ਰਾਂਚੀ (ਸਮਾਜ ਵੀਕਲੀ): ਝਾਰਖੰਡ ਹਾਈ ਕੋਰਟ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਟਿੱਪਣੀ ਕਰਨ ਦੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਰਾਂਚੀ ਸਿਵਲ ਕੋਰਟ ਵੱਲੋਂ ਗਾਂਧੀ ਖ਼ਿਲਾਫ ਜਾਰੀ ਕੀਤੇ ਗਏ ਨੋਟਿਸ ’ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਭਾਜਪਾ ਆਗੂ ਨਵੀਨ ਝਾਅ ਦੇ ਆਧਾਰ ’ਤੇ ਰਾਹੁਲ ਗਾਂਧੀ ਖ਼ਿਲਾਫ਼ ਸਿਵਲ ਕੋਰਟ ਵਿੱਚ ਇਕ ਸ਼ਿਕਾਇਤ ਦਾਇਰ ਕਰਵਾਈ ਗਈ ਸੀ। ਇਸ ਤੋਂ ਪਹਿਲਾਂ, ਝਾਅ ਨੇ ਇਕ ਕਾਨੂੰਨੀ ਨੋਟਿਸ ਭੇਜ ਕੇ ਰਾਹੁਲ ਗਾਂਧੀ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗਣ ਵਾਸਤੇ ਕਿਹਾ ਸੀ। 2019 ਵਿੱਚ ਕਾਂਗਰਸ ਦੇ ਇਜਲਾਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਕ ਕਾਤਲ ਕਦੇ ਵੀ ਕਾਂਗਰਸ ’ਚ ਕੌਮੀ ਪ੍ਰਧਾਨ ਨਹੀਂ ਬਣ ਸਕਦਾ ਪਰ ਭਾਜਪਾ ’ਚ ਇਹ ਸੰਭਵ ਹੈ। ਅਦਾਲਤ ਨੇ ਸ਼ਿਕਾਇਤ ਦਾ ਨੋਟਿਸ ਲਿਆ ਸੀ ਅਤੇ ਇਸ ਮਾਮਲੇ ਵਿੱਚ 4 ਫਰਵਰੀ ਨੂੰ ਸਿਵਲ ਕੋਰਟ ’ਚ ਸੁਣਵਾਈ ਹੋਈ ਸੀ।