ਅੰਬੇਡਕਰ ਭਵਨ ਵਿਖੇ ਗਣ ਤੰਤਰ ਦਿਵਸ ਮਨਾਇਆ ਗਿਆ 

1. ਮੁੱਖ ਬੁਲਾਰੇ ਪ੍ਰੋ. ਬਲਬੀਰ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ। 2. ਪ੍ਰੋਗਰਾਮ ਦੀਆਂ ਕੁਝ ਝਲਕੀਆਂ।
ਭਾਰਤੀ ਸੰਵਿਧਾਨ ਵਿਸ਼ਵ ਦਾ ਬੇਮਿਸਾਲ ਤੇ ਬਿਹਤਰੀਨ ਕਾਨੂੰਨੀ ਦਸਤਾਵੇਜ: ਪ੍ਰੋਫੈਸਰ ਬਲਬੀਰ
 ਜਲੰਧਰ ( ਸਮਾਜ ਵੀਕਲੀ ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਬਾਬਾ ਸਾਹਿਬ  ਡਾ. ਅੰਬੇਡਕਰ ਦੀ ਚਰਨ ਛੋਹ ਪ੍ਰਾਪਤ ਭੂਮੀ ਅੰਬੇਡਕਰ ਭਵਨ ਵਿਖੇ ਭਾਰਤੀ ਗਣਤੰਤਰ ਦਿਵਸ 26 ਜਨਵਰੀ 1950 ਨੂੰ ਸਮਰਪਿਤ ‘ਭਾਰਤੀ ਸੰਵਿਧਾਨ ਅਤੇ ਲੋਕਤੰਤਰ’  ਵਿਸ਼ੇ ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਾਮਵਰ ਬੁੱਧੀਜੀਵੀ ਅਤੇ ਸ਼੍ਰੋਤੇ ਸ਼ਾਮਿਲ ਹੋਏ । ਪ੍ਰੋਫੈਸਰ ਬਲਬੀਰ, ਸੇਵਾ ਮੁਕਤ ਮੁਖੀ, ਪੋਸਟ ਗ੍ਰੈਜੂਏਟ ਰਾਜਨੀਤੀ ਵਿਗਿਆਨ ਵਿਭਾਗ, ਦੁਆਬਾ ਕਾਲਜ ਜਲੰਧਰ ਨੇ ਇਸ ਵਿਚਾਰ-ਚਰਚਾ ਵਿੱਚ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।  ਪ੍ਰੋਫੈਸਰ ਬਲਬੀਰ ਹੋਰਾਂ ਨੇ ਆਪਣੇ ਖੋਜ ਭਰਪੂਰ ਭਾਸ਼ਣ ਵਿੱਚ ਕਿਹਾ ਕਿ ਡਾ.  ਬੀ ਆਰ ਅੰਬੇਡਕਰ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਹਨ ਅਤੇ ਉਹਨਾਂ ਦੀ ਰਹਿਨੁਮਾਈ ਹੇਠ ਨਿਰਮਿਤ ਭਾਰਤੀ ਸੰਵਿਧਾਨ ਵਿਸ਼ਵ ਦਾ ਬੇਹਤਰੀਨ ਅਤੇ ਵਿਸਤ੍ਰਿਤ ਕਾਨੂੰਨੀ ਦਸਤਾਵੇਜ ਹੈ । ਉਹਨਾਂ ਨੇ ਕਿਹਾ ਕਿ ਇਸ ਦੀ ਪ੍ਰਸਤਾਵਨਾ ਭਾਰਤੀ ਸੰਵਿਧਾਨ ਦੀ ਆਤਮਾ ਹੈ ।
   
ਇਸ ਦੁਆਰਾ ਭਾਰਤ ਵਿੱਚ ਸਮਤਾ, ਸੁਤੰਤਰਤਾ ਅਤੇ ਭਾਈਚਾਰਕ ਸਾਂਝ ਦੀ ਸਥਾਪਨਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਡਾ. ਅੰਬੇਡਕਰ ਦੁਆਰਾ ਭਾਰਤੀ ਧਰਮਤੰਤਰ ਨੂੰ ਸੰਵਿਧਾਨਤੰਤਰ ਵਿੱਚ ਪਰਿਵਰਤਨ ਕਰਨਾ ਭਾਰਤ ਦੇ ਸੰਸਦੀ ਲੋਕਤੰਤਰ ਦੀ ਇੱਕ ਵੱਡੀ ਪ੍ਰਾਪਤੀ ਹੈ।  ਪ੍ਰੋਫੈਸਰ ਬਲਬੀਰ ਹੋਰਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਮੌਲਿਕ ਅਧਿਕਾਰ, ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ, ਸੁਤੰਤਰ ਨਿਆਂਪਾਲਕਾ ਤੇ ਚੋਣ ਕਮਿਸ਼ਨ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਭਾਰਤੀ ਸੰਵਿਧਾਨ ਦੇ ਮਹੱਤਵਪੂਰਨ ਬੇਸ਼ਕੀਮਤੀ ਭਾਗ ਹਨ । ਉਹਨਾਂ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਅਜੋਕੇ ਸਮੇਂ ਵਿੱਚ ਧਰੁਵੀਕਰਨ ਦੁਆਰਾ ਭਾਰਤ ਵਿੱਚ ਕੇਵਲ ਰਾਜਨੀਤਿਕ ਲੋਕਤੰਤਰ ਨੂੰ ਹੀ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।   ਚੋਣ ਕਮਿਸ਼ਨ ਅਤੇ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਸਮੇਤ ਨਿਆਂਪਾਲਕਾ ਅਤੇ ਦੂਸਰੇ ਸਰਕਾਰੀ ਅਦਾਰਿਆਂ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਕੇ ਸਮਾਜਿਕ ਤੇ ਆਰਥਿਕ ਸੁਤੰਤਰਤਾ ਨੂੰ ਖਤਮ ਕੀਤਾ ਜਾ ਰਿਹਾ ਹੈ ।
ਸੁਸਾਇਟੀ ਦੇ ਪ੍ਰਧਾਨ ਸ੍ਰੀ ਸੋਹਨ ਲਾਲ, ਸੇਵਾ ਮੁਕਤ ਡੀਪੀਆਈ (ਕਾਲਜਾਂ) ਨੇ ਕਿਹਾ ਕਿ ਭਾਰਤ ਵਿੱਚ ਸਹੀ ਅਰਥਾਂ ਵਿੱਚ ਸਮਾਨਤਾ, ਸੁਤੰਤਰਤਾ ਅਤੇ ਨਿਆਂਸ਼ੀਲ ਲੋਕਤੰਤਰ ਦੀ ਸਥਾਪਤੀ ਲਈ ਅਣਥੱਕ ਮਿਹਨਤ, ਲਗਨ ਅਤੇ ਦੂਰ ਅੰਦੇਸ਼ੀ ਨਾਲ ਬਾਬਾ ਸਾਹਿਬ ਵੱਲੋਂ ਤਿਆਰ ਕੀਤੇ ਸੰਵਿਧਾਨ ਦੁਆਰਾ ਭਾਰਤ ਵਿੱਚ ਸੰਸਦੀ ਲੋਕਤੰਤਰ ਦੀ ਨੀਂਹ ਰੱਖੀ ਗਈ, ਪਰ ਅਜੋਕੇ ਹਾਲਾਤ ਵਿੱਚ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਪਰਿਵਰਤਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਮੁੱਚੇ ਭਾਰਤੀਆਂ ਨੂੰ ਆਪਣੇ ਮੂਲ ਅਧਿਕਾਰ ਬਰਕਰਾਰ ਰੱਖਣ ਲਈ ਭਾਰਤੀ ਸੰਵਿਧਾਨ ਦੀ ਸੁਰੱਖਿਆ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ। ਉਹਨਾਂ ਨੇ ਵਿਚਾਰ- ਚਰਚਾ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਬੀਰ ਅਤੇ ਹਾਜ਼ਰ ਸ਼੍ਰੋਤਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਭਵਿੱਖ ਵਿੱਚ ਵੀ ਅਜਿਹੀ ਵਿਚਾਰ-ਚਰਚਾ ਜਾਰੀ ਰੱਖਦਿਆਂ ਸੰਵਿਧਾਨ ਅਤੇ ਡਾ. ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਪ੍ਰਤੀ ਚੇਤਨਾ ਪੈਦਾ ਕਰਨ ਲਈ ਯਤਨਸ਼ੀਲ ਰਹੇਗੀ। ਸੇਵਾ ਮੁਕਤ ਅੰਬੈਸਡਰ ਰਮੇਸ਼ ਚੰਦਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਹਰ ਭਾਰਤੀ ਨਾਗਰਿਕ ਦਾ ਫਰਜ਼ ਹੈ ਕਿ ਉਹ ਸੰਵਿਧਾਨ ਦੀ ਰਾਖੀ ਕਰੇ। ਇਸ ਵਿਚਾਰ-ਚਰਚਾ ਵਿੱਚ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ.ਜੀਸੀ ਕੌਲ ਨੇ ਵੀ ਡਾ. ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾ ਵਜੋਂ ਪਾਏ ਗਏ ਯੋਗਦਾਨ ਸਬੰਧੀ ਸ਼੍ਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।  ਇਸ ਮੌਕੇ ‘ਤੇ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਵੱਲੋਂ ਪ੍ਰਸਤੁਤ ਅਤੇ ਸਰਬ ਸੰਮਤੀ ਨਾਲ ਪ੍ਰਵਾਣਿਤ ਦੋ ਮਤਿਆਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ ਸੰਵਿਧਾਨ ਸਭਾ ਦੀ ਆਖਰੀ ਬੈਠਕ ਵਿੱਚ 25 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਅਤੇ ਸੰਸਦੀ ਲੋਕਤੰਤਰ ਦੀ ਸਫਲਤਾ ਲਈ ਦਿੱਤੇ ਗਏ ਇਤਿਹਾਸਿਕ ਭਾਸ਼ਣ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਵੇ, ਤਾਂ ਕਿ ਭਾਰਤ ਦੀ ਨਵੀਂ ਪੀੜੀ ਲੋਕਤੰਤਰ ਦੇ ਸੱਚ ਤੋਂ ਪੂਰੀ ਤਰ੍ਹਾਂ ਵਾਕਫ ਹੋ ਸਕੇ । ਦੂਸਰੇ ਮਤੇ ਰਾਹੀਂ ਚੋਣ ਪ੍ਰਕਿਰਿਆ ਵਿੱਚ ਈਵੀਐਮ ਦੀ ਵਰਤੋਂ ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਭਾਰਤ ਵਿੱਚ ਬੈਲਟ ਪੇਪਰ ਰਾਹੀਂ ਚੋਣਾਂ ਕਰਵਾ ਕੇ ਚੋਣ ਪ੍ਰਣਾਲੀ ਵਿੱਚ ਪਾਰਦਰਸ਼ਤਾ ਕਾਇਮ ਕਰਨ ਦੀ ਪੁਰਜੋਰ ਮੰਗ ਕੀਤੀ ਗਈ। ਇਸ ਵਿਚਾਰ-ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਚਰਨ ਦਾਸ ਸੰਧੂ, ਪਰਮਿੰਦਰ ਸਿੰਘ ਖੁੱਤਨ, ਤਿਲਕ ਰਾਜ, ਹਰਭਜਨ ਨਿਮਤਾ,  ਡਾ. ਚਰਨਜੀਤ ਸਿੰਘ, ਡਾ. ਮਹਿੰਦਰ ਸੰਧੂ,  ਮਲਕੀਤ ਸਿੰਘ, ਬੀਬੀ ਮਹਿੰਦੋ ਰੱਤੂ, ਪਰਮਜੀਤ ਮਹੇ,  ਮਹੇਸ਼ ਚੰਦਰ,  ਐਡਵੋਕੇਟ ਯਗਿਆ ਦੀਪ,  ਮਾਸਟਰ ਜੀਤ ਰਾਮ, ਸੇਵਾ ਸਿੰਘ ਭੱਟੀ, ਗੁਰਦਿਆਲ ਜੱਸਲ, ਸ਼ਾਮ ਲਾਲ, ਹਰੀ ਰਾਮ ਓਐਸਡੀ, ਪ੍ਰਿੰਸੀਪਲ ਕੇ ਐਸ ਫੁੱਲ, ਲਲਿਤ ਕੰਗਣੀਵਾਲ, ਨਰਿੰਦਰ ਲੇਖ, ਅਸ਼ਵਨੀ ਕੁਮਾਰ,  ਐਡਵੋਕੇਟ ਰਜਿੰਦਰ ਆਜ਼ਾਦ, ਅਮਰਜੀਤ ਸਾਂਪਲਾ, ਐਡਵੋਕੇਟ ਸੁਨੀਲ ਕੁਮਾਰ ਆਦਿ ਨੇ ਭਾਗ ਲਿਆ।  ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ 
ਜਨਰਲ ਸਕੱਤਰ 
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਬਰ ਜੁਲਮ ਵਿਰੋਧੀ ਵੱਲੋਂ ਬਲਵੀਰ ਸਿੰਘ ਆਲਮਪੁਰ ਤੇ ਪਾਏ ਝੂਠੇ ਕੇਸਾਂ ਦੀ ਨਿਖੇਧੀ 
Next articleਸਰਕਾਰੀ ਹਾਈ ਸਕੂਲ ਮਹਿਤਪੁਰ ਦੇ ਵਿਦਿਆਰਥੀ ਕੇਸਵ ਸਾਹਨੀ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ –