ਬਠਿੰਡਾ (ਸਮਾਜ ਵੀਕਲੀ) (ਹਰਮੀਤ ਸਿਵੀਆਂ) : ਸੁਰੀਲੀ ਅਤੇ ਸੂਫ਼ੀਆਨਾ ਅੰਦਾਜ਼ ਵਿਚ ਗਾਉਣ ਵਾਲੀ ਪ੍ਰਸਿੱਧ ਗਾਇਕਾ ਸਨਾ ਫਤਿਹ ਅਲੀ ਖਾਂ ਦਾ ਸਿੱਖ ਇਤਿਹਾਸ ਨਾਲ ਸਬੰਧਤ ਧਾਰਮਿਕ ਟਰੈਕ “ਵਾਹ ਓਹ ਰੱਬਾ ਮਾਂ ਗੁਜਰੀ” ਦਾ ਪ੍ਰੋਜੈਕਟ ਪ੍ਰਸਿੱਧ ਸੰਗੀਤਕ ਕੰਪਨੀ ਪੀ ਐੱਸ ਐੱਫ ਗੁਣ-ਗਾਵਾਂ ਅਤੇ ਇਸਦੇ ਪ੍ਰੋਡਿਊਸਰ ਸ.ਜਸਵਿੰਦਰ ਸਿੰਘ ਵਾਲੀਆ ਵੱਲੋਂ ਤਿਆਰ ਕੀਤਾ ਅਤੇ ਵਿਸ਼ਵ ਪ੍ਰਸਿਧ ਕੰਪਨੀ ਟੀ-ਸੀਰੀਜ਼ ਵੱਲੋਂ ਹੁਣ ਇਸ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਕ ਦੇ ਪ੍ਰੋਡਿਊਸਰ ਸ.ਜਸਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਟਰੈਕ ਦੇ ਗੀਤ ‘ਵਾਹ ਓਹ ਰੱਬਾ ਮਾਂ ਗੁਜਰੀ’ ਨੂੰ ਸਨਾ ਫਤਹਿ ਅਲੀ ਖਾਂ ਵੱਲੋਂ ਬਾ-ਕਮਾਲ ਗਾਇਆ ਹੈ ਅਤੇ ਇਸ ਗੀਤ ਨੂੰ ਗੀਤਕਾਰ ਰਿੰਪਲ ਸੰਧੂ ਨੇ ਲਿਖਿਆ ਵੀ ਬਹੁਤ ਵਧੀਆ ਹੈ, ਅੱਗੇ ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਪ੍ਰੀਤਮ ਸਟੂਡਿਓਜ਼ ਵੱਲੋਂ ਸੰਗੀਤਬੱਧ ਕੀਤਾ ਹੈ। ਇਸ ਦੇ ਵੀਡੀਓ ਡਾਇਰੈਕਟਰ ਸ.ਹਰਪ੍ਰੀਤ ਸਿੰਘ ਵਾਲੀਆ ਹਨ ਅਤੇ ਇਸ ਪ੍ਰੋਜੈਕਟ ਲਈ ਵਿਸ਼ੇਸ਼ ਧੰਨਵਾਦ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਗਾਇਕਾ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਇਸ ਗੀਤ ਨੂੰ ਬੜੇ ਵਿਲੱਖਣ ਅਤੇ ਖ਼ੂਬਸੂਰਤ ਅੰਦਾਜ਼ ਵਿਚ ਗਾਇਆ ਹੈ। ਇਸ ਗੀਤ ਨੂੰ ਸੋਸ਼ਲ ਸਾਈਟਾਂ ਅਤੇ ਸ਼ੋਸ਼ਲ ਮੀਡੀਆ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।