ਛੱਲੇ ਮੁੰਦੀਆ

ਗੁਰਮਾਨ ਸੈਣੀਗੁਰਮਾਨ ਸੈਣੀ

(ਸਮਾਜ ਵੀਕਲੀ)

ਸਾਡੇ ਵੱਡੇ ਚਾਚੇ ਦੇ ਛੋਟੇ ਮੁੰਡੇ ਦਾ ਵਿਆਹ ਵੱਡੇ ਨਾਲੋਂ ਪਹਿਲਾਂ ਹੋ ਗਿਆ। ਕਸਰ ਤਾਂ ਉਂਝ ਵੱਡੇ ਵਿੱਚ ਵੀ ਕੋਈ ਨਹੀਂ ਸੀ। ਦੋਵੇਂ ਵਿਰੋਧੀ ਧਿਰ ਵਿੱਚ ਬੈਠਕੇ ਤਾਸ਼ ਖੇਡਦਿਆਂ ਬਾਪੂ ਨੂੰ ਪੁੱਤ ਬਣਾਊਣ ਵਿੱਚ ਇੱਕ ਦੂਜੇ ਤੋਂ ਮੋਹਰੀ ਸਨ।ਬਸ ਛੋਟਾ ਆਪਣੇ ਮਾਮੇ ਕੋਲ ਜਾ ਕੇ ਖੇਤੀ ਵਿੱਚ ਹੱਥ ਵਟਾਉਣ ਲੱਗਿਆ ਤਾਂ ਉਹ ਉਸਦੀ ਨਜ਼ਰ ਚੱੜ੍ਹ ਗਿਆ ਤੇ ਕਿਸੇ ਰਿਸ਼ਤੇਦਾਰੀ ਚੌਂ ਉਸਨੂੰ ਸਾਕ ਲਿਆ ਦਿੱਤਾ।

ਬਰਾਤ ਜ਼ੀਰਕਪੁਰ ਦੇ ਨੇੜੇ ਪੰਜਾਬ ਦੇ ਕਿਸੇ ਪਿੰਡ ਜਾਣੀ ਸੀ। ਹਰਿਆਣਾ ਤੋਂ ਜਦੋਂ ਕਿਸੇ ਦੀ ਬਰਾਤ ਪੰਜਾਬ ਵਿੱਚ ਜਾਣੀ ਹੋਵੇ ਤਾਂ ਉਹ ਉਂਝ ਹੀ ਪਿੰਡ ਵਿੱਚ ਖ਼ਾਸ ਹੋ ਜਾਂਦਾ ਹੈ।ਸਾਰਾ ਕੁਝ ਠੀਕ ਠਾਕ ਨਿੱਬੜਿਆ ਤੇ ਵਹੁਟੀ ਘਰ ਆ ਗਈ।

ਉਨ੍ਹਾਂ ਦਿਨਾਂ ਵਿੱਚ ਇੱਕ ਗੀਤ ਬੜਾ ਮਸ਼ਹੂਰ ਹੋਇਆ ਸੀ ਜਿਹੜਾ ਵਿਆਹ ਸ਼ਾਦੀਆਂ ਵਿੱਚ ਆਮ ਵੱਜਦਾ ਸੀ , ਜਾਂ ਜਿਸ ਦੇ ਵੱਜਣ ਬਿਨਾਂ ਵਿਆਹ ਅਧੂਰਾ ਸਮਝਿਆ ਜਾਂਦਾ ਸੀ।

” ਦਿਲ ਵੱਟੇ ਦੇਵੇ ਮੁੰਡਾ ਛੱਲੇ ਮੁੰਦੀਆਂ ”

ਉਦੋਂ ਸੀਡੀਆਂ ਜਾਂ ਪੈਨ ਡਰਾਈਵ ਈਜ਼ਾਦ ਨਹੀਂ ਸਨ ਹੋਈਆਂ। ਰੀਲਾਂ ਦਾ ਜ਼ਮਾਨਾ ਸੀ।ਬਰਾਤ ਘਰ ਆਉਣ ਤੋਂ ਬਾਅਦ ਵੱਡੇ ਭਰਾ ਨੇ ਦੋ ਹਾੜੇ ਹੋਰ ਲਗਾ ਕੇ ਵੱਡੇ ਸਾਰੇ ਟੇਪ ਰਿਕਾਰਡਰ ਵਿੱਚ ਓਹੀ ਰੀਲ ਫਸਾ ਲਈ।

” ਦਿਲ ਵੱਟੇ ਦੇਵੇ ਮੁੰਡਾ ਛੱਲੇ ਮੁੰਦੀਆਂ ”

ਪੁਰਾਣਾ ਜ਼ਮਾਨਾ ਸੀ ਅੱਜ ਵਾਂਗ ਰਾਤ ਭਰ ਖਾੜਾ ਨਹੀਂ ਸੀ ਲਗਦਾ। ਪਤਾ ਨਹੀਂ ਨਸ਼ੇ ਦੀ ਲੋਰ ਵਿੱਚ , ਪਤਾ ਨਹੀਂ ਗਾਣੇ ਦੇ ਬੋਲਾਂ ਦਾ ਕੀਲਿਆ ਜਾਂ ਪਹਿਲਾਂ ਵਿਆਹ ਨਾ ਹੋਣ ਦੇ ਕਾਰਨ ਆਪਣੇ ਆਪ ਨੂੰ ਅਕਾਅ ਲੈਣ ਵਾਸਤੇ, ਇੱਕ ਵਾਰ ਗਾਣਾ ਖਤਮ ਹੁੰਦਾ ਤਾਂ ਉਹ ਪਲਟ ਕੇ ਫੇਰ ਉਹੀ ਰੀਲ ਫਸਾ ਦੇਂਦਾ।

ਆਲ਼ਾ ਦੁਆਲਾ, ਪਾਹ – ਪੜੌਸ ਤੇ ਆਏ ਰਿਸ਼ਤੇਦਾਰ ਸਭ ਤੰਗ।

ਪਰ ਬੰਦਾ ਇੱਕਲਾ ਹੀ ਮੋਰਚੇ ਤੇ ਡਟਿਆ ਹੋਇਆ ਸੀ। ਤੰਗ ਆਕੇ ਉੱਚੇ ਲੰਮੇ ਸਰਪੰਚ ਮਾਮੇ ਨੇ ਕਸ ਕੇ ਇੱਕ ਥੱਪੜ ਉਸਨੂੰ ਠੋਕਿਆ ਤਾਂ ਉਸਦੀ ਭੁਆਂਟਣੀ ਭੁਲਾ ਦਿੱਤੀ।

ਥਪੱੜ ਵੱਜਦਿਆਂ ਹੀ ਉਸਦੀ ਰਾੜ ਨਿਕਲ ਗਈ। ਉਹ ਭੁਬ ਮਾਰ ਕੇ ਉੱਚੀ ਦੇਣੀ ਚੀਕਿਆ —

” ਮਾਮੇ ਤੇਰੀ ਭੈ… ਦਿਊਂਗਾ, ਮੇਰਾ ਥਪੱੜ ਕਿਸ ਤਰ੍ਹਾਂ ਮਾਰਿਆ ਤੈਂ।”

ਮਾਮੇ ਦੀ ਕੱਲੀ ਕੱਲੀ ਭੈਣ ਉਸਦੀ ਮਾਂ ਨੇ ਝਿੜਕਿਆ ,” ਪੈਂਦਾ ਨੀ ਚੁੱਪ ਕਰਕੇ।”

ਬੇਬੇ ਤੌਂ ਸੋ ਜਾ ਚੁੱਪ ਕਰਕਾ, ਤੱਨੂੰ ਮੈਂ ਕੁਛ ਨੀ ਕੈਂਦਾ। ਪਰ ਉਸ ਮਾਮੇ ਕੀ ਅੱਜ ਮੈਂ ਭੈ… ਦਿਊਂਗਾ। ਉਸ ਨੇ ਮੇਰਾ ਥੱਪੜ ਮਾਰਿਆ ਕਿਸਤਰ੍ਹਾਂ।”

ਤੇ ਫੇਰ ਸਾਰਾ ਮੁਹੱਲਾ ਕੱਠਾ ਹੋ ਗਿਆ।

( ਦੋਸਤਾਂ ਦੀ ਦੁਨੀਆਂ ਵਿੱਚੋਂ )

ਗੁਰਮਾਨ ਸੈਣੀ
ਰਾਬਤਾ : 9256346906
8360487488

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFor more access to higher education, Digital University in the offing: President
Next articleDeclining Deficit: Faster growth to give greater fiscal leg-room to states