ਮਰਹੂਮ ਸ਼ਾਇਰ ਉਸਤਾਦ ਰਾਜਿੰਦਰ ਪਰਦੇਸੀ ਨੂੰ ਯਾਦ ਕਰਦਿਆਂ.

(ਸਮਾਜ ਵੀਕਲੀ): ਅੱਜ ਪਹਿਲੀ ਮਾਰਚ ਹੈ ਤੇ ਇਹ ਤਾਰੀਖ਼ ਇਕ ਗਹਿਰਾ ਜ਼ਖ਼ਮ ਦੇ ਗਈ ਸੀ ਸਾਨੂੰ,ਸ਼ਾਇਦ ਕਦੇ ਨਾ ਭਰਨ ਵਾਲਾ ਜ਼ਖ਼ਮ. ਹੱਸਦੇ ਵੱਸਦੇ ਪਰਦੇਸੀ ਸਾਹਬ ਕਰੋਨਾ ਵਰਗੀ ਘਾਤਕ ਬਿਮਾਰੀ ਦਾ ਸ਼ਿਕਾਰ ਹੋ ਕੁਝ ਦਿਨਾਂ ਚ ਹੀ ਸਾਡੇ ਤੋਂ ਸਦਾ ਲਈ ਵਿਛੜ ਗਏ.ਯਕੀਨ ਹੀ ਨਹੀਂ ਹੋ ਰਿਹਾ ਸੀ ਕਿਉਂਕਿ ਦੋ ਕੂ ਦਿਨ ਪਹਿਲਾਂ ਹੀ ਉਨ੍ਹਾਂ ਦੀ ਕਰੋਨਾ ਰਿਪੋਰਟ ਵੀ ਨੈਗੇਟਿਵ ਆ ਗਈ ਸੀ,
ਪਰ ਇਹ ਭਾਣਾ ਵਾਪਰ ਗਿਆ. ਸ਼ਾਮ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਵੇਲੇ ਪਰਿਵਾਰ ਤੋਂ ਇਲਾਵਾ ਮੈਂ,ਉਸਤਾਦ ਸ਼ਾਇਰ ਹਰਜਿੰਦਰ ਬੱਲ ਤੇ ਦੀਪਕ ਬਾਲੀ ਹੀ ਹਾਜ਼ਿਰ ਸਨ.ਕਰੋਨਾ ਕਰਕੇ ਉਦੋਂ ਹਾਲਾਤ ਬਹੁਤੇ ਡਰਾਉ ਕਿਸਮ ਦੇ ਬਣੇ ਹੋਏ ਸਨ.

ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਨਾਲ਼ ਮੇਰੀ ਸਾਂਝ ਕੋਈ 20-25 ਸਾਲਾਂ ਤੋਂ ਸੀ.ਮੈਨੂੰ ਪੰਜਾਬ ਭਰ ਚ ਉਨ੍ਹਾਂ ਦੇ ਨਾਲ਼ ਸਾਹਤਿਕ ਪ੍ਰੋਗਰਾਮਾਂ ਚ ਜਾਣ ਦਾ ਮੌਕਾ ਮਿਲਦਾ ਰਿਹਾ.ਸ਼ਿਅਰ ਕਹਿਣ ਦਾ ਉਨ੍ਹਾਂ ਦਾ ਅੰਦਾਜ਼ ਬੜਾ ਨਿਰਾਲਾ ਸੀ.ਹਰਿਕ ਸ਼ਿਅਰ ਨੂੰ ਪੂਰੀ ਨੀਝ ਨਾਲ਼ ਪੜ੍ਹਦੇ ਸੁਣਦੇ ਸਨ ਤੇ ਨਵਿਆਂ ਸ਼ਾਇਰਾਂ ਨੂੰ ਵਧੀਆ ਲਿਖਣ ਲਈ ਪ੍ਰੇਰਿਤ ਕਰਦੇ.ਕਿਸੇ ਦੀ ਸ਼ਾਇਰੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਸਗੋਂ ਇਹ ਕਹਿਣਾ ਕਿ ਜੇ ਮੈਂ ਇਹ ਸ਼ਿਅਰ ਕਹਿੰਦਾ ਤਾਂ ਇੰਝ ਕਹਿੰਦਾ.

ਸੱਚੀਂ ਮੁੱਚੀਂ ਫ਼ੱਕਰ ਸੁਭਾ ਦੇ ਸਨ.ਹਰਿਕ ਨੂੰ ਹੱਸ ਕੇ ਮਿਲਣਾ, ਤੇ ਬੇਬਾਕੀ ਐਨੀ ਕੇ ਜੋ ਕਹਿਣਾ ਮੂੰਹ ਤੇ ਹੀ ਕਹਿਣਾ.ਆਪਣੀ ਇਸ ਲੰਬੀ ਸਾਂਝ ਦੌਰਾਨ ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ.ਸ਼ਾਇਰੀ ਦੇ ਨਾਲ਼ ਨਾਲ਼ ਜੀਵਨ ਜਾਂਚ ਵੀ.ਆਮ ਤੌਰ ਤੇ ਮੈਂ ਵੇਖਦਾ ਹਾਂ ਕਿ ਸ਼ਾਇਰ ਇਕ ਦੂਜੇ ਨੂੰ ਛੇਤੀ ਕਿਤੇ ਬਰਦਾਸ਼ਤ ਨਹੀਂ ਕਰਦੇ, ਪਿੱਠ ਪਿੱਛੇ ਇਕ ਦੂਜੇ ਦੀ ਨੁਕਤਚੀਨੀ ਕਰਦੇ ਹਨ, ਪਰ ਮੈਂ ਪਰਦੇਸੀ ਜੀ ਨੂੰ ਕਦੇ ਕਿਸੇ ਬਾਰੇ ਮਾੜਾ ਕਹਿੰਦੇ ਕਦੇ ਨਹੀਂ ਵੇਖਿਆ ਸੁਣਿਆ.ਹਰੇਕ ਚੰਗੇ ਸ਼ਾਇਰ ਦੀ ਖੁੱਲ੍ਹ ਕੇ ਤਾਰੀਫ਼ ਕਰਦੇ ਸਨ.ਦਿਹਾੜੀ ਵਿੱਚ ਇਕ ਦੋ ਵਾਰ ਤਾਂ ਮੇਰੇ ਨਾਲ਼ ਫ਼ੋਨ ਤੇ ਗੱਲ ਕਰਦੇ ਸਨ.ਕਈ ਵਾਰੀ ਫ਼ੋਨ ਤੇ ਮੈਨੂੰ ਕਹਿਣਾ ਯਾਰ ਕੋਈ ਨਵੀਂ ਗ਼ਜ਼ਲ ਸੁਣਾ.ਅਕਸਰ ਅਸੀਂ ਅੱਧੀ ਅੱਧੀ ਰਾਤ ਤੱਕ ਗ਼ਜ਼ਲਾਂ ਸਾਂਝੀਆਂ ਕਰਦੇ ਰਹਿਣਾ.

ਪਰਦੇਸੀ ਸਾਹਬ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਦੇ ਸੰਸਥਾਪਕ ਪ੍ਰਧਾਨ ਸਨ,ਤੇ ਮੈਂ ਵੀ ਉਨ੍ਹਾਂ ਦੇ ਨਾਲ਼ ਹੀ ਇਸ ਮੰਚ ਨਾਲ਼ ਜੁੜਿਆ ਰਿਹਾ.ਇਸ ਮੰਚ ਰਾਹੀਂ ਉਹ ਜਿੱਥੇ ਸਥਾਪਿਤ ਲੇਖਕਾਂ ਕਵੀਆਂ ਨੂੰ ਮਾਣ ਸਨਮਾਨ ਦਿੰਦੇ ਸਨ ਉੱਥੇ ਹੀ ਨਵਿਆਂ ਕਲਮਕਾਰਾਂ ਨੂੰ ਵੀ ਮੌਕਾ ਦਿੰਦੇ ਸਨ.ਉਨ੍ਹਾਂ ਦੇ ਜਾਣ ਤੋਂ ਬਾਅਦ ਅਸੀਂ ਇਸ ਮੰਚ ਰਾਹੀਂ ਲਗਾਤਾਰ ਉਨ੍ਹਾਂ ਦੀ ਯਾਦ ਵਿੱਚ ਸਾਹਤਿਕ ਪ੍ਰੋਗਰਾਮ ਕਰਵਾਏ ਤੇ ਹਰ ਕਵੀ ਦਰਬਾਰ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ. 1 ਮਾਰਚ 2021 ਨੂੰ ਜਦ ਉਹ ਸਾਡੇ ਵਿੱਚ ਨਹੀਂ ਰਹੇ ਸਨ ਤਾਂ ਮੈਨੂੰ ਨਿੱਜੀ ਤੌਰ ਤੇ ਇਕ ਵੱਡੀ ਸੱਟ ਲੱਗੀ ਸੀ, ਜਿਵੇਂ ਮੇਰੇ ਅੰਦਰ ਕੁਝ ਟੁੱਟ ਗਿਆ ਹੋਵੇ.ਲੰਬਾ ਸਮਾਂ ਤਾਂ ਯਕੀਨ ਵੀ ਨਹੀਂ ਆਇਆ ਸੀ.

ਭਾਵੇਂ ਉਹ ਮੇਰੇ ਸਾਹਤਿਕ ਉਸਤਾਦ ਨਹੀਂ ਸਨ, ਪਰ ਉਸਤਾਦ ਨਾਲੋਂ ਘੱਟ ਵੀ ਨਹੀਂ ਸਨ.ਅੱਜ ਮਨ ਬਹੁਤ ਭਰਿਆ ਜਿਹਾ ਹੈ,ਅੱਖਾਂ ਭਰ ਰਹੀਆ ਹਨ.ਸਵੇਰੇ ਸਵੇਰੇ ਪਰਦੇਸੀ ਸਾਹਬ ਨੂੰ ਯਾਦ ਕਰਦਿਆਂ ਬੜਾ ਦੁੱਖ ਹੋ ਰਿਹਾ ਹੈ ਕਿ ਉਹ ਹੁਣ ਯਾਦ ਬਣ ਗਏ ਹਨ.
ਬਸ ਫੇਸਬੁੱਕ ਤੇ ਆਪਣੇ ਮਨ ਦੇ ਭਾਵ ਲਿਖ ਦਿੱਤੇ ਹਨ. ਉਨ੍ਹਾਂ ਦੇ ਇਕ ਸ਼ਿਅਰ ਨਾਲ਼ ਆਪਣੀ ਗੱਲ ਖ਼ਤਮ ਕਰਦਾ ਹਾਂ

ਮੇਰਾ ਹੈ ਕੀ ਭਰੋਸਾ,ਕਿਸ ਪਲ ਮੈਂ ਤਿੜਕ ਜਾਣਾ,
ਪੱਥਰ ਦੇ ਹੱਥ ਨੇ ਸਾਰੇ, ਕੱਚ ਦਾ ਗਲਾਸ ਹਾਂ ਮੈਂ.

ਜਗਦੀਸ਼ ਰਾਣਾ
ਜਨ ਸਕੱਤਰ
ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.)
9872630635

 

Previous articleਜ਼ਿੰਦਗੀ ਬਾਰੇ ਕੁਝ ਗੱਲਾਂ
Next articleਦਵੱਯਾ ਛੰਦ ( ਅਰਦਾਸਾਂ )