ਸੇਵਾਮੁਕਤ ਆਈਏਐੱਸ ਅਫ਼ਸਰ ਹੋਣਗੇ ਕਿਸਾਨ ਸੰਸਦ ਦੇ ਇਜਲਾਸ ’ਚ ਸ਼ਾਮਲ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਹੁਣ ਕਿਸਾਨ ਸੰਸਦ ਦੇ ਇਜਲਾਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ। ਇਹ ਅਧਿਕਾਰੀ ਸ਼ੁਰੂ ਤੋਂ ਹੀ ਕਿਸਾਨ ਸੰਘਰਸ਼ ਦੇ ਪੱਖ ’ਚ ਕੁੱਦੇ ਹੋਏ ਹਨ ਅਤੇ ਅੱਜ ਇਨ੍ਹਾਂ ਅਧਿਕਾਰੀਆਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕਰ ਕੇ ਕਿਸਾਨ ਸੰਸਦ ਦੇ ਇੱਕ ਇਜਲਾਸ ਵਿਚ ਜਾਣ ਦਾ ਐਲਾਨ ਕੀਤਾ ਹੈ। ਅੱਜ ਦੀ ਮੀਟਿੰਗ ਵਿਚ ਫੌਜੀ ਅਧਿਕਾਰੀ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਇਸ ਕਿਸਾਨ ਮੋਰਚੇ ’ਚ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਦੇਸ਼ ਵਿਚ ਕਿਰਤੀਆਂ ਤੇ ਕਿਸਾਨਾਂ ਸਬੰਧੀ ਪੁਰਾਣੇ ਨਜ਼ਰੀਏ ਨੂੰ ਮੋੜਾ ਦਿੱਤਾ ਹੈ। ਅੱਜ ਮੀਟਿੰਗ ਦੀ ਪ੍ਰਧਾਨਗੀ ਸੇਵਾਮੁਕਤ ਅਧਿਕਾਰੀ ਸਵਰਨ ਸਿੰਘ ਬੋਪਾਰਾਏ ਅਤੇ ਰਮੇਸ਼ ਇੰਦਰ ਸਿੰਘ ਨੇ ਕੀਤੀ। ਸਭ ਤੋਂ ਪਹਿਲਾਂ ਮੀਟਿੰਗ ਵਿਚ ਪੰਜਾਬ ਮੰਡੀ ਬੋਰਡ ਦੇ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਗਿੱਲ ਦੇ ਅਚਾਨਕ ਵਿਛੋੜੇ ਉੱਤੇ ਦੁੱਖ ਪ੍ਰਗਟ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿਲੀ ਵਿਚ ਜੰਤਰ-ਮੰਤਰ ਵਾਲੀ ਥਾਂ ’ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੀ ਸ਼ਲਾਘਾ ਕਰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਆਜ਼ਾਦ ਭਾਰਤ ਵਿਚ ਸ਼ਾਂਤਮਈ ਅੰਦੋਲਨ ਦਾ ਇਹ ਨਵਾਂ ਰੂਪ ਕਿਰਤੀਆਂ ਤੇ ਕਿਸਾਨਾਂ ਦੇ ਹਿੱਸੇ ਆਇਆ ਹੈ।

ਮੀਟਿੰਗ ਵਿਚ ਸਾਬਕਾ ਸੀਨੀਅਰ ਅਧਿਕਾਰੀ ਸਵਰਨ ਸਿੰਘ ਬੋਪਾਰਾਏ, ਗੁਰਪ੍ਰਤਾਪ ਸਿੰਘ ਸਾਹੀ, ਐੱਮ.ਪੀ.ਐੱਸ. ਔਲਖ, ਆਰ.ਆਈ. ਸਿੰਘ, ਡੀ.ਐੱਸ. ਬੈਂਸ, ਕੁਲਬੀਰ ਸਿੰਘ ਸਿੱਧੂ, ਇਕਬਾਲ ਸਿੰਘ ਸਿੱਧੂ, ਜੀ.ਕੇ. ਸਿੰਘ, ਹਰਕੇਸ਼ ਸਿੰਘ ਸਿੱਧੂ, ਬ੍ਰਿਗੇਡੀਅਰ ਇੰਦਰ ਮੋਹਨ ਸਿੰਘ, ਬ੍ਰਿਗੇਡੀਅਰ ਹਰਵੰਤ ਸਿੰਘ ਅਤੇ ਜਰਨੈਲ ਸਿੰਘ ਆਦਿ ਸ਼ਾਮਲ ਸਨ। ਮੀਟਿੰਗ ਵਿਚ ਦੁੱਖ ਪ੍ਰਗਟ ਕੀਤਾ ਗਿਆ ਕਿ ਕਿਸਾਨ ਵਿਰੋਧੀ ਅਨਸਰ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਝੂਠ ਅਤੇ ਕੂੜ ਦਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਆਮ ਲੋਕਾਂ ਵਿੱਚ ਭਰਮ ਫੈਲਾਇਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਵਿਚ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKarnataka logs 1,705 new Covid cases, 30 deaths
Next articleUNGA President-elect Abdulla Shahid meets Modi