“ਕ੍ਰਾਂਤੀਕਾਰੀ ਅਧਿਆਤਮਕ ਰਹਿਬਰ-ਭਗਤ ਰਵਿਦਾਸ ਜੀ”

ਹਰਭਿੰਦਰ ਸਿੰਘ "ਮੁੱਲਾਂਪੁਰ"

(ਸਮਾਜ ਵੀਕਲੀ)

ਹਿੰਦੂ ਸਮਾਜ ਦੀ ਵਰਣ-ਵੰਡ ਦੀ ਚੌਥੀ ਤੇ ਹੇਠਲੀ ਸ਼੍ਰੇਣੀ ਨਾਲ ਸਬੰਧ ਰੱਖਦੇ ਭਗਤ ਰਵਿਦਾਸ ਜੀ ਪੰਦਰਵੀਂ ਸਦੀ ਦੌਰਾਨ ਭਗਤੀ ਲਹਿਰ ਦੇ ਧਾਰਮਿਕ ਤੇ ਅਧਿਆਤਮਕ ਸੰਤ, ਕਵੀ ਤੇ ਫਿਲਾਸਫਰ ਹੋਏ । ਜਿਨ੍ਹਾਂ ਨੇ ਆਪਣੀਆਂ ਧਾਰਮਿਕ ਸਿਖਿਆਵਾਂ, ਸ਼ਬਦਾਂ ਅਤੇ ਪ੍ਰਭੂ ਭਗਤੀ ਨਾਲ ਓਤ-ਪੋਤ ਅਧਿਆਤਮਿਕ ਗੀਤਾਂ ਰਾਹੀਂ ਉਸ ਸਮੇਂ ਦੇ ਹਿੰਦੂ ਸਮਾਜ ਵਿਚ ਵਰਣ ਵਿਵਸਥਾ ਦੀ ਆੜ ਹੇਠ ਮਨੁੱਖ ਦੁਆਰਾ ਮਨੁੱਖ ‘ਤੇ ਹੁੰਦੇ ਵਿਤਕਰਿਆਂ ਭਰਪੂਰ ਬ੍ਰਾਹਮਣਵਾਦੀ ਰਹੁ ਰੀਤਾਂ ਖਿਲਾਫ ਆਵਾਜ਼ ਉਠਾਉਂਦਿਆਂ ਸਿੱਧ ਕੀਤਾ ਕਿ ਪ੍ਰਭੂ-ਭਗਤੀ ਵਿਸ਼ੇਸ਼ ਧਰਮ ਦੇ ਲੋਕਾਂ ਦਾ ਬੁਨਿਆਦੀ ਹੱਕ ਨਹੀਂ। ਨਿਰੰਕਾਰ ਨੂੰ ਤਾਂ ਜਾਤ-ਪਾਤ, ਰੰਗ, ਲਿੰਗ ਅਤੇ ਨਸਲ ਤੋਂ ਉੱਪਰ ਉਠਦਿਆਂ ਕੋਈ ਵੀ ਮੰਨ ਸਕਦਾ ਹੈ।

ਭਗਤ ਰਵਿਦਾਸ ਜੀ ਦੇ ਡੂੰਘੇ ਫਲਸਫ਼ੇ, ਸਿਧਾਂਤਾਂ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਸਦਕਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ 40 ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ। ਸਦੀਆਂ ਤੋਂ ਸ਼ੂਦਰਾਂ ਨਾਲ ਕੀਤੇ ਜਾਂਦੇ ਅਤਿਆਚਾਰਾਂ ਖ਼ਿਲਾਫ਼ ਹਾਅ ਦਾ ਨਾਅਰਾ ਮਾਰਨ ਵਾਲੇ ਭਗਤ ਰਵਿਦਾਸ ਤੇ ਭਗਤ ਕਬੀਰ ਬਨਾਰਸ ਦੀ ਧਰਤੀ ਉੱਤੇ ਪਰਗਟ
ਹੋਏ ਅਤੇ ਇਨ੍ਹਾਂ ਨੇ ਬ੍ਰਾਹਮਣਵਾਦੀ ਕੱਟੜਵਾਦ ਦਾ ਖੂਬ ਖੰਡਨ ਕੀਤਾ।
ਭਗਤ ਰਵਿਦਾਸ ਜੀ ਪ੍ਰਮਾਤਮਾਂ ਦਾ ਅਨੁਭਵ ਕਣ ਕਣ ਵਿੱਚ ਮਹਿਸੂਸ ਕਰਦੇ ਹਨ:
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।
ਕਨਕ ਕਟਿਕ ਜਲ ਤਰੰਗ ਜੈਸਾ।।

ਲੋਕਾਂ ਦੁਆਰਾ ਕੀਤੇ ਜਾਣ ਵਾਲੇ ਝੂਠੇ ਕਰਮ ਕਾਂਡਾਂ ਅਤੇ ਫੋਕੀਆਂ ਰਸਮਾਂ ਰੀਤਾਂ ਨੂੰ ਰੂਹਾਨੀਅਤ ਤੋਂ ਕੋਹਾਂ ਦੂਰ ਬਿਆਨ ਕਰਦਿਆਂ ਭਗਤ ਰਵਿਦਾਸ ਜੀ ਨੇ ਆਖਿਆ:
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ।।
ਕਵਨ ਕਰਮ ਤੇ ਛੁਟੀਐ ਜਿਹਿ ਸਾਧੇ ਸਬ
ਸਿਧਿ ਹੋਇ।।

ਜਦ ਕਿ ਪੂਜਾ ਦੀ ਅਸਲ ਵਿਧੀ ਆਤਮ-ਸਮਰਪਣ ਬਾਰੇ ਲੋਕਾਈ ਨੂੰ ਵਚਨ ਕੀਤਾ:
ਤਨੁ-ਮਨੁ ਅਰਪਉ ਪੂਜ ਚਰਾਵਉ।।
ਗੁਰ ਪਰਸਾਦਿ ਨਿਰੰਜਨੁ ਪਾਵਉ ।।
ਜਾਤੀ ਵਿਵਸਥਾ ਵਿੱਚ ਛੂਆ- ਛਾਤ ਅਤੇ ਸ਼ੂਦਰ ਹੋਣ ਦੇ ਬਾਵਜੂਦ ਭਗਤ ਜੀ ਹੀਣ ਭਾਵਨਾ ਨਹੀਂ ਰੱਖਦੇ ਸਨ:
ਰਾਜਾ ਰਾਮ ਕੀ ਸੇਵ ਨਾ ਕੀਨੀ ਕਹਿ ਰਵਿਦਾਸ ਚਮਾਰਾ।।

ਨੀਵਿਆਂ ਨੂੰ ਉੱਚੇ ਹੋਣ ਦਾ ਭੇਦ ਇੰਜ ਫੁਰਮਾਨ ਕਰਦੇ ਹਨ :
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ।।
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ।।

ਅਧਿਆਤਮਕਤਾ ,ਪ੍ਰਭੂ-ਪ੍ਰੇਮ ਅਤੇ ਭਗਤੀ ਭਰਪੂਰ ਸ਼ਬਦਾਂ ਤੋਂ ਇਲਾਵਾ ਭਗਤ ਰਵਿਦਾਸ ਜੀ ਦੇ ਫੁਰਮਾਨ ਰਾਜਨੀਤਿਕ ਵਿਚਾਰਾਂ ਦੀ ਤਰਜਮਾਨੀ ਵੀ ਕਰਦੇ ਹਨ ਕਿਉਂ ਜੋ ਆਪਣੇ ਸ਼ਬਦਾਂ ਰਾਹੀਂ ਅਜਿਹੇ ਬੇਗਮ ਪੁਰਾ ਸ਼ਹਿਰ ਨਾਮ ਰੂਪੀ ਆਦਰਸ਼ ਸਮਾਜ ਦੀ ਗੱਲ ਕੀਤੀ ਜੋ ਕਿਸੇ ਵੀ ਪ੍ਰਕਾਰ ਦੇ ਦੁੱਖਾਂ -ਦਰਦਾਂ, ਤਕਲੀਫਾਂ,ਅਸਮਾਨਤਾਵਾਂ ਤੋਂ ਰਹਿਤ ਹੋਵੇ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦਾ ਮਾਨਿਸਕ,ਸਰੀਰਕ,ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਘਾਣ ਨਾ ਹੋਵੇ: ਬੇਗਮ ਪੁਰਾ ਸਹਰ ਕੋ ਨਾਉ ।।
ਦੂਖ ਅਮਲੋਹ ਨਹੀ ਤਿਹਾਏ ਠਾਉ।।
ਨਾ ਤਸਵੀਸ ਖ਼ਿਰਾਜੁ ਨਾ ਮਾਲੁ।।
ਖਉਫ ਨਾ ਖਤਾ ਨਾ ਤਰਸੁ ਜਵਾਲੁ।।
ਅਬ ਮੋਹਿ ਖੂਬ ਵਤਨ ਗਹ ਪਾਈ।।
ਊਹਾਂ ਖੈਰਿ ਸਦਾ ਮੇਰੇ ਭਾਈ ।।

ਭਗਤ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ, ਹਰ ਪਖੋਂ ਦੱਬੇ -ਕੁਚਲੇ ਲੋਕਾਂ ਦੇ ਹਿੱਤਾਂ ਵਾਸਤੇ ਅਧਿਆਤਮਕਤਾ ਸੰਗ ਲਬਰੇਜ਼ ਸ਼ਬਦਾਂ ਤੇ ਬਾਣੀ ਰਾਹੀਂ ਉਠਾਈ ਆਵਾਜ਼ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਦਾ ਮਾਣ ਸਨਮਾਨ ਰੱਖਦਿਆਂ ਮਨੁੱਖਤਾ ਵਾਸਤੇ ਹਮੇਸ਼ਾਂ ਰਾਹ ਦਸੇਰਾ ਰਹੇਗੀ।

ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
9/97,
ਗੁਰਸੁਖ ਨਿਵਾਸ,ਪੁਰਾਣੀ ਮੰਡੀ
ਮੰਡੀ ਮੁੱਲਾਂਪੁਰ-141101
ਜਿਲ੍ਹਾ ਲੁਧਿਆਣਾ
ਸੰਪਰਕ:94646-01001

 

Previous articleਕਰੋ ਕਿਤਾਬਾਂ ਦੇ ਨਾਲ ਯਾਰੀ
Next articleਜ਼ਾਤੀ ਵਿਵਸਥਾ ਖ਼ਿਲਾਫ ਸੰਘਰਸ਼ ਦਾ ਨਾਂ ਸਨ ਗੁਰੂ ਰਵਿਦਾਸ ਜੀ”