(ਸਮਾਜ ਵੀਕਲੀ)
ਤੇਰੇ ਸ਼ਹਿਰ ਦੀਆਂ ਸੋਹਣੀਆਂ ਸੜਕਾਂ,
ਦਿਲ ਨੂੰ ਜਾਂਦਾਂ ਰਾਹ ਨਹੀਂ ਏ।
ਕੰਕਰੀਟ ਦੇ ਜੰਗਲ ਉੱਗੇ,
ਠੰਡੀ ਬਿਰਖ ਦੀ ਛਾਂ ਨਹੀਂ ਏ।
ਜਗ ਮਗ ਜਗ ਮਗ, ਸ਼ੋਰ ਸ਼ਰਾਬਾ,
ਸ਼ਾਂਤ ਜਿਹੀ ਕੋਈ ਥਾਂ ਨਹੀਂ ਏ।
ਸੰਗਮਰਮਰ ਨਾਲ ਜੜੇ ਚੌਂਤਰੇ,
ਸੁਬਕ,ਮਲੂਕ ਪਨਾਹ ਨਹੀਂ ਏ।
ਚੋਰ,ਧਾੜਵੀ ਧਰਮ ਦੇ ਰਾਖੇ,
ਰੱਬ ਦੀ ਕੋਈ ਥਾਂ ਨਹੀਂ ਏ।
ਅੱਕੀ ਥੱਕੀ ਖ਼ਲਕਤ ਫਿਰਦੀ,
ਤਾਜ਼ਗੀ ਮੁੱਖ ਰਵ੍ਹਾਂ ਨਹੀਂ ਏ।
ਝੂਠੀ ਮੂਠੀ ਮਨ ਪਰਚਾਉਂਦੇ,
ਰੂਹ ਦੇ ਵਿੱਚ ਟਿਕਾਅ ਨਹੀਂ ਏ।
ਰੱਜਿਆਂ ਨੂੰ ਨਹੀਂ ਰੱਜ ਆ ਰਿਹਾ,
ਭੁੱਖਿਆਂ ਦਾ ਕੋਈ ਖ਼ੁਦਾ ਨਹੀਂ ਏ।
ਤੇਰੇ ਸ਼ਹਿਰ ਦੀਆਂ ਸੋਹਣੀਆਂ ਸੜਕਾਂ,
ਦਿਲ ਨੂੰ ਜਾਂਦਾਂ ਰਾਹ ਨਹੀਂ ਏ।
ਸਤਨਾਮ ਕੌਰ ਤੁਗਲਵਾਲਾ