(ਸਮਾਜ ਵੀਕਲੀ)
ਪਿਛਲੇ ਲੱਗਭਗ ਨੌਂ ਸਾਲਾਂ ਤੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀਆਂ ਕਲਾਕ੍ਰਿਤੀਆਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਤਹਿਤ ਹੱਥ ਲਿਖਤ ਮੈਗਜ਼ੀਨ ਕੱਢਣ ਦੀ ਸ਼ੁਰੂਆਤ ਕੀਤੀ ਗਈ ਸੀ।ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੇਖਦੇ ਆਏ ਹਾਂ ਕਿ ਵਿਭਾਗ ਦਾ ਸ਼ੁਰੂ ਕੀਤਾ ਇਹ ਉਪਰਾਲਾ ਵਾਕਿਆ ਹੀ ਸ਼ਲਾਘਾਯੋਗ ਮੰਨਿਆ ਜਾ ਰਿਹਾ ਹੈ। ਇਹਨਾਂ ਸਾਲਾਂ ਦੌਰਾਨ ਆਪਣੀ ਡਿਊਟੀ ਤਹਿਤ ਵੀ ਦੇਖਣ ਦਾ ਮੌਕਾ ਮਿਲਿਆ ਕਿ ਬੱਚਿਆਂ ਵਿੱਚ ਅਨੇਕ ਪ੍ਰਕਾਰ ਦੀ ਕਲਾ ਹੁੰਦੀ ਹੈ, ਬਸ਼ਰਤੇ ਉਸ ਕਲਾ ਨੂੰ ਕੱਢਣ ਲਈ ਅਧਿਆਪਕ ਦੀ ਹੱਲਾਸ਼ੇਰੀ ਤੇ ਗਾਈਡੈਂਸ ਜਰੂਰੀ ਹੁੰਦੀ ਹੈ। ਪੰਜਾਬ ਦੇ ਸੁਹਿਰਦ ਅਧਿਆਪਕਾਂ ਨੇ ਇਹਨਾਂ ਸਾਲਾਂ ਵਿਚ ਬੱਚਿਆਂ ਦੀਆਂ ਕਲਾਕ੍ਰਿਤੀਆਂ ਨੂੰ ਵਰਕਿਆਂ ਤੇ ਉਲੀਕ ਮੈਗਜ਼ੀਨ ਦਾ ਰੂਪ ਦੇਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ।
ਅਜੋਕੇ ਸਮੇਂ ਵਿੱਚ ਜਦੋਂ ਬੱਚੇ ਆਧੁਨਿਕ ਉਪਕਰਨਾਂ ਨਾਲ ਖੇਲਦੇ-ਲੁਝਦੇ ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਦੋ-ਚਾਰ ਹੁੰਦੇ ਹਨ ਤਾਂ ਇਸ ਸਮੇਂ ਲਈ ਬੱਚਿਆਂ ਤੱਕ ਇਹੋ ਜਿਹੇ ਉਪਰਾਲੇ ਲੈ ਜਾਣਾ ਆਪਣੇ ਆਪ ਵਿੱਚ ਚੰਗਾ ਕਾਰਜ ਹੈ। ਬੱਚੇ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦੇ ਹਨ। ਉਹਨਾਂ ਨੂੰ ਜਿਹੋ ਜਿਹਾ ਰੂਪ ਦਿੱਤਾ ਜਾਵੇ,ਉਹ ਉਸੇ ਰੂਪ ਵਿੱਚ ਢਲ ਜਾਂਦੇ ਹਨ। ਵਿਭਾਗ ਦੁਆਰਾ ਦਿੱਤਾ ਗਿਆ ਇਹ ਰੂਪ ਸਾਰੇ ਪ੍ਰਤੀਭਾਸ਼ਾਲੀ ਬੱਚਿਆਂ ਲਈ ਮਾਰਗ-ਦਰਸ਼ਕ ਦਾ ਕੰਮ ਕਰਦਾ ਆ ਰਿਹਾ ਹੈ। ਇਸ ਕਾਰਜ ਤੋਂ ਸਿਰਫ ਬੱਚੇ ਹੀ ਪ੍ਰਭਾਵਿਤ ਨਹੀਂ ਹੋ ਰਹੇ ਸਗੋਂ ਪੰਜਾਬ ਦੇ ਸੁਹਿਰਦ ਅਧਿਆਪਕ ਵੀ (ਜਿਹਨਾਂ ਨੂੰ ਆਪਣੇ ਬਚਪਨ ਵਿੱਚ ਆਪਣੀ ਕਲਾ ਨੂੰ ਨਿਖਾਰਨ ਦਾ ਮੌਕਾ ਨਾਂ ਮਿਲਿਆ ਹੋਵੇ) ਇਸ ਤੋਂ ਲਾਹਾ ਲੈ ਰਹੇ ਹਨ। ਜਿਹਾ ਕਿ ਡਿਊਟੀ ਕਰਦਿਆਂ ਪਿਛਲੇ ਸਮੇਂ ਦੌਰਾਨ ਦੇਖਣ ਨੂੰ ਮਿਲਿਆ ਹੈ।
ਇਹ ਵੀ ਦੇਖਣ ਨੁੰ ਮਿਲਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ (ਜਿਹਾ ਕਿ ਆਮ ਲੋਕਾਈ ਵੱਲੋਂ ਸੋਚਿਆ ਜਾਂਦਾ ਹੈ) ਲਿਆਕਤ ਤੇ ਪ੍ਰਤਿਭਾ ਚ ਕਿਸੇ ਗੱਲੋਂ ਘੱਟ ਨਹੀਂ ਹਨ। ਬੱਸ ਲੋੜ ਮੌਕੇ ਮਿਲਣ ਦੀ ਹੈ। ਇਹ ਮੌਕੇ ਉਹਨਾਂ ਨੂੰ ਵਿਭਾਗ ਦੁਆਰਾ ਦਿੱਤੇ ਜਾ ਰਹੇ ਹਨ। ਪਰ ਕਿਤੇ ਨਾਂ ਕਿਤੇ ਅਧਿਆਪਕਾਂ ਚ ਇਹ ਗਿਲਾ ਹੁੰਦਾ ਹੈ ਕਿ ਵਿਭਾਗ ਵੱਲੋਂ ਸਿਰ ਤੇ ਆ ਕੇ ਇਹੋ ਜਿਹੇ ਕਾਰਜ ਕਰਨ ਲਈ ਕਿਹਾ ਜਾਂਦਾ ਹੈ। ਇਸ ਗੱਲ ਨੂੰ ਵਿਹਾਰਕ ਰੂਪ ਵਿੱਚ ਦੇਖਿਆ ਜਾਵੇ ਤਾਂ ਕਿਸੇ ਨਾਂ ਕਿਸੇ ਤਰਾਂ ਜਾਇਜ ਵੀ ਹੈ ਪਰ ਪੂਰੇ ਸਾਲ ਦੇ ਵਿੱਦਿਅਕ ਕੈਲੰਡਰ ਤੇ ਨਿਗਾਹ ਮਾਰੀ ਜਾਵੇ ਤਾਂ ਕੁਝ ਕਾਰਜ ਇਹੋ ਜਿਹੇ ਹੁੰਦੇ ਹਨ ਜੋ ਅਸੀਂ ਮਹੀਨੇ ਦੀ ਸਥਿਤੀ ਅਨੁਸਾਰ ਕਰਨੇ ਹੁੰਦੇ ਹਨ।
ਜਿਵੇਂ ਸਾਨੂੰ ਪਤਾ ਹੈ ਕਿ ਨਵੰਬਰ ਮਹੀਨਾ ਸਾਡੀ ਮਾਂ-ਬੋਲੀ ਪੰਜਾਬੀ ਲਈ ਸਮਰਪਿਤ ਮਹੀਨਾਂ ਹੁੰਦਾ ਹੈ ਤੇ ਇਸ ਮਹੀਨੇ ਅਸੀਂ ਇਹ ਹੱਥ ਲਿਖਤ ਮੈਗਜ਼ੀਨ ਜਾਰੀ ਕਰਨਾਂ ਹੀ ਹੁੰਦਾ ਹੈ। ਇਸ ਲਈ ਸਾਨੂੰ ਸ਼ੁਰੂ ਤੋਂ ਹੀ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਤੇ ਵਿਭਾਗ ਲਈ ਵੀ ਜਰੂਰੀ ਹੈ ਕਿ ਵਿੱਦਿਅਕ ਕੈਲੰਡਰ ਸਾਲ ਦੇ ਸ਼ੁਰੂ ਵਿੱਚ ਹੀ ਜਾਰੀ ਕੀਤਾ ਜਾਵੇ (ਜਿਹਾ ਕਿ ਪਿਛਲੇ ਕੁਝ ਸਾਲਾਂ ਚ ਹੁੰਦਾ ਰਿਹਾ ਹੈ) ਤਾਂ ਜੋ ਕਿਸੇ ਕਿਸਮ ਦੀ ਸੰਕਾ ਨਾਂ ਰਹੇ।
ਸੋ ਆਉ ਆਪਾਂ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਦੇ ਮਕਸਦ ਨਾਲ ਇਹ ਹੱਥ ਲਿਖਤ ਮੈਗਜ਼ੀਨ ਤਿਆਰ ਕਰਵਾਉਣ ਤੇ ਜਾਰੀ ਕਰਨ ਦੇ ਕਾਰਜਾਂ ਵਿੱਚ ਹੁਣ ਤੋਂ ਹੀ ਜੁਟ ਜਾਈਏ ਤੇ ਆਪਣੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਕਲਾ ਨਿਖਾਰਨ ਵਿੱਚ ਆਪਣਾ ਯੋਗਦਾਨ ਪਾਈਏ।
ਆਮੀਨ
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly