
(ਸਮਾਜ ਵੀਕਲੀ) ਕੋਈ ਇਨਸਾਨ ਆਪਣੀ ਜਰੂਰਤ ਅਨੁਸਾਰ ਜਦੋਂ ਕਿਸੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਤਾਂ ਉਸਨੂੰ ਮਕਾਨ ਮਾਲਿਕ ਦੀਆਂ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਉਸ ਘਰ ਵਿੱਚ ਰਹਿਣ ਦਿੱਤਾ ਜਾਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਉਸ ਨੂੰ ਇੱਕ ਤੈਅ ਸੀਮਾ ਜਾਂ ਮਹੀਨੇ ਬਾਅਦ ਉਸ ਮਕਾਨ ਦਾ ਕਿਰਾਇਆ ਵੀ ਦੇਣਾ ਪੈਂਦਾ ਹੈ ਤੇ ਇਹ ਤਾਂ ਲਾਜ਼ਮੀ ਹੀ ਹੁੰਦਾ ਹੈ। ਇਸ ਤੋਂ ਇਲਾਵਾ ਉੱਥੇ ਸਾਫ – ਸਫਾਈ ਦਾ ਧਿਆਨ ਰੱਖਣਾ , ਰੌਲਾ – ਰੱਪਾ ਨਾ ਪਾਉਣਾ , ਬਿਲਡਿੰਗ ਨੂੰ ਕੋਈ ਨੁਕਸਾਨ ਨਾ ਪਹੁੰਚਾਉਣਾ , ਮਰਿਆਦਾ ਅਤੇ ਸ਼ਾਂਤੀ ਬਣਾਈ ਰੱਖਣਾ ਅਤੇ ਮਕਾਨ ਮਾਲਕ ਦੀ ਨਰਾਜ਼ਗੀ ਤੋਂ ਬਚਣਾ ਵੀ ਬਹੁਤ ਲਾਜ਼ਮੀ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਸਭ ਇਸ ਹਰੀ – ਭਰੀ ਧਰਤੀ ‘ਤੇ ਕੁਝ ਸਮੇਂ ਦੇ ਲਈ ਰਹਿਣ ਲਈ ਆਏ ਹੋਏ ਹਾਂ ; ਕਿਉਂਕਿ ਇਹ ਧਰਤੀ ਜਾਂ ਇੱਥੋਂ ਦੀ ਕੋਈ ਵੀ ਵਸਤੂ ਕਿਸੇ ਵੀ ਮਨੁੱਖ ਜਾਂ ਸੰਸਾਰਿਕ ਪ੍ਰਾਣੀ ਦੀ ਆਪਣੀ ਨਹੀਂ ਹੈ। ਦੁਨਿਆਵੀ ਤੌਰ ‘ਤੇ ਮਨੁੱਖ ਭਾਵੇਂ ਇਸ ਨੂੰ ਆਪਣੀ ਸਮਝਣ ਦਾ ਭਰਮ ਪਾਲ਼ੀ ਬੈਠਾ ਰਹੇ , ਪਰ ਇਹ ਮਨੁੱਖ ਦੀ ਨਾਸਮਝੀ ਤੇ ਵੱਡਾ ਭੁਲੇਖਾ ਹੈ। ਇਸ ਕਾਇਨਾਤ ਦਾ ਅਸਲ ਮਾਲਕ ਤਾਂ ਪਰਮਾਤਮਾ ਹੀ ਹੈ। ਇਸ ਲਈ ਸਾਨੂੰ ਵੀ ਇੱਥੇ ਰਹਿੰਦਿਆਂ ਹੋਇਆਂ ਕੁਦਰਤ ਤੇ ਕਾਇਨਾਤ ਦੇ ਨਿਯਮਾਂ ਦਾ ਸਤਿਕਾਰ ਕਰਨਾ ਬਣਦਾ ਹੈ ਤੇ ਸਾਨੂੰ ਵੀ ਇੱਥੇ ਪ੍ਰਦੂਸ਼ਣ , ਸ਼ੋਰ , ਧੂੰਆਂ , ਅਸ਼ਾਂਤੀ ਆਦਿ ਵਜੋਂ ਇਸ ਧਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਤੇ ਕੁਦਰਤਮਈ ਹੋ ਕੇ ਸਾਦਗੀ ਭਰਿਆ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਧਰਤੀ ਸਾਡੀ ਮਾਤਾ ਹੈ ਤੇ ਸਾਡੇ ਕੋਲੋਂ ਕੋਈ ਕਿਰਾਇਆ ਤਾਂ ਭਾਵੇਂ ਕਦੇ ਨਹੀਂ ਮੰਗਦੀ , ਪਰ ਸਾਨੂੰ ਆਪਣੀ ਧਰਤੀ – ਮਾਤਾ ਨੂੰ ਪ੍ਰਦੂਸ਼ਣ – ਮੁਕਤ , ਸ਼ੋਰ – ਮੁਕਤ , ਧੂੰਆਂ ਤੇ ਧੂੜ – ਰਹਿਤ ਅਤੇ ਹਾਨੀਕਾਰਕ ਰਸਾਇਣਾਂ ਤੋਂ ਬਚਾਉਣ ਲਈ ਜੀਅ – ਜਾਨ ਨਾਲ਼ ਕੋਸ਼ਿਸ਼ ਤਾਂ ਜਰੂਰ ਆਪਣੇ ਪੱਧਰ ‘ਤੇ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਪੌਦੇ ਤੇ ਪੁਰਾਤਨ ਤੇ ਸੱਭਿਆਚਾਰਕ ਪੌਦੇ ਅਤੇ ਹੋਰ ਫਲਦਾਰ ਪੌਦੇ ਲਗਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੰਗਲਾਂ ਵਿੱਚ ਵਿਸ਼ੇਸ਼ ਤੌਰ ‘ਤੇ ਫਲਦਾਰ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਉੱਥੇ ਰਹਿਣ ਵਾਲੇ ਜੀਵਾਂ ਤੇ ਪੰਛੀਆਂ ਆਦਿ ਨੂੰ ਵੀ ਕੁਦਰਤੀ ਤੌਰ ‘ਤੇ ਆਵਾਸ , ਛਾਂ ਤੇ ਕੁਦਰਤੀ ਭੋਜਨ ਮਿਲਦਾ ਰਹੇ ਅਤੇ ਮਨੁੱਖਾਂ ਨਾਲ਼ ਉਹਨਾਂ ਦਾ ਟਕਰਾਅ ਵੀ ਘਟ ਸਕੇ। ਸਾਨੂੰ ਲਗਾਏ ਪੌਦਿਆਂ ਦੀ ਸੰਭਾਲ਼ ਜਰੂਰ ਕਰਨੀ ਚਾਹੀਦੀ ਹੈ। ਸ਼ਾਇਦ ਧਰਤੀ ਮਨੁੱਖ ਪਾਸੋਂ ਇੱਥੇ ਰਹਿਣ ਦੇ ਇਵਜ਼ ਵਜੋਂ ਇਹੋ ਜਿਹੇ ਕਿਰਾਏ ਦੀ ਉਮੀਦ ਕਰਦੀ ਹੈ ਤਾਂ ਜੋ ਇਹ ਧਰਤੀ ਆਉਣ ਵਾਲੀਆਂ ਪੀੜੀਆਂ ਲਈ ਵੀ ਰਹਿਣਯੋਗ ਰਹਿ ਸਕੇ ਅਤੇ ਕੁਦਰਤੀ ਸੰਪਦਾ ਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਅ ਕੇ ਭੋਜਨ ਲੜੀ ਨੂੰ ਵੀ ਵਿਗੜਨ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ਼ ਹੀ ਸਾਨੂੰ ਸ਼ਾਕਾਹਾਰੀ ਰਹਿ ਕੇ ਮਾਸਾਹਾਰ ਤੋਂ ਵੀ ਬਚਣਾ ਚਾਹੀਦਾ ਹੈ ਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਘਰੇਲੂ ਸਮਾਨ ਦੀ ਖਰੀਦਦਾਰੀ ਕਰਨ ਲਈ ਕੱਪੜੇ ਜਾਂ ਪਟਸਨ ਆਦਿ ਦੇ ਵਾਤਾਵਰਨ – ਹਿਤੈਸ਼ੀ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪੈਦਲ ਚੱਲਣ ਅਤੇ ਸਾਈਕਲ ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਨ੍ਹਾਂ ਸਭ ਛੋਟੀਆਂ – ਛੋਟੀਆਂ ਕੋਸ਼ਿਸ਼ਾਂ ਦੇ ਵੀ ਬਹੁਤ ਚੰਗੇ , ਦੂਰਗਾਮੀ ਤੇ ਧਰਤੀ ਨੂੰ ਖੁਸ਼ਹਾਲ ਰੱਖਣ ਲਈ ਵਧੀਆ ਨਤੀਜੇ ਸਾਹਮਣੇ ਆਉਣਗੇ। ਆਓ ! ਇੱਥੇ ਰਹਿਣ ਦੇ ਇਵਜ਼ ਵਜੋਂ ਇਹੋ ਜਿਹੇ ਸਾਰਥਕਤਾ ਭਰੇ ਉਪਰਾਲੇ ਕਰਕੇ ਆਪਣੇ ਕਿਰਾਏ ਦਾ ਭੁਗਤਾਨ ਕਰੀਏ ਤੇ ਧਰਤੀ – ਮਾਤਾ ਦੇ ਸੁਹਿਰਦ , ਸੁਚੇਤ ਤੇ ਪਰਉਪਕਾਰੀ ਸਪੂਤ ਅਖਵਾਈਏ।
https://play.google.com/store/apps/details?id=in.yourhost.samajweekly


