ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਅਯੁੱਧਿਆ ਵਿਕਾਸ ਪ੍ਰਾਜੈਕਟ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਰਾਮ ਦੀ ਇਸ ਨਗਰੀ ’ਚ ਸਾਡੀਆਂ ਮਹਾਨ ਰਵਾਇਤਾਂ ਅਤੇ ਸਾਡੀਆਂ ਵਿਕਾਸਸ਼ੀਲ ਤਬਦੀਲੀਆਂ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ। ਉਨ੍ਹਾਂ ਅਯੁੱਧਿਆ ਨੂੰ ਅਜਿਹਾ ਸ਼ਹਿਰ ਦੱਸਿਆ ਜੋ ਭਾਰਤ ਦੀ ਸੱਭਿਆਚਾਰਕ ਚੇਤਨਾ ’ਚ ਵਸਿਆ ਹੋਇਆ ਹੈ ਅਤੇ ਕਿਹਾ ਕਿ ਇਸ ਨੂੰ ਅਧਿਆਤਮਕ ਤੇ ਆਲਮੀ ਸੈਰ-ਸਪਾਟਾ ਕੇਂਦਰ ਦੇ ਨਾਲ ਹੀ ਇੱਕ ਟਿਕਾਊ ਸਮਾਰਟ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਕਾਨਫਰ਼ਸ ਰਾਹੀਂ ਹੋਈ ਇਸ ਸਮੀਖਿਆ ਮੀਟਿੰਗ ’ਚ ਉੱਤਰ ਪ੍ਰਦੇਸ਼ ਦੇ ਦੋਵੇਂ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਦਿਨੇਸ਼ ਸ਼ਰਮਾ ਤੋਂ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੀਟਿੰਗ ’ਚ ਅਯੁੱਧਿਆ ਦੇ ਵਿਕਾਸ ਨਾਲ ਜੁੜੇ ਪ੍ਰਾਜੈਕਟਾਂ ਦੇ ਵੱਖ ਵੱਖ ਪਹਿਲੂਆਂ ਬਾਰੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋਂ ਇੱਕ ਪੇਸ਼ਕਾਰੀ ਵੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਉਨ੍ਹਾਂ ਦੇ ਜੀਵਨ ’ਚ ਘੱਟ ਤੋਂ ਘੱਟ ਇੱਕ ਵਾਰ ਅਯੁੱਧਿਆ ਦੀ ਯਾਤਰਾ ਦੀ ਇੱਛਾ ਮਹਿਸੂਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ’ਚ ਅਯੁੱਧਿਆ ਦੇ ਵਿਕਾਸ ਕਾਰਜ ਜਾਰੀ ਰਹਿਣਗੇ। ਉਨ੍ਹਾਂ ਕਿਹਾ, ‘ਸਾਡੀ ਸਾਂਝੀ ਕੋਸ਼ਿਸ਼ ਹੈ ਕਿ ਅਯੁੱਧਿਆ ਦੀ ਪਛਾਣ ਇੱਕ ਤਿਉਹਾਰ ਵਾਂਗ ਮਨਾਈ ਜਾਵੇ ਤੇ ਇਸ ਦੀ ਸੱਭਿਆਚਾਰਕ ਵਿਰਾਸਤ ਕਾਇਮ ਰੱਖੀ ਜਾਵੇ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly