ਮਾਨਸਾ, (ਜਸਵੰਤ ਗਿੱਲ)-ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੀਆਂ ਚੋਣਾਂ ਤੇ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਰਿਜ਼ਰਵੇਸ਼ਨ ਪਾਲਿਸੀ ਵਿੱਚ ਸੋਧ ਕਰਕੇ ਲਾਗੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਵਿਜੈ ਕੁਮਾਰ ਭੀਖੀ,ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ, ਨੇ ਕਿਹਾ ਕਿ 2011 ਦੀ ਜਨਗਣਨਾ ਅਨੁਸਾਰ, ਦਲਿਤਾਂ ਦੀ ਆਬਾਦੀ 32% ਤੋਂ ਜਿਆਦਾ ਤੇ ਇਹ ਪਛੜੇ ਤਬਕਿਆਂ ਦੀ 31.3% ਤੋਂ ਜਿਆਦਾ ਆਬਾਦੀ ਹੈ। ਪਰ ਐਨੀ ਵੱਡੀ ਆਬਾਦੀ ਲਈ ਦਲਿਤਾਂ ਦੇ ਲਈ ਸਿਰਫ 25% ਤੇ ਪਛੜੇ ਸਮਾਜ ਲਈ 12% ਰਿਜਰਵੇਸ਼ਨ ਹੈ ਜੋ ਪੰਜਾਬ ਦੇ ਦਲਿਤ ਦੇ ਪਛੜੇ ਵਰਗਾਂ ਦੀ ਸਹੀ ਨੁਮਾਇੰਦਗੀ ਨਹੀਂ ਕਰਦੀ। ਜਿਸ ਕਰਕੇ ਇਹਨਾਂ ਤਬਕਿਆਂ ਦਾ ਵੱਡਾ ਹਿੱਸਾ ਉਚੇਰੀ ਸਿੱਖਿਆ ਅਤੇ ਨੌਕਰੀਆਂ ਤੋਂ ਵਿਹੁਣਾ ਹੈ। ਜਿਸ ਕਰਕੇ ਪੰਜਾਬ ਦੇ ਦਲਿਤ ਦੇ ਪਛੜੇ ਤਬਕਿਆਂ ਦੀ ਪਬਲਿਕ ਅਦਾਰਿਆਂ ਦੇ ਵਿੱਚ ਸਹੀ ਨੁਮਾਇੰਦਗੀ ਨਹੀਂ ਹੋ ਰਹੀ। ਇਸੇ ਕਰਕੇ ਇਹਨਾਂ ਤਬਕਿਆਂ ਦੀ ਭਾਗੀਦਾਰੀ, ਸਾਧਨਾਂ ‘ਚ ਹਿੱਸੇਦਾਰੀ ਤੇ ਹੋਰ ਸਮੱਸਿਆਵਾਂ ਮੁੱਖਧਾਰਾ ਦਾ ਹਿੱਸਾ ਨਹੀਂ ਬਣ ਪਾ ਰਹੇ। ਇਸ ਕਰਕੇ ਅੱਜ ਲੋੜ ਹੈ ਕਿ ਪੰਜਾਬ ਦੇ ਵਿੱਚ ਵੀ ਜਾਤੀ ਜਨਗਣਨਾ ਕੀਤੀ ਜਾਵੇ ਤੇ ਆਬਾਦੀ ਦੇ ਮੁਤਾਬਿਕ ਬਣਦੀ ਰਿਜ਼ਰਵੇਸ਼ਨ ਪੋਲਿਸੀ ਲਾਗੂ ਕੀਤੀ ਜਾਵੇ।
ਅਸੀਂ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਂ ਕਿ ਪੰਜਾਬ ਵਿੱਚ ਜਾਤੀਗਣਨਾ ਕਰਦੇ ਹੋਏ ਪੰਜਾਬ ਦੇ ਵਿੱਚ ਦਲਿਤਾਂ ਤੇ ਪਛੜੇ ਤਬਕਿਆਂ ਦੀ ਆਬਾਦੀ ਮੁਤਾਬਕ ਰਿਜ਼ਰਵੇਸ਼ਨ ਪੋਲਸੀ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਇਸ ਵਿੱਚ ਪੰਜਾਬ ਦੇ ਮੁਜਾਹਰਾ ਲਹਿਰ ਵੇਲੇ ਕਾਨੂੰਨ ਬਣਾ ਕੇ ਜਿਸ ਪ੍ਰਕਾਰ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਹਨ ਅਸੀਂ ਇਸੇ ਤਰਜ਼ ਉੱਤੇ ਪੰਜਾਬ ਦੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਨੂੰ ਖ਼ੇਤੀ ਲਈ ਜ਼ਮੀਨ ਦਿੱਤੀ ਜਾਵੇ।
ਪੰਜਾਬ ਵਿੱਚ 1 ਲੱਖ 57 ਹਜ਼ਾਰ ਕਿੱਲੇ ਤੀਜੇ ਹਿੱਸੇ ਦੀ ਜ਼ਮੀਨ ਦਲਿਤ ਮਜ਼ਦੂਰਾਂ ਨੂੰ ਪੱਕੇ ਤੌਰ ਤੇ ਵੰਡੀ ਜਾਵੇ ਅਤੇ 37 ਹਜ਼ਾਰ ਕਿੱਲੇ ਜੋਕੇ ਨਜ਼ੂਲ ਦੀ ਜਮੀਨ ਹੈ ਤੇ ਪਿੰਡਾਂ ਵਿੱਚ ਲਾਇਬਰੇਰੀਆਂ/ਸਕੂਲ/ਕਾਲਜ ਜਾਂ ਹਸਪਤਾਲ ਉਸਾਰੇ ਜਾਣ।
ਪੰਜਾਬ ਦੀਆਂ ਸਾਰੀਆਂ ਸਿੱਖਿਅਕ ਸੰਸਥਾਵਾਂ/ਸਿਹਤ ਸੰਸਥਾਵਾਂ ਵਿੱਚ ਖਾਲੀ ਅਸਾਮੀਆਂ ਨੂੰ ਸਹੀ ਰਿਜਰਵੇਸ਼ਨ ਨੂੰ ਲਾਗੂ ਕਰਕੇ ਦਲਿਤ ਮਜ਼ਦੂਰਾਂ ਦੀ ਰਿਜ਼ਰਵੇਸ਼ਨ ਅਨੁਸਾਰ ਅਸਾਮੀਆਂ ਭਰੀਆਂ ਜਾਣ ਅਤੇ ਇਹਨਾਂ ਅਦਾਰਿਆਂ ਵਿੱਚ ਸਿੱਖਿਆ ਅਤੇ ਹੋਸਟਲ ਪ੍ਰਣਾਲੀਆਂ ਵਿੱਚ ਵੀ ਬਣਦੀ ਹਿੱਸੇਦਾਰੀ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਮਿਲਣੀ ਚਾਹੀਦੀ ਹੈ।
ਇਸੇ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਐਸਐਫਐਸ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਿਜ਼ਰਵੇਸ਼ਨ ਨੀਤੀ ਨੂੰ ਪੰਜਾਬ ਦੇ ਦਲਿਤਾਂ ਤੇ ਪਛੜੇ ਤਬਕਿਆ ਦੀ ਅਬਾਦੀ ਮੁਤਾਬਿਕ ਲਾਗੂ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੀ ਹੈ। ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਐੱਸ. ਐੱਫ. ਐੱਸ ਦੇ ਇਸ ਸੰਘਰਸ਼ ਦਾ ਸਮਰਥਨ ਕਰਦਾ ਹੈ। ਇਸ ਮੌਕੇ ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਤਹਿਸੀਲ ਸਕੱਤਰ ਗੁਰਸੇਵਕ ਸਿੰਘ ਮਾਨ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਕਿਸਾਨ ਆਗੂ ਭੋਲਾ ਸਿੰਘ ਸਮਾਓਂ, ਇਸਤਰੀ ਸਭਾ ਦੀ ਸੂਬਾਈ ਆਗੂ ਕਾਮਰੇਡ ਬਲਵਿੰਦਰ ਕੌਰ ਖਾਰਾ, ਮਜ਼ਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਆਗੂ ਦਰਸ਼ਨ ਦਾਨੇਵਾਲੀਆ ਸਹਿਤ ਭੋਲਾ ਸਿੰਘ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly