ਇਨਕਲਾਬ- ਏ ਸਵਿੱਤਰੀ
(ਸਮਾਜ ਵੀਕਲੀ)
ਬੇਵੱਸ ਔਰਤ ਉੱਤੇ ਹੁੰਦਾ, ਜਦੋਂ ਜੁਲਮ ਸੀ ਭਾਰੀ
ਤਸੱਦਤ ਇਹ ਸਮਾਜ ਬੁਰੇ ਦਾ, ਜਦ ਝਲਦੀ ਸੀ ਨਾਰੀ।
ਦਿੱਤਾ ਜਿਸ ਨੇ ਆਣ ਸਹਾਰਾ, ਦੇਵਣ ਲੋਕ ਵਧਾਈ,
ਸਵਿੱਤਰੀ ਬਾਈ ਨਾਂ ਪਿਆਰਾ, ਧੁਰੋਂ ਲਿਖਾ ਕੇ ਆਈ।
ਪਿਤਾ ਆਪ ਦੇ ਸੀ ਪੰਦੋਜੀ, ਮਾਂ ਲਛਮੀ ਸੀ ਅੰਮੀ
ਜੋ ਮੈ ਸੁਣਿਆ ਜਿਲਾ ਸਿਤਾਰਾ, ਓਸ ਪਿੰਡ ਸੀ ਜੰਮੀ।
ਮਿਟੀ ਧੁੰਦ ਤੇ ਚਾਨਣ ਹੋਆ, ਕਾਇਨਾਤ ਰੁਸ਼ਨਾਈ,
ਸਵਿੱਤਰੀ ਬਾਈ ਨਾਂ ਪਿਆਰਾ, ਧੁਰੋਂ ਲਿਖਾ ਕੇ ਆਈ।
ਸਮਾਜ ਵਿੱਚ ਬੰਦਾ ਪ੍ਰਧਾਨਾਂ, ਆਪ ਕਰੇ ਮਨਮਾਨੀ
ਹੈ ਜਿਸ ਨੇ ਅਬਲਾ ਨਾਰੀ ਨੂੰ, ਦਿੱਤੀ ਸੀ ਪਰੇਸ਼ਾਨੀ
ਉਸ ਵਕਤ ਜਿਸ ਨੇ ਇਨ੍ਹਾਂ ਤੇ, ਕੀਤੀ ਆ ਸਖਤਾਈ
ਸਵਿੱਤਰੀ ਬਾਈ ਨਾਂ ਪਿਆਰਾ, ਧੁਰੋਂ ਲਿਖਾ ਕੇ ਆਈ।
ਕੀਤਾ ਫਿਰ ਵਿਧਵਾ ਨਾਰੀ ਦਾ, ਹਾਲ ਬੜਾ ਸੀ ਮਾੜਾ
ਜਾਤ ਪਾਤ ਦੇ ਰੋਗਾਂ ਹਰ ਥਾਂ, ਕੀਤਾ ਬੜਾ ਉਜਾੜਾ ।
ਰੋਕਣ ਦੇ ਲਈ ਇਹ ਰੋਗਾਂ ਨੂੰ, ਐਸੀ ਦਵਾ ਬਣਾਈ
ਸਵਿੱਤਰੀ ਬਾਈ ਨਾਂ ਪਿਆਰਾ, ਧੁਰੋਂ ਲਿਖਾ ਕੇ ਆਈ।
ਕੀਤਾ ਜਾਊ ਯਾਦ ਸਦਾ ਹੀ, ਭਾਰਤ ਦੇਸ਼ ਦੇ ਵੱਲੋਂ
ਇਹ ਅਬਲਾ ਹੈ ਨਾਰੀ ਲੋਕੋ, ਘੱਟ ਕਿਸੇ ਨਾ ਗੱਲੋਂ।
ਆਜ਼ਾਦ ਪੰਛੀ ਵਾਂਗ ਉਡਾਰੀ, ਅੰਬਰ ਵਿੱਚ ਲਗਾਈ
ਸਵਿੱਤਰੀ ਬਾਈ ਨਾਂ ਪਿਆਰਾ, ਧੁਰੋਂ ਲਿਖਾ ਕੇ ਆਈ।
ਦੇਵ ਮੁਹਾਫਿਜ਼ ਉਰਫ਼ ਦੇਵ ਜੈਤੋਈ