ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਡੀ.ਸੀ ਦਫਤਰ ਅੱਗੇ ਜ਼ਬਰ ਵਿਰੋਧੀ ਧਰਨਾ ਦਿੱਤਾ ਗਿਆ ,ਸ਼ੰਭੂ ਅਤੇ ਖੰਨੌਰੀ ਬਾਰਡਰਾਂ ਤੇ ਕਿਸਾਨਾਂ ਉੱਤੇ ਕੀਤੇ ਗਏ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ l ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰਿਆਂ ਨੇ ਕਿਸਾਨਾਂ ਦੇ ਤੰਬੂਆਂ ਤੇ ਬੁਲਡੋਜ਼ਰ ਫੇਰਨ, ਟਰੈਕਟਰ ਟਰਾਲੀਆਂ ਅਤੇ ਹੋਰ ਸਮਾਨ ਚੋਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਉਹਨਾਂ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ l ਉਨ੍ਹਾਂ ਕਿਹਾ ਕਿ ਇਸ ਕਰਤੂਤ ਨਾਲ਼ ਆਮ ਆਦਮੀ ਪਾਰਟੀ ਦਾ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਚਿਹਰਾ ਚੁਰਾਹੇ ਵਿੱਚ ਨੰਗਾ ਹੋ ਗਿਆ l ਇੰਝ ਲਗਦਾ ਕਿ ਪੰਜਾਬ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ l ਪੰਜਾਬ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ l ਆਮ ਆਦਮੀ ਪਾਰਟੀ ਵਲੋਂ ਪੁਲਿਸ ਨੂੰ ਖੁਲੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ।ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਤਰਜ਼ ਤੇ ਨਸ਼ਾ ਕਾਬੂ ਕਰਨ ਦੇ ਨਾਂ ਹੇਠ ਲੋਕਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਤੇ ਝੂਠੇ ਮੁਕਾਬਲੇ ਬਣਾ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ l ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਹੁਣ ਤੱਕ ਦੀ ਸੱਭ ਤੋਂ ਨਕੰਮੀ ਸਰਕਾਰ ਹੈ ਜਿਸ ਦੇ ਪੱਲੇ ਕੁੱਝ ਨਹੀਂ l ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਪਰ ਜਿਸ ਢੰਗ ਨਾਲ਼ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਲੱਗਦਾ ਹੈ ਜਲਦੀ ਪੰਜਾਬ ਨੂੰ ਕੰਗਾਲ ਕਰ ਦੇਵੇਗੀ l ਸਰਕਾਰ ਨੂੰ ਕਿਸਾਨਾਂ ਸਿਰ ਇੱਕ ਲੱਖ ਕਰੋੜ ਤੋਂ ਵੱਧ ਦੇ ਚੜ੍ਹੇ ਕਰਜ਼ੇ ਤੇ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਨਾਲ਼ ਕੋਈ ਸਰੋਕਾਰ ਨਹੀਂ l ਇਸ ਵਾਰ ਦੇ ਖੇਤੀ ਸੈਕਟਰ ਲਈ ਰੱਖੇ ਨਿਗੂਣੇ ਬੱਜਟ ਨੇ ਸਾਬਤ ਕਰ ਦਿੱਤਾ ਕਿ ਖੇਤੀ ਸੈਕਟਰ ਸਰਕਾਰ ਦੀ ਤਰਜ਼ੀਹ ਨਹੀਂ l ਬੁਲਾਰਿਆਂ ਨੇ ਕਿਹਾ ਕਿ ਸਰਕਾਰ ਹੋਸ਼ ਵਿੱਚ ਆਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ l ਅੱਜ ਦੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭਪਿੰਦਰ ਸਿੰਘ ਵੜੈਚ,ਰਣਜੀਤ ਸਿੰਘ ਰਟੈਂਡਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸੁੱਖਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਦਲਜੀਤ ਸਿੰਘ ਬੋਲਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਸਤਨਾਮ ਸਿੰਘ ਸਾਹਨੀ ਭਾਰਤੀ ਕਿਸਾਨ ਯੂਨੀਅਨ( ਦੋਆਬਾ), ਗੁਰਮੁਖ ਸਿੰਘ ਭਾਰਤੀ ਕਿਸਾਨ ਯੂਨੀਅਨ( ਰਾਜੇਵਾਲ), ਰਾਹੁਲ ਅਦੋਆਣਾ ਕੌਮੀ ਕਿਸਾਨ ਯੂਨੀਅਨ, ਮਾਸਟਰ ਕਰਨੈਲ ਸਿੰਘ ਦੋਆਬਾ ਕਿਸਾਨ ਯੂਨੀਅਨ, ਸਤਨਾਮ ਸਿੰਘ ਗੁਲਾਟੀ ਜਮਹੂਰੀ ਕਿਸਾਨ ਸਭਾ, ਸੁਰਜੀਤ ਕੌਰ ਉਟਾਲ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ, ਅਵਤਾਰ ਸਿੰਘ ਤਾਰੀ ਇਫਟੂ, ਹਰਪਾਲ ਸਿੰਘ ਜਗਤਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮਨਜੀਤ ਕੌਰ , ਸੋਹਣ ਸਿੰਘ ਅਟਵਾਲ, ਤਰਸੇਮ ਸਿੰਘ ਬੈਂਸ ਕਿਰਤੀ , ਸੁਰਿੰਦਰ ਸਿੰਘ ਮਹਿਰਮਪੁਰ, ਪਰਮਜੀਤ ਸਿੰਘ ਸੰਘਾ ਅਤੇ ਜਸਪਾਲ ਸਿੰਘ ਮੱਲ੍ਹਾ ਸੋਡੀਆਂ, ਬਲਵੰਤ ਸਿੰਘ ਲਾਦੀਆਂ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾਇਸ ਮੌਕੇ ਗਵਰਨਰ ਪੰਜਾਬ ਦੇ ਨਾਂਅ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj