ਜਦ ਵੀ ਦਰਿਆ ਚੜਿਆ ਪੰਜਾਬ ਦਾ , (ਸਮਾਜਵੀਕਲੀ)
ਜੋ ਵੀ ਅੜਿਆ ਵਹਾ ਲੈ ਗਿਆ
ਕੌਮ ਦਹਾੜੀ ਜਦ ਜਦ ਵੀ ਸ਼ੇਰਾਂ ਦੀ
ਪੂਛ ਹਾਕਮ ਦਵਾ ਬਹਿ ਗਿਆ
ਜਦ ਵੀ ਦਰਿਆ ਚੜਿਆ ਪੰਜਾਬ ਦਾ———-
ਕਿਰਤੀ ਪੰਜਾਬੀ ਸਭ ਪਾਕਿ ਦਿਲ ਦੇ
ਨਾ ਬੇ-ਇਮਾਨ, ਨਾ ਹੀ ਬਦਖੋਰ ਨੇ
ਸੰਤ ਵੀ ਸਿਪਾਹੀ ਵੀ ਪੱਕੇ ਜੁਬਾਨ ਦੇ
ਅੜਬ ਸੁਭਾਅ ਦੇ ਕਲਹਿਰੀ ਮੋਰ ਨੇ
ਜਾਬਰਾਂ ਦੀ ਹੋਣੀ ਇਹ ਨੇ , ਮੁੜਦੇ ਨਾ ਮੋੜੇ
ਤਖਤ ਏ ਤਾਊਸ ਵੀ ਉਠਾ ਲੈ ਗਿਆ
ਜਦ ਵੀ ਦਰਿਆ ਚੜਿਆ ਪੰਜਾਬ ਦਾ————
ਲਹਿਰਾਏ ਲਾਲ ਕਿਲੇ ‘ਤੇ , ਨਿਸ਼ਾਨ ਕੇਸਰੀ
ਪੰਜਾਬ ਦਿਆਂ ਜਾਇਆ ਨੇ
ਜੱਸਾ ਰਾਮਗੜ੍ਹੀਆ, ਜੱਸਾ ਆਹਲੂਵਾਲੀਆ
ਸਿੰਘਾਂ ਦਿਆ ਦਲਾਂ ਛਾਇਆ ਨੇ
ਆ ਇਤਿਹਾਸ ਦਿਆਂ ਪੰਨਿਆਂ ਨੂੰ ਪੜ੍ਹ
ਇਤਿਹਾਸ ਸਾਡਾ ਗਵਾਹੀ, ਪਾ ਗਿਆ
ਜਦ ਵੀ ਦਰਿਆ ਚੜਿਆ ਪੰਜਾਬ ਦਾ—————-
ਕੌਮ ਦੀ ਆਣ ਲਈ, ਜਦ ਅਰਦਾਸਾ ਪੜਿਆ
ਸੀਸ ਗਿਆ ਫਿਰ ਸਿਦਕ ਨਹੀਂ
ਅੜਿ ਗਿਆ ਜੋ ਝੜ ਗਿਆ, ਖਾਲਸੇ ਅੱਗੇ
ਗਿਆ ਮੰਜ਼ਿਲ ਤੋ ਥਿੜਕ ਨਹੀਂ
ਖੌਲਦਾ ਹੈ ਸਤਲੁਜ , ਰਾਵੀ, ਬਿਆਸ ਜਦੋਂ
ਲੋਅ ਗ਼ੈਰਤ ਦੀ ਮਘਾ ਬਹਿ ਗਿਆ
ਜਦ ਵੀ ਦਰਿਆ ਚੜਿਆ ਪੰਜਾਬ ਦਾ———–
ਰਣ ਨੂੰ ਤੁਰਦੇ ਸੂਰਮੇ , ਪੁੱਤ ਲਾ ਮੋਢੇ ਨਾਲ਼ ਮੋਢੇ,
ਜੂਝਣ ਭੈਣਾਂ , ਫਿਰ ਖੇਤਾਂ ਵਿੱਚ ਮਾਵਾਂ
ਚਿਹਰਿਆਂ ਤੇ ਲਾਲੀਆਂ ਜਿਉਂ ਸੂਰਜ ਦਗ਼ਦੇ
ਤੁਰਦੇ ਵੀਰਾਂ ਨਾਲ ਵੀਰ ਹੋ ਬਾਹਵਾਂ
ਗਰਜਦੇ ਦਿਲੀਂ ਚਾਅ ਸ਼ਹਾਦਤਾਂ ਦੇ
ਕੇਸਰੀ ਦਸਤਾਰਾਂ ਸਜਾ ਲੈ ਗਿਆ
ਜਦ ਵੀ ਦਰਿਆ ਚੜਿਆ ਪੰਜਾਬ ਦਾ —————–
ਮਿਹਰਾਂ ਕਰੀਂ ਮੇਰੇ ਨਾਨਕਾ, ਐ ਦਸ਼ਮੇਸ ਮੇਰੇ
ਹੱਸੇ ਵੱਸੇ ਸਦਾ ਪੰਜਾਬ ਤੇਰਾ
ਰੇਤਗੜੵ ਲਾਜ ਰਹੇ ਬਾਣੀ-ਬਾਣੇ-ਦਸਤਾਰਾਂ ਦੀ
ਬਾਲੀ ਮਹਿਕੇ ਸਦਾ ਗੁਲਾਬ ਤੇਰਾ
ਬੁੱਧੀ ਬਖਸ਼ ਵਿਵੇਕ ਬਲ ਜਾਲਮਾਂ ਨੂੰ ਸੋਧਣੈ
ਕਰ ਅਰਦਾਸ ਦਾ ਸਹਾਰਾ ਲੈ ਲਿਆ
ਜਦ ਵੀ ਦਰਿਆ ਚੜਿਆ ਪੰਜਾਬ ਦਾ———-
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly