ਨਿਰਦੇਸ਼ ਦਿੱਤੇ। ਇਸ ਦੌਰਾਨ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਵੱਲੋਂ ਸੜਕਾਂ ਨੂੰ ਸੁਰੱਖਿਅਤ ਕਰਨ ਸਬੰਧੀ ਆਪਣੇ ਵਡਮੁੱਲੇ ਸੁਝਾਅ ਵੀ ਦਿੱਤੇ ਗਏ।   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਡੀ.ਐਸ.ਪੀ ਸੁਰਿੰਦਰ ਚਾਂਦ, ਤਹਿਸੀਲਦਾਰ ਨਵਾਂਸ਼ਹਿਰ ਪ੍ਰਵੀਨ ਛਿੱਬਰ, ਤਹਿਸੀਲਦਾਰ ਬੰਗਾ ਰਮਨਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
Next articleਆਂਵਲੇ ਦੇ ਬੇਮਿਸਾਲ ਫਾਇਦੇ: ਕੁਦਰਤ ਦਾ ਸੁਪਰਫਰੂਟ ਆਂਵਲਾ