“ਪ੍ਰਧਾਨ ਜੀ ਵੀ ਜੇਲ੍ਹ ਵਿਚ ਰਿਟਾਇਰਮੈਂਟ ਪਾਰਟੀ।”

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਕਾਂਡ – ਨੌਵਾਂ
ਸਾਰੀ ਜੇਲ੍ਹ ਵਿਚ ਗਹਿਮਾ ਗਹਿਮੀ ਸੀ। ਮੈੱਸ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੀ ਖੁਸ਼ਬੂ, ਬੈਰਕ ਦੇ ਵਾਤਾਵਰਣ ਨੂੰ ਸੁਆਦਲਾ ਬਣਾ ਰਹੀ ਸੀ। ਬਰੈੱਡ ਤਲੇ ਜਾ ਰਹੇ ਸਨ । ਕੜਾ ਪ੍ਰਸ਼ਾਦ ਤੇ ਖ਼ੀਰ ਤਿਆਰ ਹੋ ਰਹੀ ਸੀ। ਕੁਲਵਿੰਦਰ, ਬਲਵਿੰਦਰ, ਸਤਿੰਦਰ ਤੇ ਭਾਟੀਆ ਭਾਅ ਜੀ ਦਾ ਪੈਰ ਮੈੱਸ ਦੀ ਜ਼ਮੀਨ ‘ਤੇ ਨਹੀਂ ਲੱਗ ਰਿਹਾ ਸੀ। ਹੈਡ ਮਾਸਟਰ ਸਰਦਾਰ ਮੱਸਾ ਸਿੰਘ (ਸੰਤ ਆਸ਼ਰਮ ਸਕੂਲ ਪਠਾਨਕੋਟ) ਦਲਜੀਤ ਸਿੰਘ (ਗੁਰਦਾਸਪੁਰ) ਸੁਰਿੰਦਰ ਸੋਹੀ ਜੀ (ਮਾਨਸਾ) ਪੂਰੇ ਜਲੌ ਵਿਚ ਸਨ। ਰੁਜ਼ਾਨਾ ਵਾਲੀ ਸਟੇਜ ‘ਤੇ ਜੇਲ੍ਹ ਸੁਪਰਡੈਂਟ ਸ਼ਰਮਾ ਜੀ ਵੱਲੋਂ ਦਸ ਕੁਰਸੀਆਂ ਵੀ ਭੇਜ ਦਿੱਤੀਆਂ ਗਈਆਂ ਸਨ। ਮੰਚ ਸ਼ੁਰੂ ਕਰਨ ਤੋਂ ਪੰਜ ਕੁ ਮਿੰਟ ਪਹਿਲਾਂ, ਮੈਨੂੰ ਪਤਾ ਲੱਗਿਆ ਕਿ ਅੱਜ ਦੀ ਪਾਰਟੀ ਦੇ ਮੁੱਖ ਮਹਿਮਾਨ, ਜੇਲ੍ਹ ਸੁਪਰਡੈਂਟ ਸ਼ਰਮਾ (ਡੀਆਈਜੀ) ਹਨ।

ਮੈਨੂੰ ਕਾਫ਼ੀ ਹੈਰਾਨੀ ਹੋਈ।

ਦਸ ਕੁ ਵਜੇ ਸ਼ਰਮਾ ਜੀ ਨੂੰ ਲੈ ਕੇ ਸ੍ਰੀ ਓਮ ਪ੍ਰਕਾਸ਼ ਵਰਮਾ ਜੀ, ਮੱਸਾ ਸਿੰਘ ਜੀ ਤੇ ਇੱਕ,ਦੋ ਹੋਰ ਸਾਥੀ ਪੰਡਾਲ ‘ਚ ਦਾਖ਼ਲ ਹੋਏ। ਤਾੜੀਆਂ ਨਾਲ ਸਾਰਾ ਪੰਡਾਲ ਗੂੰਜ ਉੱਠਿਆ। ਉਸ ਤੋਂ ਬਾਅਦ ਸਰਦਾਰ ਹਰਨੇਕ ਸਿੰਘ ਸਿੱਧੂ ਪ੍ਰਿੰਸੀਪਲ ( ਖਾਲਸਾ ਸਕੂਲ ਬਠਿੰਡਾ), ਸਾਧੂ ਰਾਮ ਜੀ ਲੂੰਬਾ ਤੇ ਇੱਕ ਦੋ ਹੋਰ ਸਾਥੀ ਨਵੀਂ ਬਹੂ ਵਾਂਗ ਸਜੇ ਹੋਏ ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਨੂੰ ਬੈਰਕ ਵਿੱਚੋਂ ਲੈਣ ਗਏ। ਸਭ ਨੂੰ ਇੰਤਜ਼ਾਰ ਸੀ ਉਸ ਹੀਰੋ ਦੀ, ਉਸ ਯੰਗਮੈਨ ਦੀ, ਜਿਸ ਦੀ ਅੱਜ ਰਿਟਾਇਰਮੈਂਟ ਪਾਰਟੀ ਸੀ। ਨਵਾਂ ਸੂਟ, ਨਵੀਂ ਪੱਗ, ਕਾਲੀ ਸਿਆਹ ਦਾੜ੍ਹੀ,( ਬਿਲਕੁਲ ਜਿਵੇਂ ਕੁਦਰਤੀ ਹੋਵੇ) ਕੱਦ ਛੇ ਫੁੱਟ ਤੋਂ ਉੱਤੇ, ਚਿਹਰੇ ਤੇ ਨੂਰ ਜਦੋਂ ਹਸੂੰ-ਹਸੂੰ ਕਰਦੇ ਚਿਹਰੇ ਨਾਲ, ਅੱਜ ਦਾ ਨਾਇਕ,ਪੰਡਾਲ ਵੱਲ ਹੱਥ ਜੋੜ ਕੇ ਸਟੇਜ ‘ਤੇ ਆਇਆ ਤਾਂ ਚਾਰੇ ਪਾਸੇ ਨਾਹਰਿਆਂ, ਜੈਕਾਰਿਆਂ ਨੇ ਜੇਲ੍ਹ ਦੀਆਂ ਦੀਵਾਰਾਂ ਹਿਲਾ ਦਿੱਤੀਆਂ।

ਸ. ਤੇਜਾ ਸਿੰਘ- ਜ਼ਿੰਦਾਬਾਦ!

ਏਡਿਡ ਸਕੂਲ ਯੂਨੀਅਨ- ਜ਼ਿੰਦਾਬਾਦ ! ਜ਼ਿੰਦਾਬਾਦ!! ਦੇ ਨਾਅਰੇ ਜਦੋਂ ਕੁਝ ਮੱਠੇ ਹੋਏ ਤਾਂ, ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੇ ਪ੍ਰਧਾਨ ਜੀ ਦੇ ਹਾਰ ਪਾਉਣੇ ਸ਼ੁਰੂ ਕੀਤੇ।

ਸਰਦਾਰ ਹਰਨੇਕ ਸਿੰਘ ਸਿੱਧੂ,

(ਪ੍ਰਿੰਸੀਪਲ ਖਾਲਸਾ ਸਕੂਲ ਬਠਿੰਡਾ)ਸ. ਛੱਜਾ ਸਿੰਘ (ਫ਼ਤਹਿਗੜ੍ਹ ਸਾਹਿਬ), ਸਰਦਾਰ ਕਸ਼ਮੀਰ ਸਿੰਘ ਸਾਬਕਾ ਪ੍ਰਧਾਨ ( ਪੰਜਾਬ ਏਡਿਡ ਸਕੂਲ) ਚੋਪੜਾ ਸਾਹਿਬ ਰੋਪੜ , ਲੂੰਬਾ ਸਾਹਿਬ ਮਾਨਸਾ, ਸਭ ਨੇ ਹਾਰ ਪਾਏ। ਸੋਹੀ ਸਾਹਿਬ ਮਾਨਸਾ, ਰਾਮ ਗੋਪਾਲ ਚੌਧਰੀ (ਅਨੰਦਪੁਰ ਸਾਹਿਬ), ਮਦਨ ਲਾਲ ਸ਼ਰਮਾ ਅੰਮ੍ਰਿਤਸਰ ਸਭ ਨੇ ਆਪਣੇ ਭਾਵਪੂਰਤ ਭਾਸ਼ਨ ਰਾਹੀ ਪ੍ਰਧਾਨ ਜੀ ਦੀ ਸੁਯੋਗ ਅਗਵਾਈ ਦੀ ਪ੍ਰਸੰਸਾ ਕੀਤੀ ਤੇ ਵਿਸ਼ਵਾਸ ਦਿਵਾਇਆ, ਜਦੋਂ ਤੱਕ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓਦੋਂ ਤਕ ਅਸੀਂ ਪਿੱਛੇ ਨਹੀਂ ਹਟਾਂਗੇ। ਸਤਿੰਦਰ ਸਿੰਘ, ਪ੍ਰੇਮ ਸ਼ਰਮਾ ਜੀ ਤੇ ਖਜ਼ਾਨ ਸਿੰਘ ਨੇ ਜਦੋਂ ਆਪਣੇ ਗੀਤ ਛੇੜੇ ਤਾਂ ਜੇਲ੍ਹ ਸੁਪਰਡੈਂਟ ਸ਼ਰਮਾ ਜੀ ਵੀ ਆਵਾਜ਼ ਸੁਣ ਕੇ ਦੰਗ ਰਹਿ ਗਏ।
ਹੁਣ ਵਾਰੀ ਡੀ.ਆਈ.ਜੀ. ਸਾਹਿਬ ਦੀ ਸੀ ।” ਮੈਨੂੰ ਏਥੇ ਸਰਵਿਸ ਕਰਦਿਆਂ ਵੀਹ, ਪੱਚੀ ਸਾਲ ਹੋ ਗਏ, ਬੜੀਆਂ ਜਥੇਬੰਦੀਆਂ ਰਾਜਨੀਤਕ ਪਾਰਟੀਆਂ, ਏਥੇ ਆਪਣੇ ਹੱਕਾਂ ਦੀ ਰਾਖੀ ਲਈ ਆਉਂਦੀਆਂ ਨੇ, ਪਰ ਮੈਂ ਐਨੇ ਅਨੁਸ਼ਾਸਨ ਵਾਲੀ ਜਥੇਬੰਦੀ ਅਜੇ ਤੱਕ ਨਹੀਂ ਦੇਖੀ, ਨਾ ਹੀ ਕਿਸੇ ਪਾਰਟੀ ਦਾ ਲੀਡਰ ਸਰਦਾਰ ਤੇਜਾ ਸਿੰਘ ਜਿੰਨਾਂ ਯੋਗ ਦੇਖਿਐ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਜਿਸ ਕੰਮ ਲਈ ਤੁਸੀਂ ਸੰਘਰਸ਼ ਅਰੰਭਿਆ ਹੈ,ਉਹ ਜਲਦੀ ਪੂਰਾ ਹੋਵੇ। ਇਸ ਖੁਸ਼ੀ ਦੇ ਮੌਕੇ ‘ਤੇ ਪ੍ਰਧਾਨ ਜੀ ਹੋਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਦਾ ਖ਼ੁਸ਼ੀਆਂ ‘ਚ ਰਹਿਣ।”

ਜੇਲ੍ਹ ਸੁਪਰਡੈਂਟ ਸਾਹਿਬ ਐਨੀ ਗੱਲ ਕਹਿਣ ਤੋਂ ਬਾਅਦ,ਆਪਣੀ ਕੁਰਸੀ ਉਪਰ ਬੈਠ ਗਏ। ਉਹਨਾਂ ਦੇ ਹੱਥੋਂ ਪ੍ਰਧਾਨ ਜੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਵਾਇਆ ਗਿਆ। ਅਧਿਆਪਕਾਂ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਡੀ.ਆਈ.ਜੀ. ਸ਼ਰਮਾ ਜੀ ਨੂੰ ਵੀ ਭੇਂਟ ਕੀਤਾ ਗਿਆ। ਚਾਹ ਤੇ ਮਠਿਆਈ ਆ ਗਈ ਸੀ, ਅਜੇ ਡੀ.ਆਈ.ਜੀ. ਸ਼ਰਮਾ ਸਾਹਿਬ ਨੇ ਚਾਹ ਦੀ ਘੁੱਟ ਹੀ ਭਰੀ ਸੀ ਤੇ ਇੱਕ ਸਿਪਾਹੀ ਬੁਲਾਵਾ ਲੈ ਕੇ ਆ ਗਿਆ,ਕਿ ਤੁਹਾਨੂੰ ਕੁਝ ਅਫ਼ਸਰ ਮਿਲਣ ਆਏ ਹਨ। ਉਹ ਸਭ ਤੋਂ ਇਜਾਜ਼ਤ ਲੈ ਕੇ ਚਲੇ ਗਏ। ਇਹ ਉਨ੍ਹਾਂ ਦੀ ਦਲੇਰੀ ਸੀ ਕਿ ਉਹ ਸਮਾਗਮ ਵਿਚ ਆਏ। ਸਰਕਾਰੀ ਨੌਕਰੀ ਵਿਚ ਕਈ ਵਾਰ ਮਜ਼ਬੂਰੀਆਂ ਵੀ ਹੁੰਦੀਆਂ ਨੇ। ਅਸੀਂ ਵੀ ਉਹਨਾਂ ਦੀ ਸਥਿਤੀ ਸਮਝਦੇ ਸਾਂ। ਪ੍ਰੋਗਰਾਮ ਉਸੇ ਤਰੀਕੇ ਨਾਲ ਚੱਲਦਾ ਰਿਹਾ।

ਵਰਮਾ ਜੀ ਨੇ ਪ੍ਰਧਾਨ ਜੀ ਬਾਰੇ ਕਾਫ਼ੀ ਚਾਨਣਾ ਪਾਇਆ, ਉਹਨਾਂ ਹੀ ਸਟੇਜ ‘ਤੇ ਮੇਰਾ ਨਾਮ ਅਨਾਊਂਂਸ ਕੀਤਾ ਕਿ” ਹੁਣ ਮੈਂ ਜਸਪਾਲ “ਜੱਸੀ” ਸਟੇਜ ਸੈਕਟਰੀ ਸਾਹਿਬ ਨੂੰ ਕਹਾਂਗਾ, ਕੀ ਉਹ ਆਪਣੀ ਤਾਜ਼ਾ ਲਿਖੀ ਕਵਿਤਾ ਸਟੇਜ ‘ਤੇ ਸੁਣਾਉਣ।”

ਉਹ ਘੜੀ ਆ ਗਈ ਸੀ ਜਿਸ ਦੀ ਮੈਂ ਸਾਰੀ ਰਾਤ ਇੰਤਜ਼ਾਰ ਕਰਦਾ ਰਿਹਾ ਸਾਂ:-

ਮੇਰੇ ਹੱਥ ਵਿਚ ਫੜੇ ਸਫ਼ੈਦ ਕਾਗਜ਼ ‘ਤੇ ਮੋਟੇ ਅੱਖਰਾਂ ਵਿਚ ਲਿਖਿਆ ਸੀ:-

ਮਿਤੀ 28-2-99 ਪ੍ਰਧਾਨ ਤੇਜਾ ਸਿੰਘ ਜੀ ਨੂੰ ਜੇਲ੍ਹ ਵਿੱਚ ਰਿਟਾਇਰਮੈਂਟ ‘ਤੇ।
*ਜਿਨ੍ਹਾਂ ਕੌਮਾਂ ਦੇ ਸਿਰਤਾਜ,
ਸੀਸ ਤਲੀ ‘ਤੇ ਧਰ,
ਜੰਗੇ ਮੈਦਾਨ ਫਿਰਦੇ ਹੋਣ,
ਉਨ੍ਹਾਂ ਕੌਮਾਂ ਨੂੰ,ਡਰ ਕਾਹਦਾ ਵੇ ਲੋਕਾ !
ਹਾਰ ਜਾਵਣ ਦਾ ਡਰ,
ਜਿਨ੍ਹਾਂ ਕੋਲ ਢੁੱਕਦਾ ਨਹੀਂ,
ਜਿੱਤ ਦਾ ਨਸ਼ਾ,ਸਿਰ ਚੜ੍ਹ ਕੇ ਨਹੀਂ ਬੋਲਦਾ।
ਕਦਮ ਕਦਮ ਸੰਘਰਸ਼ ਦਾ,
ਝੰਡਾ ਉਠਾਇਆ ਜਿਸ ਨੇ।
ਉਸ ਦੇ ਮਾਣ ਤੇ ਸਤਿਕਾਰ ਵਿਚ,
ਸਿਰ ਕਿਉਂ ਨਾ ਝੁਕੇ ਮੇਰਾ।
ਤੇਰਾ ਕਰਜ਼ਾ ਸਾਡੇ ਸਿਰ ‘ਤੇ ਹੈ,
ਸਣੇ ਵਿਆਜ ਅਸੀਂ ਮੋੜਾਂਗੇ,
ਵਕਤ ਦੀ ਹਨੇਰੀ ਦਾ,
ਰੁਖ, ਜ਼ਰਾ ਕੁ ਮੋੜ ਲਈਏ।
ਅੱਜ ਭੇਟਾ ਸਿਰਫ਼ ਪਿਆਰ ਦੀ ਹੈ,
ਬਸ ਨਾਦਰ ਨੂੰ ਰੋਕ ਲਈਏ।
ਫ਼ਿਰ ਤੇਰੀ ਵਿਦਾਇਗੀ ਦੇ,
ਜਸ਼ਨ ਮਨਾਏ ਜਾਣਗੇ,
ਢੋਲ ਵਜਾਏ ਜਾਣਗੇ।
ਇਹਨਾਂ ਸੀਖਾਂ ਪਿੱਛੇ ਸੱਜਣਾ,
ਤੂੰ, ਮੈਂ ਤੇ ਇਹ ਕਾਫ਼ਲਾ…….
ਮੈਨੂੰ ਕੁਝ ਸੁੱਝਦਾ ਨਹੀਂ,
ਤੈਨੂੰ ਕਿੱਥੇ ਵਿਦਾ ਕਰਾਂ?
ਐਡਾ ਜੇਰਾ ਮੇਰਾ ਹੈ ਕਿੱਥੇ ?
ਤੈਨੂੰ ਜੇਲ੍ਹ ‘ਚੋਂ, ਜੇਲ੍ਹ ‘ਚ ਵਿਦਾ ਕਰਾਂ।
ਤੂੰ ਸਾਡਾ ਵਿਸ਼ਵਾਸ ਕਰੀਂ,
ਤੇਰੀ ਸੋਚ ‘ਤੇ ਪੂਰੇ ਉੱਤਰਾਂ ਗੇ।
ਅਜੇ ਤਾਂ ਸਾਰਾ ਹੀ ਬਾਕੀ ਹੈ,
ਕੱਤਣਾ ਤਾਂ ਸ਼ੁਰੂ ਕਰਨ ਦੇ।
ਇੱਕ ਵਾਰ ਹਥੜੇ ਦਾ,
ਗੇੜਾ ਤਾਂ ਸ਼ੁਰੂ ਹੋਣ ਦੇ।
ਫ਼ਿਰ ਗਲੋਟੇ ਗਿਣ ਲਵੀਂ,
ਬਾਬਾ ਦੀਪ ਸਿੰਘ ਦੀ ਸੰਤਾਨ ਦੇ।”
**********************

ਮੈਂ ਆਪਣੀ ਕਵਿਤਾ ਕਹਿ ਦਿੱਤੀ ਸੀ। ਉਨ੍ਹਾਂ ਦੀ ਵਿਦਾਇਗੀ ਦੇ ਸ਼ਬਦ ਮੈਥੋਂ ਕਹੇ ਨਹੀਂ ਗਏ ਸਨ। ਮਾਹੌਲ ਵਿੱਚ ਫ਼ਿਰ ਤੋਂ ਜੋਸ਼ ਗਿਆ ਸੀ। ਪ੍ਰਧਾਨ ਜੀ ਦਾ ਲੈਕਚਰ ਸੁਨਣ ਲਈ ਸਾਰੇ ਬੇਤਾਬ ਸਨ:-
ਹੁਣ ਮੈਂ ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਫ਼ੌਜ ਨੂੰ ਸੰਬੋਧਨ ਕਰਨ। ਸਭ ਨੂੰ ਫ਼ਤਹਿ ਬੁਲਾ ਕੇ, ਇਕ ਦੋ ਨਾਅਰੇ ਲਾਉਣ ਤੋਂ ਬਾਅਦ ਪ੍ਰਧਾਨ ਜੀ ਨੇ ਕਹਿਣਾ ਸ਼ੁਰੂ ਕੀਤਾ,

*ਮੇਰੇ ਜੁਝਾਰੂ ਸਾਥੀਓ !
ਮੈਂ ਬੜਾ ਖੁਸ਼ ਨਸੀਬ ਹਾਂ,ਜਿਹੜਾ‌ ਆਪਣੀ ਸਰਵਿਸ ਦੀ ਵਿਦਾਇਗੀ ਪਾਰਟੀ ਜੇਲ੍ਹ ‘ਚ ਲੈ ਰਿਹਾ ਹਾਂ। ਇੱਕ ਗੱਲ ਹੋਰ ਮੇਰੇ ਲਈ ਇਤਿਹਾਸਕ ਹੋ ਨਿੱਬੜੀ ਹੈ, 1967 ਵਿਚ, ਜਦੋਂ ਮੈਂ ਆਪਣਾ ਸਰਵਿਸ ਕੈਰੀਅਰ ਸ਼ੁਰੂ ਕੀਤਾ। ਮੇਰੀ ਸਰਵਿਸ ਦਾ ਆਗਾਜ਼ ਵੀ ਜੇਲ੍ਹ ਤੋਂ ਸ਼ੁਰੂ ਹੋਇਆ ਤੇ ਅੱਜ ਅੰਤ ਵੀ ਜੇਲ੍ਹ ਵਿਚ ਹੋ ਰਿਹੈ। ਮੈਂ ਕਿੰਨਾ ਭਾਗਾਂ ਵਾਲਾ ਜੀਅ ਹਾਂ, ਜਿਸ ਨੂੰ ਤੁਹਾਡੇ ਵਰਗੀ ਸੁਲਝੀ ਹੋਈ ਫ਼ੌਜ ਦੀ ਕਮਾਂਡ ਸੰਭਲਣ ਦਾ ਮੌਕਾ ਮਿਲਿਐ। ਮੇਰਾ ਕਤਰਾ-ਕਤਰਾ ਤੁਹਾਡੇ ਪਿਆਰ ਤੇ ਸਤਿਕਾਰ ਦਾ ਰਿਣੀ ਹੈ। ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਬਿਨਾਂ ਸਾਰੀਆਂ ਮੰਗਾਂ ਮੰਨੇ , ਮੇਰੀ ਲਾਸ਼ ਤਾਂ ਜੇਲ੍ਹ ‘ਚੋਂ ਜਾ ਸਕਦੀ ਹੈ, ਪਰ ਕੋਈ ਧੋਖਾ ਮੈਂ ਬਰਦਾਸ਼ਤ ਨਹੀਂ ਕਰਾਂਗਾ, ਜੇ ਜੇਲ੍ਹ ਵਿਚ ਮਰਨ ਵਰਤ ਸ਼ੁਰੂ ਕਰਨਾ ਪਿਆ, ਮੈਂ ਹੀ ਉਸ ਨੂੰ ਸ਼ੁਰੂ ਕਰਾਂਗਾ। ਜੇ ਤੁਸੀਂ ਕਹੋਂ ਤਾਂ ਮੈਂ ਅੱਜ ਹੀ ਮਰਨ ਵਰਤ ਸ਼ੁਰੂ ਕਰ ਸਕਦਾਂ। (ਚਾਰੇ ਪਾਸੇ ਪ੍ਰਧਾਨ ਜੀ ਦੀ ਜੈ ਜੈਕਾਰ ਸ਼ੁਰੂ ਹੋ ਗਈ ਸੀ। ਇੱਕ ਵਾਰ ਫ਼ੇਰ ਸਰਕਾਰ ਦੇ ਖ਼ਿਲਾਫ਼ ਨਾਅਰੇ ਗੂੰਜਣ ਲੱਗੇ। ਵਾਕਿਆ ਹੀ ਅੱਜ ਇਤਿਹਾਸਕ ਦਿਨ ਸੀ। ਪ੍ਰਧਾਨ ਸਰਦਾਰ ਤੇਜਾ ਸਿੰਘ ਨੇ ਏਡਿਡ ਸਕੂਲਾਂ ਦੇ ਇਤਿਹਾਸ ਵਿਚ ਇੱਕ ਪੰਨਾ ਹੋਰ ਜੋੜ ਦਿੱਤਾ ਸੀ। ਇਸ ਤਰ੍ਹਾਂ ਦੇ ਦਿਨ ਕਿਸੇ ਭਾਗਾਂ ਵਾਲੇ ਦੇ ਹੀ ਹਿੱਸੇ ਆਉਂਦੇ ਹਨ।)

“ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰ-ਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਇੱਕ ਆਵਾਜ਼ ‘ਤੇ ਜੇਲ੍ਹਾਂ ਭਰ ਦਿੱਤੀਆਂ। ਮੈਂ ਦੇਖਣੈਂ, ਸਰਕਾਰ ਕਿੰਨਾ ਸਮਾਂ ਸਾਨੂੰ ਝੱਲ ਸਕਦੀ ਹੈ। ਵਿੱਤ-ਮੰਤਰੀ ਕਿਵੇਂ ਲਾਲ ਬੱਤੀ ਵਾਲੀ ਗੱਡੀ ਲੈ ਕੇ, ਜਲਸਿਆਂ ਜਲੂਸਾਂ ‘ਚ ਜਾਂਦੈ। ਜੇ ਇਨ੍ਹਾਂ ਦਾ ਪੰਜਾਬ ‘ਚ ਨਿਕਲਣਾ ਬੰਦ ਨਾ ਕਰ ਤਾਂ, ਇਹ ਕੀ ਸਮਝਣਗੇ। ਇਹ ਜਿਨ੍ਹਾਂ ਕਾਰਾਂ ‘ਤੇ ਚੜ੍ਹੇ ਫਿਰਦੇ ਨੇ, ਇਹ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਦੀਆਂ ਨੇ। ਜੇ ਆਪਣੀ ਕਾਬਲੀਅਤ ‘ਤੇ ਐਨਾ ਹੀ ਮਾਣ ਹੈ ਤਾਂ, ਇੱਕ ਵਾਰ ਅਸਤੀਫ਼ਾ ਦੇ ਕੇ ਦੁਬਾਰਾ ਮੈਦਾਨ ਵਿਚ ਆਉਣ, ਜੇ ਇਨ੍ਹਾਂ ਦੀਆਂ ਜ਼ਮਾਨਤਾਂ ਨਾ ਜ਼ਬਤ ਕਰਾਈਆਂ, ਮੈਨੂੰ ਏਡਿਡ ਸਕੂਲਾਂ ਦਾ ਲੀਡਰ ਨਾ ਸਮਝਣਾ। ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਧੌਣ ‘ਤੇ ਗੋਡਾ ਰੱਖ ਕੇ ਮੰਨਵਾਵਾਂਗੇ।

ਦੋਸਤੋ ! ਤੁਹਾਡੀ ਕੁਰਬਾਨੀ ਜਲਦੀ ਰੰਗ ਲਿਆਵੇਗੀ।
ਮੈ ਵਿਸ਼ਵਾਸ ਨਾਲ ਕਹਿੰਦਾ ਹਾਂ, ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦੀ ਪਾਰਟੀ ‘ਚ ਸ਼ਾਮਲ ਡੀਆਈਜੀ ਸ਼ਰਮਾ ਜੀ, ਸਾਰੇ ਅਧਿਆਪਕਾਂ, ਕਲਾਕਾਰਾਂ, ਨੂੰ ਬਹੁਤ ਬਹੁਤ ਵਧਾਈ।‌ ਆਹ ਛੋਟੂ, ਆਪਣਾ “ਜੱਸੀ” ਮੇਰੇ ‘ਤੇ ਬਹੁਤ ਭਾਰ ਚੜ੍ਹਾਈ ਜਾਂਦੈ। ਇਸ ਦੀ ਕਵਿਤਾ ਲਈ ਇਸ ਨੂੰ ਵੀ ਦਾਦ ਦਿੰਦਾ ਹਾਂ।

ਜੈ ਜਨਤਾ, ਜੈ ਸੰਘਰਸ਼।
ਇਹ ਕਹਿ ਕੇ ਜਦੋਂ ਪ੍ਰਧਾਨ ਜੀ ਬੈਠੇ ਤਾਂ ਇਕ ਵਾਰ ਫ਼ੇਰ ਚਾਰੇ ਪਾਸੇ,ਨਾਹਰਿਆਂ ਨੇ ਜੇਲ੍ਹ ਵਿਚ ਗੂੰਜਾ ਪਾ ਦਿੱਤੀਆਂ। ਪ੍ਰਧਾਨ ਜੀ ਨੂੰ ਸਾਰੇ ਜ਼ਿਲ੍ਹਿਆਂ ਵੱਲੋਂ , ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਾਰੇ ਅਧਿਆਪਕ ਪਾਰਟੀ ਭੋਜ ਖਾਣ ਵਿਚ ਮਸਤ ਹੋ ਗਏ।

ਮੈਂ ਜਦੋਂ ਸਟੇਜ ਤੋਂ ਜਾਣ ਲੱਗਿਆ, ਪ੍ਰਧਾਨ ਜੀ ਨੇ ਮੈਨੂੰ ਫ਼ੇਰ ਬੁਲਾ ਲਿਆ, “ਜਸਪਾਲ” ਪੁੱਤਰ! ਇਹ ਕਵਿਤਾ ਮੇਰੀ ਡਾਇਰੀ ‘ਤੇ ਲਿਖ ਦੇਵੀਂ , ਮੈਂ ਅੱਛਾ ਜੀ ਕਿਹਾ, ਪਰ ਡਾਇਰੀ ‘ਤੇ ਕਵਿਤਾ ਲਿਖਣ ਦਾ ਸਮਾਂ ਨਾ ਮਿਲਿਆ,ਅਸਲ ਵਿਚ ਮੈਂ ਇਸ ਕਵਿਤਾ ਨੂੰ ਕਿਸੇ ਹੋਰ ਰੂਪ ਵਿਚ ਭੇਟ ਕਰਨਾ ਚਾਹੁੰਦਾ ਸਾਂ, ਜਿਸ ਦਾ ਉਪਰਾਲਾ ਇਸ ਹਥਲੀ ਲਿਖਤ/ਕਿਤਾਬ ਦੇ ਰੂਪ ਵਿਚ ਕੀਤਾ ਜਾ ਰਿਹਾ ਹੈ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ- ਢੋਲ
Next articleਲੋਕ ਵਿਰਸੇ ਨੂੰ ਲਿਖਤਾਂ ਵਿੱਚ ਲਿਆਉਣ ਦੀ ਲੋੜ: ਡਾ. ਅਰਵਿੰਦਰ ਕੌਰ ਕਾਕੜਾ