ਚੰਡੀਗੜ੍ਹ (ਸਮਾਜ ਵੀਕਲੀ): ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਰਾਜ ਸਭਾ ਵਿੱਚ ਨੁਮਾਇੰਦਗੀ ਦੇ ਮੁੱਦੇ ਨੂੰ ਲੈ ਕੇ ਮਾਹੌਲ ਗਰਮ ਹੋ ਗਿਆ ਹੈ। ਅੱਜ ਨਗਰ ਨਿਗਮ ਹਾਊਸ ਦੀ ਮਹੀਨਾਵਾਰ ਮੀਟਿੰਗ ਦੌਰਾਨ ਇਸ ਮੁੱਦੇ ’ਤੇ ਨਿਗਮ ਦੇ ਸਾਰੇ ਕੌਂਸਲਰਾਂ ਨੇ ਬਿਨਾਂ ਕੋਈ ਰਾਜਨੀਤੀ ਕੀਤਿਆਂ ਸਹਿਮਤੀ ਪ੍ਰਗਟਾਈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਲਈ ਰਾਜ ਸਭਾ ਵਿੱਚ ਨੁਮਾਇੰਦਗੀ ਸਬੰਧੀ ਯੂਟੀ ਪ੍ਰਸ਼ਾਸਨ ਤੋਂ ਸੁਝਾਅ ਮੰਗਿਆ ਸੀ।
ਪ੍ਰਸ਼ਾਸਨ ਨੇ ਗ੍ਰਹਿ ਮੰਤਰਾਲੇ ਨੂੰ ਜਵਾਬ ਭੇਜਣ ਲਈ ਇਸ ਬਾਰੇ ਫ਼ੈਸਲਾ ਲੈਣ ਲਈ ਨਗਰ ਨਿਗਮ ਕੋਲ ਚਰਚਾ ਲਈ ਭੇਜਿਆ ਸੀ। ਅੱਜ ਨਿਗਮ ਹਾਊਸ ਵਿੱਚ ਕੀਤੀ ਗਈ ਚਰਚਾ ਤੋਂ ਬਾਅਦ ਕੌਂਸਲਰਾਂ ਵੱਲੋਂ ਸਹਿਮਤੀ ਜਤਾਉਣ ਤੋਂ ਬਾਅਦ ਹੋਏ ਫੈਸਲੇ ਨੂੰ ਪ੍ਰਸ਼ਾਸਨ ਗ੍ਰਹਿ ਮੰਤਰਾਲੇ ਨੂੰ ਭੇਜੇਗਾ। ਦੱਸਣਯੋਗ ਹੈ ਕਿ ਇਸ ਰਾਜ ਸਭਾ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਇੱਕ ਬਿੱਲ ਪੇਸ਼ ਕਰ ਕੇ ਰਾਜ ਸਭਾ ਮੈਂਬਰ ਦੀ ਮੰਗ ਕੀਤੀ ਸੀ। ਕੌਂਸਲਰਾਂ ਵੱਲੋਂ ਅੱਜ ਪਾਸ ਮਤਾ ਪ੍ਰਸ਼ਾਸਕ ਨੂੰ ਭੇਜਿਆ ਜਾਵੇਗਾ ਤੇ ਪ੍ਰਸ਼ਾਸਨ ਇਸ ਨੂੰ ਅੱਗੇ ਸਹਿਮਤੀ ਲਈ ਕੇਂਦਰ ਸਰਕਾਰ ਨੂੰ ਭੇਜੇਗਾ। ਮੀਟਿੰਗ ਦੌਰਾਨ ਨਗਰ ਨਿਗਮ ਦੀ ਹਾਊਸ ਟੈਕਸ ਕਮੇਟੀ, ਰੋਡ ਟੈਕਸ ਕਮੇਟੀ ਅਤੇ ਵਾਟਰ ਸਪਲਾਈ ਕਮੇਟੀ ਦੇ ਗਠਨ ਨਾਲ ਜੁੜੇ ਪ੍ਰਸਤਾਵ ਪਾਸ ਕਰ ਦਿੱਤੇ ਗਏ। ਰਾਏਪੁਰ ਕਲਾਂ ਵਿੱਚ 3 ਕਰੋੜ 79 ਲੱਖ ਰੁਪਏ ਦੀ ਲਾਗਤ ਨਾਲ ਪਸ਼ੂ ਹਸਪਤਾਲ ਦੀ ਉਸਾਰੀ ਅਤੇ ਗਊਸ਼ਾਲਾ ਦੇ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ। ਮੀਟਿੰਗ ਵਿੱਚ ਚੰਡੀਗੜ੍ਹ ਨਗਰ ਨਿਗਮ ‘ਗਾਰਬੇਜ ਫਰੀ ਸਿਟੀ’ ਲਈ ਪੰਜ ਤਾਰਾ ਰੇਟਿੰਗ ਐਲਾਨ ਕਰਨ ਦਾ ਵੀ ਪ੍ਰਸਤਾਵ ਪਾਸ ਕੀਤਾ ਗਿਆ। ਹਾਊਸ ਮੀਟਿੰਗ ਦੌਰਾਨ ਨਗਰ ਨਿਗਮ ਵਿੱਚ ਠੇਕੇ ‘ਤੇ 112 ਕਰਮਚਾਰੀਆਂ ਦੀ ਭਰਤੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ।
ਪਾਣੀ ਦੀਆਂ ਦਰਾਂ ਨੂੰ ਲੈ ਕੇ ‘ਆਪ’ ਕੌਂਸਲਰਾਂ ਵੱਲੋਂ ਹੰਗਾਮਾ
ਮੀਟਿੰਗ ਦੌਰਾਨ ਸ਼ਹਿਰ ਵਿੱਚ ਪਾਣੀ ਦੇ ਬਿੱਲਾਂ ਦੀਆਂ ਦਰਾਂ ਨੂੰ ਵਧਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਹੰਗਾਮਾ ਕੀਤਾ। ਇਸ ਦੌਰਾਨ ‘ਆਪ’ ਕੌਂਸਲਰਾਂ ਨੇ ਭਾਜਪਾ ਸ਼ਾਸਿਤ ਨਗਰ ਨਿਗਮ ‘ਤੇ ਸਵਾਲ ਚੁੱਕੇ ਅਤੇ ਪਾਣੀ ਦੀਆਂ ਦਰਾਂ ਨੂੰ ਲੈ ਕੇ ਜਵਾਬਦੇਹੀ ਮੰਗੀ। ਕੌਂਸਲਰਾਂ ਨੂੰ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਉਹ ਪਾਣੀ ਦੀਆਂ ਦਰਾਂ ਨੂੰ ਵਧਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਵੀ ਮਿਲਣ ਲਈ ਤਿਆਰ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly