(ਸਮਾਜ ਵੀਕਲੀ) 27 ਮਈ ਨੂੰ ਅੰਟੀ ਸ੍ਰੀਮਤੀ ਰਾਜਕੁਮਾਰੀ ਧਰਮਪਤਨੀ ਸਵ ਲਖਮੀ ਚੰਦ ਸਿਡਾਨਾ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਸ੍ਰੀ ਵੈਸ਼ਨੂੰ ਮਾਤਾ ਮੰਦਿਰ ਵਿਖੇ ਸੀ। ਜਿੱਥੇ ਅੰਮ੍ਰਿਤਵਾਣੀ ਸਤਿਸੰਗ ਕੀਤਾ ਗਿਆ। ਅੰਟੀ ਰਾਜਕੁਮਾਰੀ ਬਾਰੇ ਜੇ ਮੈਂ ਕੁਝ ਨਾ ਲਿਖਾਂ ਤਾਂ ਇਹ ਮੇਰੀ ਕਲਮ ਦਾ ਅਧੂਰਾਪਣ ਹੋਵੇਗਾ। ਅੰਟੀ ਮੇਰੇ ਸਹਿਪਾਠੀ ਅਤੇ ਪਰਮ ਮਿੱਤਰ ਸ੍ਰੀ ਸ਼ਾਮ ਲਾਲ ਦੇ ਮੰਮੀ ਸਨ। ਇਹ ਸਾਰੇ ਭਰਾ ਅੰਟੀ ਲਈ ਮੰਮੀ ਸ਼ਬਦ ਹੀ ਵਰਤਦੇ। ਅੰਟੀ ਬਹੁਤ ਨਿੱਘੇ ਸੁਭਾਅ ਦੇ ਸਨ। ਅੰਟੀ ਇੱਕ ਵਧੀਆ ਵਧੀਆ ਬੇਟੀ ਤਾਂ ਸਨ ਹੀ ਉਹ ਇੱਕ ਵਧੀਆ ਪਤਨੀ ਸੰਪੂਰਨ ਮਾਂ ਤੇ ਬੈਸਟ ਸੱਸ ਵੀ ਸਨ। ਗੱਲ ਕੀ ਅੰਟੀ ਨੂੰ ਰਿਸ਼ਤੇ ਬਣਾਉਣੇ ਨਿਭਾਉਣੇ ਆਉਂਦੇ ਸਨ। ਪਰਿਵਾਰ ਵੱਡਾ ਸੀ। ਘਰ ਵਿੱਚ ਮੇਰੇ ਦੋਸਤ ਹੁਰੀ ਛੇ ਭਰਾ, ਦੋ ਭੂਆਂ, ਬਜ਼ੁਰਗ ਦਾਦੀ ਜੀ ਜਿਸਨੂੰ ਸਾਰੇ ‘ਅੰਮਾ’ ਆਖਦੇ ਸਨ ਤੇ ਐਂਕਲ ਅੰਟੀ। ਪਰ ਮੈਂ ਅੰਟੀ ਨੂੰ ਕਿਸੇ ਕੰਮ ਯ ਗੱਲ ਤੇ ਕਦੇ ਖਿੱਝਦੇ ਨਹੀਂ ਦੇਖਿਆ। ਇਹ 1980 ਦੇ ਕਰੀਬ ਦੀਆਂ ਗੱਲਾਂ ਹਨ। ਮੈਂ ਅੰਟੀ ਦੇ ਹੱਥਾਂ ਦੀਆਂ ਪੱਕੀਆਂ ਵੰਨ ਸੁਵੰਨੀਆਂ ਤੰਦੂਰੀ ਰੋਟੀਆਂ ਬਹੁਤ ਖਾਧੀਆਂ ਹਨ। ਤਿੰਨਚੂੰਡੀ ਪਰੌਂਠਿਆਂ ਦੀ ਗਿਣਤੀ ਕੋਈਂ ਨਹੀਂ। ਛੇ ਇਹ ਤੇ ਸੱਤਵਾਂ ਮੈਂ ਜਦੋਂ ਖਾਣ ਬੈਠ ਜਾਂਦੇ ਗਿਣਤੀ ਕੋਈਂ ਨਾ ਰਹਿੰਦੀ। ਪਰ ਅੰਟੀ ਦੇ ਚੇਹਰੇ ਤੇ ਕਦੇ ਵੱਟ ਨਾ ਪੈਂਦਾ। ਹੱਸਦੀ ਹੱਸਦੀ ਬਣਾਉਂਦੀ ਤੇ ਸਾਡੀ ਕਿਸੇ ਦੀ ਪਲੇਟ ਖਾਲੀ ਨਾ ਹੋਣ ਦਿੰਦੀ। ਅੰਟੀ ਦੇ ਹੱਥਾਂ ਦੇ ਬਣੇ ਗਾਜਰਾਂ ਦੇ ਆਚਾਰ ਦਾ ਸੁਆਦ ਮੈਂ ਅਜੇ ਵੀ ਨਹੀਂ ਭੁੱਲਿਆ। ਇਹ ਹੀ ਨਹੀਂ ਅੰਟੀ ਚਿੱਬੜਾਂ ਦਾ ਆਚਾਰ ਬਣਾਉਂਦੀ ਤੇ ਕਦੇ ਸਰੋਂ ਦੀਆਂ ਗੰਦਲਾਂ ਦਾ। ਗੁੜ ਵਾਲੇ ਚੌਲ, ਸੇਵੀਆਂ ਤੇ ਖੀਰ ਬੱਸ ਸਾਡਾ ਢਿੱਡ ਨਾ ਭਰਦਾ ਪਰ ਪਤੀਲਾ ਭਰਿਆ ਹੀ ਰਹਿੰਦਾ। ਕਿਉਂਕਿ ਥੋਡ਼ੀ ਚੀਜ਼ ਬਣਾਉਣ ਦਾ ਰਿਵਾਜ ਹੀ ਨਹੀਂ ਸੀ। ਕਦੇ ਕਦੇ ਸ਼ਾਮ ਨੂੰ ਅੰਟੀ ਮੂੰਗੀ ਦੀ ਸੁੱਕੀ ਦਾਲ ਬਣਾਉਂਦੀ ਵੱਡੀ ਕੜਾਹੀ ਭਰਕੇ। ਫਿਰ ਬਾਲਾਂ ਨੂੰ ਬਾਟੀਆਂ ਵਿਚ ਵਰਤਾਈ ਜਾਂਦੀ ਜਿਸ ਚ ਪਿਆਜ਼ ਟਮਾਟਰ ਕੁੱਤਰਕੇ ਪਾਇਆ ਜਾਂਦਾ ਤੇ ਉਪਰ ਨਿੰਬੂ ਵੀ ਨਿਚੋੜਿਆ ਜਾਂਦਾ। ਢਿੱਡ ਭਰ ਜਾਂਦਾ ਨੀਅਤ ਨਾ ਭਰਦੀ। ਉਦੋਂ ਆਹੀ ਕੁਝ ਹੁੰਦਾ ਸੀ ਖਾਣ ਨੂੰ। ਇਹ ਨੂਡਲ, ਪੀਜ਼ਾ, ਬਰਗਰ, ਮੋਮੋਜ਼ ਤਾਂ ਬਾਅਦ ਵਿੱਚ ਆਏ ਹਨ। ਅੰਟੀ ਕੰਮ ਦੇ ਫੁਰਤੀਲੇ ਹੀ ਨਹੀਂ ਤੇ ਸੁਚੱਜੇ ਵੀ ਸਨ। ਸਾਰੇ ਮਿਰਚ ਮਸਾਲੇ ਕੋਲ੍ਹ ਖੜ੍ਹਕੇ ਆਪਣੇ ਹੀ ਪਿਸਵਾਉਂਦੇ ਚੱਕੀ ਤੋਂ। ਇਥੋਂ ਤੱਕ ਕਿ ਨਮਕ ਵੀ ਖੁਦ ਪਿਸਵਾਕੇ ਲਿਆਉਂਦੇ। ਬਜ਼ਾਰੀ ਸਮਾਨ ਲਿਆਉਣ ਤੇ ਵਰਤਣ ਤੋਂ ਗੁਰੇਜ਼ ਕਰਦੇ ਸਨ। ਘਰ ਵਿੱਚ ਫ਼ੂਡ ਸੇਫਟੀ ਇੰਸਪੈਟਕਰ ਅੰਮਾ ਜੋ ਸੀ ਜੋ ਹਰ ਕੰਮ ਤੇ ਆਪਣਾ ਸੀਸੀਟੀਵੀ ਚਾਲੂ ਰੱਖਦੀ। ਕੋਈਂ ਕੁਤਾਹੀ ਬਰਦਾਸ਼ਤ ਨਾ ਕਰਦੀ। ਵੈਸੇ ਦੋਨੇ ਭੂਆ ਜਿੰਨਾ ਨੂੰ ਸਾਰੇ ਮਾਤਾ ਤੇ ਮਾਸੀ ਆਖਦੇ ਸਨ ਅੰਟੀ ਦਾ ਹੱਥ ਵਟਾਉਂਦੀਆਂ ਤੇ ਸਖਤ ਨਿਗਰਾਨੀ ਵੀ ਕਰਦੀਆਂ। ਐਂਕਲ ਜੀ ਨੂੰ ਤਾਂ ਸਾਰੇ ‘ਭਗਤ ਜੀ’ ਦੇ ਨਾਮ ਨਾਲ ਜਾਣਦੇ ਸਨ। ਉਹਨਾਂ ਦੀਆਂ ਫਰਮਾਇਸ਼ਾਂ ਦੀ ਲਿਸਟ ਵੀ ਵੱਖਰੀ ਹੁੰਦੀ ਸੀ। ਉਹ ਮਿੱਠਾ ਖਾਣ ਦੇ ਸ਼ੁਕੀਨ ਸਨ ਪਰ ਕੋਈਂ ਬਹੁਤੀ ਦਖਲ ਅੰਦਾਜ਼ੀ ਨਹੀਂ ਸੀ ਕਰਦੇ। ਭਗਤ ਜੋ ਸਨ। ਹਾਂ ਸੱਚ ਅੰਟੀ ਨਾਲ ਮੇਰੇ ਸਨੇਹ ਦਾ ਇੱਕ ਕਾਰਨ ਇਹ ਵੀ ਸੀ ਕਿ ਅੰਟੀ ਮੇਰੇ ਅਤੇ ਸ਼ਾਮ ਲਾਲ ਵਿਚ ਬਹੁਤਾ ਫਰਕ ਨਹੀਂ ਸੀ ਸਮਝਦੇ। ਸਾਡੇ ਦੋਹਾਂ ਨਾਲ ਦਿਲ ਦੀ ਗੱਲ ਕਰ ਲੈਂਦੇ ਸੀ। ਦੂਸਰਾ ਮੇਰੇ ਵਿਆਹ ਲਈ ਰਿਸ਼ਤੇ ਦੀ ਸ਼ੁਰੂਆਤ ਵੀ ਇਸੇ ਘਰੋਂ ਹੋਈ ਸੀ। ਸਾਡੀ ਫਾਰਮਲ ਦੇਖਾ ਦਿਖਾਈ ਵੀ ਅੰਟੀ ਦੀ ਹਾਜ਼ਰੀ ਵਿੱਚ ਹੋਈ ਸੀ। ਉਹ ਪਹਿਲੀ ਚਾਹ ਜੋ ਮੈਂ ਤੇ ਮੇਰੀ ਹੋਣ ਵਾਲੀ ਹਮਸਫਰ ਨੇ ਪੀਤੀ ਸੀ ਉਹ ਅੰਟੀ ਨੇ ਹੀ ਆਪਣੇ ਹੱਥਾਂ ਨਾਲ ਬਣਾਈ ਸੀ। ਠੀਕ ਹੈ ਅੰਟੀ ਰਾਜ ਕੁਮਾਰੀ ਨਹੀਂ ਰਹੇ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ। ਅੰਟੀ ਦੀਆਂ ਯਾਦਾਂ ਤੇ ਮੁਸਕਰਾਉਂਦਾ ਚੇਹਰਾ ਹਮੇਸ਼ਾ ਅੱਖਾਂ ਮੂਹਰੇ ਰਹੇਗਾ। ਇਹ ਸਭ ਕੁਝ ਅੰਟੀ ਦੀ ਸਖਸ਼ੀਅਤ ਕਰਕੇ ਹੀ ਹੈ। ਊਂ ਗੱਲ ਆ ਇੱਕ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


