ਲਵਪ੍ਰੀਤ ਸਿੰਘ
(ਸਮਾਜ ਵੀਕਲੀ) ਸਕੂਲ ਤੋਂ ਛੁੱਟੀ ਹੋਣ ਉਪਰੰਤ, ਜਦੋਂ ਮੈਂ ਆਪਣਾ ਭਾਰਾ ਬਸਤਾ ਚੁੱਕ ਕੇ ਘਰ ਜਾ ਰਿਹਾ ਹੁੰਦਾ ਸੀ, ਤਾਂ ਰਸਤੇ ਵਿੱਚ ਮੈਨੂੰ ਹਮੇਸ਼ਾ ਤਾਈ ਮਿਲਦੀ। ਉਹ ਬਜੁਰਗ ਬੀਬੀ ਹਮੇਸ਼ਾ ਮਸਖਰੀ ਕਰਦੀ। ਉਹ ਆਵਾਜ਼ ਮਾਰ ਕੇ ਕਹਿੰਦੀ, “ਤੇਜਿਆਂ , ਦਮ ਲਿਆ, ਬਸਤਾ ਭਾਰੀ ਤੇਰਾ। ਇੱਥੇ ਰੱਖ ਦੇ, ਤੇਰਾ ਬਾਪੂ ਲੈ ਜਾਵੇਗਾ।” ਪਰ ਮੈਂ ਹਮੇਸ਼ਾ ਹੱਸ ਕੇ ਜਵਾਬ ਦਿੰਦਾ, “ਤਾਈ, ਰਸਤਾ ਤਾਂ ਥੋੜ੍ਹਾ ਜਿਹਾ ਰਹਿ ਗਿਆ। ਮੈਂ ਆਪ ਲੈ ਜਾਵਾਂਗਾ।”
ਸਾਡੇ ਗੁਆਂਢ ਵਿੱਚ ਸਾਰੇ ਉਸਨੂੰ ਤਾਈ ਆਖਦੇ ਸਨ। ਉਹ ਇੱਕ ਸਧਾਰਨ ਜਿਮੀਦਾਰ ਪਰਿਵਾਰ ਦੀ ਸੀ ਅਤੇ ਦੁੱਧ ਦਾ ਕਾਰੋਬਾਰ ਕਰਦੀ ਸੀ। ਸਾਡੇ ਘਰ ਨੂੰ ਲਗਾਤਾਰ 20 ਸਾਲ ਉਸਦੇ ਦੁੱਧ ਦੀ ਸੇਵਾ ਮਿਲਦੀ ਰਹੀ। ਉਹਨਾਂ ਦਾ ਘਰ ਸਾਡੇ ਸਕੂਲ ਵਾਲੀ ਸੜਕ ਦੇ ਕੋਲ ਸੀ।
ਮੇਰੀ ਦਾਦੀ ਅਕਸਰ ਕਹਿੰਦੀ, “ਇਹ ਮੇਰੀ ਸਾਥਣ ਹੈ। ਸਾਡੀ ਦੋਸਤੀ ਬਹੁਤ ਪੁਰਾਣੀ ਹੈ। ਜਿਥੇ ਵੀ ਮੈਂ ਜਾਦੀ ਹਾਂ, ਤਾਈ ਮੇਰੇ ਨਾਲ ਜਾਂਦੀ ਹੈ।” ਦਾਦੀ ਅਤੇ ਤਾਈ ਦੀ ਦੋਸਤੀ ਪੱਕੀ ਸੀ। ਉਹਨਾਂ ਦੀਆਂ ਗੱਲਾਂ ਵਿੱਚ ਹਮੇਸ਼ਾ ਹਾਸੇ-ਮਜ਼ਾਕ ਵਾਲੀਆਂ ਹੁੰਦੀਆਂ ਸਨ ।
ਕਦੇ-ਕਦੇ ਜ਼ਿੰਦਗੀ ਵਿੱਚ ਸਮੇਂ ਦੇ ਬਦਲਾਅ ਕਾਰਨ ਸਬੰਧ ਵੀ ਟੁੱਟ ਜਾਂਦੇ ਹਨ। ਮੇਰੇ ਤਾਏ ਦੀ ਇੱਕ ਛੋਟੀ ਜਿਹੀ ਗੱਲ ‘ਤੇ ਤਾਈ ਦੇ ਮੁੰਡੇ ਨਾਲ ਲੜਾਈ ਹੋ ਗਈ। ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਇਕ ਦੂਜੇ ਨਾਲ ਬੋਲਚਾਲ ਬੰਦ ਕਰ ਦਿੱਤੀ। ਪਰ ਇਹ ਟੁੱਟੇ ਸਬੰਧ ਤਾਈ ਨੂੰ ਅੰਦਰੋਂ ਤੋੜ ਦਿੰਦੇ ਸਨ। ਹਾਲਾਂਕਿ ਉਸਨੇ ਇੱਕ ਦਿਨ ਸ਼ਹਿਰ ਜਾ ਕੇ ਮੁੜ ਰਿਸ਼ਤੇ ਜੋੜ ਲਏ, ਪਰ ਉਹ ਪੁਰਾਣਾ ਪਿਆਰ ਕਦੇ ਮੁੜ ਨਹੀਂ ਆ ਸਕਿਆ।
2021 ਵਿੱਚ, ਤਾਈ ਦੀ ਤਬੀਅਤ ਅਚਾਨਕ ਬਿਗੜ ਗਈ। ਸ਼ੂਗਰ ਵਧਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕੁਝ ਦਿਨਾਂ ਤੋਂ ਬਾਅਦ ਉਸਦੀ ਮੌਤ ਦੀ ਖ਼ਬਰ ਆਈ। ਇਹ ਖ਼ਬਰ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਬਣ ਗਈ। ਉਸਦੀ ਯਾਦ ਅੱਜ ਵੀ ਮੇਰੇ ਦਿਲ ਵਿੱਚ ਤਾਜ਼ਾ ਹੈ।
ਉਸਦੇ ਬੋਲ ਅਜੇ ਵੀ ਮੇਰੇ ਕੰਨ ਵਿੱਚ ਗੂੰਜਦੇ ਹਨ, “ਤੇਜਿਆਂ , ਦਮ ਲੈ ਲਾ !” ਅਤੇ ਮੈਂ ਸੋਚਦਾ ਹਾਂ, ਉਸ ਦੀਆਂ ਸਧਾਰਣ ਗੱਲਾਂ ਵਿੱਚ ਇੱਕ ਅਦਭੁਤ ਪਿਆਰ ਅਤੇ ਮਮਤਾ ਸੀ।
ਤਾਈ ਤਾਂ ਚਲੀ ਗਈ, ਪਰ ਉਸ ਦੀ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly