(ਸਮਾਜ ਵੀਕਲੀ)
“ਕਿਵੇਂ ਝਾਟੇ ਖੇਹ ਪਾ ਗਈ ਵਿਚਾਰੇ ਬੁੱਢੇ ਮਾਂ ਪਿਉ ਦੇ , ਕਮੂਤੇ ਜੇ ਭੱਜਣਾ ਈ ਸੀ ਤਾਂ ਪਿੰਡੋਂ ਬਾਹਰ ਦੇ ਮੁੰਡੇ ਨਾਲ ਭੱਜ ਜਾਂਦੀ ।”
ਇਹ ਗੱਲ ਗਿੰਦਰ ਦੇ ਘਰਵਾਲੀ ਕੋਲੋਂ ਬੱਠਲ ਫੜ੍ਹਨ ਆਈ ਦੇਬੋ ਨੈਣ ਨੇ ਮਿੰਦੇ ਮਿਲਖੀ ਦੀ ਕੁੜੀ ਦੇ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਭੱਜ ਜਾਣ ਨੂੰ ਲੈ ਕੇ ਆਖੀ।
ਉਨ੍ਹਾਂ ਨੂੰ ਇਉਂ ਗੱਲਾਂ ਕਰਦਿਆਂ ਸੁਣ , ਸਿਰ ਤੇ ਅਰਲਾਸੇਟ ਜਿਹੀ ਪੱਗ ਵਲਦਿਆਂ ਗਿੰਦਰ ਨੇ ਕਾਲਜ ਨੂੰ ਤਿਆਰ ਹੋ ਰਹੀ ਆਵਦੀ ਜਵਾਨ ਧੀ ਵੱਲ ਦੇਖ ਕੇ ਆਪਣੇ ਘਰਵਾਲੀ ਚਰਨੋਂ ਨੂੰ ਕਿਹਾ,” ਚਰਨੋਂ ਆਵਦੀ ਧੀ ਨੂੰ ਕਹਿ ਦੇ , ਧੀਏ ਪੜ੍ਹ ਜਿੰਨ੍ਹਾਂ ਮਰਜ਼ੀ ਲੈ ਪਰ ਮੇਰੀ ਪੱਗ ਦੀ ਇੱਜ਼ਤ ਦਾ ਖਿਆਲ ਰੱਖੀਂ, ਜੇ ਇਹੋ ਜੀ ਕੋਈ ਗੱਲ ਹੋਈ ਤਾਂ ਪਹਿਲਾਂ ਦੱਸ ਦੇਈਂ, ਇਉਂ ਲੋਕਾਂ ਤੋਂ ਥੂ-ਥੂ ਨਾ ਕਰਾਈਂ ।”
ਆਪਣੀ ਮਾਂ ਨੂੰ ਕਹੀ ਇਹ ਗੱਲ ਦੀ ਭਿਣਕ ਕੁੜੀ ਦੇ ਕੰਨੀਂ ਪੈ ਗਈ , ਉਹ ਪਿਉ ਨੂੰ ਰੋਟੀ ਵਾਲਾ ਡੱਬਾ ਫੜਾਉਂਦੀ ਹੋਈ ਕਹਿਣ ਲੱਗੀ, ਬਾਪੂ ਤੂੰ ਬੇਫ਼ਿਕਰ ਰਹਿ ਤੇਰੀ ਧੀ ਕਦੇ ਤੇਰਾ ਸਿਰ ਨੀਵਾਂ ਨੀ ਹੋਣ ਦਿੰਦੀ , ਤੇਰੀ ਪੱਗ ਦੀ ਇੱਜ਼ਤ ਹੀ ਤਾਂ ਮੇਰੀ ਇੱਜ਼ਤ ਐ।”
ਧੀ ਦੇ ਮੂੰਹੋਂ ਇਹ ਗੱਲ ਸੁਣ ਪਿਉ ਦਾ ਸੀਨਾ ਪਹਿਲਾਂ ਨਾਲੋਂ ਚੌੜਾ ਹੋ ਗਿਆ ਤੇ ਉਹ ਰੋਟੀ ਵਾਲਾ ਡੱਬਾ ਫੜ੍ਹ ਕੰਮ ‘ਤੇ ਤੁਰ ਪਿਆ।
ਸਤਨਾਮ ਸਿੰਘ ਸ਼ਦੀਦ
99142-98580
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly