ਪਾਣੀ ਦੇ ਲੱਗੇ ਛੱਪੜ ਕਾਰਨ ਡੇਂਗੂ ਤੇ ਹੋਰ ਬਿਮਾਰੀਆਂ ਫੈਲਣ ਦਾ ਖਦਸ਼ਾ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ): ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਬਲਾਕ ਢਿਲਵਾਂ ‘ਚ ਪੈਦੇ ਪਿੰਡ ਰੱਤੜਾ ਦੇ ਨਿਵਾਸੀ ਬੀਬੀ ਬਲਜੀਤ ਕੌਰ ਪਤਨੀ ਸਤਨਾਮ ਸਿੰਘ ਦੇ ਘਰ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਪਿੰਡ ਤੇ ਇਲਾਕਾ ਨਿਵਾਸੀਆਂ ਵੱਲੋਂ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤਾ ਜਾਵੇ । ਅੱਜ ਮੌਕੇ ਤੇ ਪੁੱਜੇ ਨੰਬਰਦਾਰ ਅਮਰੀਕ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ, ਹਰਜੀਤ ਸਿੰਘ, ਦਲੀਪ ਸਿੰਘ, ਦਰਸ਼ਨ ਸਿੰਘ, ਮੁਖਤਿਆਰ ਸਿੰਘ, ਭਜਨ ਸਿੰਘ, ਗਗਨ, ਸੌਰਵ, ਟੋਨੀ ,ਹਰਜੋਤ ਸਿੰਘ, ਦੀਪੂ, ਰੌਬਨ ,ਦੀਪਾ ,ਗੁਰਮੇਜ ਸਿੰਘ, ਬਲਜੀਤ ਕੌਰ, ਆਸ਼ਾ ਰਾਣੀ ਪੰਚ , ਕੁਲਬੀਰ ਕੌਰ ਪੰਚ, ਸੋਨੀਆ, ਸਰੋਜ ਰਾਣੀ ਤੇ ਸੁਰਜੀਤ ਕੌਰ ਆਦਿ ਨੇ ਬੀਬੀ ਬਲਜੀਤ ਕੌਰ ਰੱਤੜਾ ਦੇ ਘਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰ ਦੇ ਮੁਹਰੇ ਲੱਗਦੇ ਪਾਣੀ ਦੇ ਛੱਪੜ ਦਿਖਾਏ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ।
ਬੀਬੀ ਬਲਜੀਤ ਕੌਰ ਤੇ ਹੋਰਨਾਂ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਤੋਂ ਸਿਰਫ 200 ਫੁੱਟ ਦੇ ਕਰੀਬ ਪਿੱਛੇ ਹਟਵਾਂ ਹੈ , ਜਿੱਥੇ ਨੇੜੇ ਹੀ ਪਿੰਡ ਦੇ ਸੀਵਰੇਜ ਦੀ ਪਾਈਪ ਲਾਈਨ ਲੰਘਦੀ ਹੈ , ਪਰ ਪੰਚਾਇਤ ਵੱਲੋਂ ਜਾਣ ਬੁੱਝ ਕੇ ਪਾਈਪ ਨਾ ਪਾ ਕੇ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਵੀ ਇਸੇ ਪਿੰਡ ਦੇ ਨਿਵਾਸੀ ਹਾਂ ਤੇ ਅਸੀਂ ਕਿਹੜਾ ਦੂਜੇ ਦੇਸ਼ ਦੇ ਵਸਨੀਕ ਹਾਂ ਕਿ ਸਾਡੇ ਘਰਾਂ ਦਾ ਗੰਦਾ ਪਾਣੀ ਸੀਵਰੇਜ ਤੋਂ ਪਾਉਣ ਲਈ ਰੋਕਿਆ ਜਾ ਰਿਹਾ ਹੈ । ਉਕਤ ਵਿਅਕਤੀਆਂ ਦੱਸਿਆ ਕਿ ਪਿੰਡ ਦੇ ਇਸ ਘਰ ਦੇ ਪਾਣੀ ਦੀ ਨਿਕਾਸੀ ਲਈ ਅਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਕੀਤੀ, ਵੱਖ ਵੱਖ ਅਧਿਕਾਰੀਆਂ ਤੇ ਆਗੂਆਂ ਨੂੰ ਵੀ ਬੇਨਤੀ ਕੀਤੀ ਪ੍ਰੰਤੂ ਕਿਸੇ ਨੇ ਸਾਡੀ ਫਰਿਆਦ ਨਹੀਂ ਸੁਣੀ ।
ਉਨ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਤੇ ਹੋਰ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਡੀ ਫਰਿਆਦ ਸੁਣੀ ਜਾਵੇ ਤੇ ਸਾਡੇ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਰੋਕਿਆ ਜਾਵੇ ਤੇ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਜੋ ਸਾਡੇ ਘਰ ਦਾ ਗੰਦਾ ਪਾਣੀ ਵੀ ਸੀਵਰੇਜ ਦੇ ਪਾਈਪ ਲਾਈਨ ‘ਚ ਪਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਗਲੀ ‘ਚ ਖੜ੍ਹੇ ਹੁੰਦੇ ਘਰ ਦੇ ਪਾਣੀ ਕਾਰਨ ਡੇੰਗੂ ਤੇ ਹੋਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ । ਜਿਸ ਕਾਰਨ ਉਹ ਬਹੁਤ ਹੀ ਪ੍ਰੇਸ਼ਾਨ ਹਨ । ਉਨ੍ਹਾਂ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly