ਜਿੰਮੀਦਾਰ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਜਿੰਮੀਦਾਰ:-
ਮਾਰਦੀ ਏ ਚੁਸੇ ਪਾਣੀ ਮੋਟਰ ਨਾ ਚੱਕਦੀ
ਆਵੇ ਨਾ ਪਕਾਉਣੀ ਰੋਟੀ ਭਈਆਂ ਤੋਂ ਨਾ ਪੱਕਦੀ
ਪੁੱਟੀ ਜਾਂਦੇ ਬਹਿਕੇ ਖੇਤ ਚ ਪਨੀਰੀ
ਨੀ ਰੋਟੀਆਂ ਬਣਾਦੇ ਸੱਠ ਤੂੰ
ਖੇਤੋਂ ਭੇਜ’ਦਉਂ ਲਿਆਉ ਘਰੋਂ ਸੀਰੀ
ਨੀ ਰੋਟੀਆਂ ਪਕਾ ਲੈ ਸੱਠ ਤੂੰ

ਸਰਦਾਰਨੀ:-
ਪੜ੍ਹਕੇ ਸਕੂਲੋਂ ਆਇਆ ਪੁੱਤ
ਸਰਦਾਰਾ ਵੇ
ਪੱਕਣੀ ਨਾ ਰੋਟੀ ਮੈਥੋਂ
ਪੈਜੂਗਾ ਖਿਲਾਰਾ ਵੇ
ਕੋਈ ਹੋਰ ਕਰਨਾ ਹੀ ਪੈਣਾ ਹਿੱਲਾ
ਜਾ ਖੇਤ ਚ ਫੜਾਇਆ ਭੱਜਕੇ
ਚੌਲ਼ਾ ਲਈ ਧੋਕੇ ਰੱਖਿਆ ਪਤੀਲਾ
ਓ ਪੁੱਤਾ ਜਾ ਫੜਾਇਆ ਭੱਜਕੇ

ਜਿੰਮੀਦਾਰ:-
ਭੇਜਦੇ ਦੁਪਿਹਰ ਦੀ ਤੂੰ
ਕਰੇਂ ਕਾਹਤੋਂ ਹਿੰਡ ਨੀ
ਲੜਨੇ ਨੂੰ ਫਿਰਦੀ ਏਂ
ਬਣਕੇ ਭਰਿੰਡ ਨੀ
ਤੈਨੂੰ ਦਿੱਤੀ ਗੱਲ ਆਖ ਅਖੀਰੀ
ਨੀ ਰੋਟੀਆਂ ਬਣਾਦੇ ਸੱਠ ਤੂੰ
ਖੇਤੋਂ ਭੇਜ ਦੂੰ ਲਿਆਉ ਘਰੋਂ ਸੀਰੀ
ਨੀ ਰੋਟੀਆਂ ਬਣਾਦੇ ਸੱਠ ਤੂੰ

ਸਰਦਾਰਨੀ:-
ਮੁੜ ਮੁੜ ਲੱਗੀ ਜਾਂਦੇ
ਬਿਜਲੀ ਦੇ ਕੱਟ ਵੇ
ਗਰਮੀ ਦੇ ਤੌਣ ਸੱਚੀਂ
ਕੱਢੀ ਜਾਂਦੇ ਵੱਟ ਵੇ
ਉੱਤੋਂ ਮੱਝ ਨੇ ਪਟਾ ਲਿਆ ਏ ਕਿੱਲਾ
ਜਾ ਖੇਤ ਚ ਫੜਾਇਆ ਭੱਜਕੇ
ਮਾਂਜ ਦਿੱਤਾ ਚੌਲਾਂ ਵਾਲ਼ਾ ਮੈਂ ਪਤੀਲਾ
ਵੇ ਪੁੱਤਾ ਤੂੰ ਫੜਾਇਆ ਭੱਜਕੇ

ਜਿੰਮੀਦਾਰ:-
ਮੰਨਦੀ ਨਾ ਗੱਲ ਮੇਰੀ
ਕਰ ਲੈ ਖਿਆਲ ਨੀ
ਭੇਜਦਾ ਸੁਨੇਹੇ
ਥੱਕ ਗਿਆ ਧਾਲੀਵਾਲ ਨੀ
ਏਹ ਤੋਂ ਚੰਗੀ ਧੰਨੇ ਜੱਟਾ ਸੀ ਫ਼ਕੀਰੀ
ਨੀ ਰੋਟੀਆਂ ਬਣਾਦੇ ਸੱਠ ਤੂੰ
ਖੇਤੋਂ ਭੇਜ’ਦਉਂ ਲਿਆਉ ਘਰੋਂ ਸੀਰੀ
ਨੀ ਰੋਟੀਆਂ ਬਣਾਦੇ ਸੱਠ ਤੂੰ

ਸਰਦਾਰਨੀ:-
ਫ਼ੋਨ ਉੱਤੇ ਅੱਕ ਗਈ
ਸੁਣ ਗੱਲਾਂ ਤੇਰੀਆਂ
ਕਰਨ ਨਾ ਕੰਮ
ਗਰਮੀ ਚ ਬਾਹਾਂ ਮੇਰੀਆਂ
ਦੁੱਧ ਡੋਲ ਗਿਆ ਬਰਾਂਡੇ ਵਿੱਚ ਬਿੱਲਾ
ਜਾ ਖੇਤਾਂ ਚ ਫੜਾਇਆ ਭੱਜਕੇ
ਮਾਂਜ ਦਿੱਤਾ ਚੌਲਾਂ ਵਾਲ਼ਾ ਮੈਂ ਪਤੀਲਾ
ਓ ਮੱਲਾ ਜਾ ਫੜਾਇਆ ਭੱਜਕੇ

ਧੰਨਾ ਧਾਲੀਵਾਲ਼

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ?
Next article“ਭਾਰੀ ਵਰਖਾ”