(ਸਮਾਜ ਵੀਕਲੀ)
ਸੁਣਿਐਂ ਕਿ ਸੱਚ ਲਿਖਣ ਵਾਲੇ ਦੀ ਖ਼ੈਰ ਨਹੀਂ
ਹੁਣ ਸੱਚ ਵੀ ਡਰ ਡਰ ਕੇ ਲਿਖਣਾ ਪੈਂਦਾ ਹੈ
ਦਿਲ ਵਿੱਚ ਉੱਠਦੇ ਜਜ਼ਬਾਤੀ ਤੂਫਾਨਾਂ ਨੂੰ
ਦਿਨੇ – ਰਾਤੀਂ ਮਰ-ਮਰ ਕੇ ਲਿਖਣਾ ਪੈਂਦਾ ਹੈ
ਹਰ ਪਾਤਰ ਦੇ ਜਜ਼ਬਾਤਾਂ ਨੂੰ ਸਮਝਣ ਲਈ
ਅੱਖੀਆਂ ਨੂੰ ਬੰਦ ਕਰਕੇ ਲਿਖਣਾ ਪੈਂਦਾ ਹੈ
ਮਜ਼ਲੂਮਾਂ ‘ਤੇ ਢਹਿੰਦੇ ਵੇਖ ਕੇ ਜ਼ੁਲਮਾਂ ਨੂੰ
ਅੱਖੀਂ ਹੰਝੂ ਭਰ ਕੇ ਲਿਖਣਾ ਪੈਂਦਾ ਹੈ
ਯਾਰਾਂ ਮਿੱਤਰਾਂ ਬੇਲੀਆਂ ਨੂੰ ਖੁਸ਼ ਕਰਨ ਲਈ
ਜਿੱਤੀ ਬਾਜ਼ੀ ਹਰ ਕੇ ਲਿਖਣਾ ਪੈਂਦਾ ਹੈ
ਇੱਕ ਕਵਿਤਾ ਦਾ ਰੂਪ ਦੇਣ ਲਈ ਸ਼ਬਦਾਂ ਨੂੰ
ਪਾੜ – ਪਾੜ ਕੇ ਵਰਕੇ ਲਿਖਣਾ ਪੈਂਦਾ ਹੈ
ਆਪਣਿਆਂ ਤੋਂ ਲਿਖਣੇ ਦੀ ਇਸ ਚੇਟਕ ਲਈ
ਤਾਅਨੇ – ਮੇਹਣੇ ਜਰ ਕੇ ਲਿਖਣਾ ਪੈਂਦਾ ਹੈ
ਸੱਚ ਲਈ ਚੱਲਕੇ ਤਲਵਾਰਾਂ ਦੀਆਂ ਧਾਰਾਂ ‘ਤੇ
ਸੀਸ ਤਲ਼ੀ ‘ਖੁਸ਼ੀ’ ਧਰਕੇ ਲਿਖਣਾ ਪੈਂਦਾ ਹੈ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly