(ਸਮਾਜ ਵੀਕਲੀ) ਇਨਸਾਨ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਰਿਸ਼ਤਿਆਂ ਤੋਂ ਬਿਨਾਂ ਉਸ ਦੀ ਜ਼ਿੰਦਗੀ ਅਧੂਰੀ ਮੰਨੀ ਜਾਂਦੀ ਹੈ। ਪਰਿਵਾਰ, ਭੈਣ-ਭਰਾ, ਯਾਰ-ਦੋਸਤ ਅਤੇ ਸਕੇ-ਸਬੰਧੀ ਮਨੁੱਖ ਦੇ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ। ਇਹੀ ਰਿਸ਼ਤੇ ਮਨੁੱਖ ਨੂੰ ਸਹਾਰਾ, ਪਿਆਰ ਅਤੇ ਹੌਸਲਾ ਦਿੰਦੇ ਹਨ। ਪਰ ਜੀਵਨ ਦੇ ਤਜਰਬੇ ਇਹ ਵੀ ਸਾਬਤ ਕਰਦੇ ਹਨ ਕਿ ਹਰ ਰਿਸ਼ਤਾ ਭਰੋਸੇਯੋਗ ਨਹੀਂ ਹੁੰਦਾ ਅਤੇ ਹਰ ਰਿਸ਼ਤੇਦਾਰ ਹਮਦਰਦ ਨਹੀਂ ਹੁੰਦਾ। ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਦੂਜਿਆਂ ਦੀ ਖੁਸ਼ਹਾਲੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਹ ਲੋਕ ਰਿਸ਼ਤੇਦਾਰਾਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਪਰ ਅਸਲ ਵਿੱਚ ਰਿਸ਼ਤਿਆਂ ਵਿੱਚ ਦਰਾਰ ਪੈਦਾ ਕਰਨ ਵਾਲੇ ਹੁੰਦੇ ਹਨ। ਮਿੱਠੀਆਂ ਗੱਲਾਂ, ਝੂਠੀ ਹਮਦਰਦੀ ਅਤੇ ਦਿਖਾਵੇ ਦੇ ਪਿਆਰ ਨਾਲ ਇਹ ਘਰਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਕਦੇ ਅਫ਼ਵਾਹਾਂ ਰਾਹੀਂ, ਕਦੇ ਸ਼ੱਕ ਦੇ ਬੀਜ ਬੀਜ ਕੇ ਅਤੇ ਕਦੇ ਗਲਤਫ਼ਹਿਮੀਆਂ ਖੜ੍ਹੀਆਂ ਕਰਕੇ ਇਹ ਪਰਿਵਾਰਕ ਸ਼ਾਂਤੀ ਨੂੰ ਭੰਗ ਕਰ ਦਿੰਦੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਕਈ ਵਾਰ ਲੋਕ ਬਿਨਾਂ ਸੋਚੇ-ਸਮਝੇ ਅਜਿਹੀਆਂ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦੇ ਹਨ। “ਕੰਨਾਂ ਦੇ ਕੱਚੇ” ਹੋਣਾ ਕਈ ਘਰਾਂ ਦੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਸਾਲਾਂ ਦੀ ਮਿਹਨਤ ਨਾਲ ਬਣੇ ਰਿਸ਼ਤੇ ਕੁਝ ਪਲਾਂ ਦੀ ਗਲਤਫ਼ਹਿਮੀ ਨਾਲ ਟੁੱਟ ਜਾਂਦੇ ਹਨ ਅਤੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਹਰ ਸੁਣੀ-ਸੁਣਾਈ ਗੱਲ ‘ਤੇ ਤੁਰੰਤ ਭਰੋਸਾ ਕਰਨ ਦੀ ਬਜਾਏ ਸਮਝਦਾਰੀ ਅਤੇ ਧੀਰਜ ਨਾਲ ਫ਼ੈਸਲਾ ਲਿਆ ਜਾਵੇ। ਸੱਚੇ ਰਿਸ਼ਤੇ ਉਹੀ ਹੁੰਦੇ ਹਨ ਜੋ ਸੁੱਖ-ਦੁੱਖ, ਸਫਲਤਾ-ਅਸਫਲਤਾ ਵੇਲੇ ਮਨੁੱਖ ਦੇ ਨਾਲ ਖੜ੍ਹੇ ਰਹਿੰਦੇ ਹਨ। ਜੋ ਰਿਸ਼ਤੇ ਸਿਰਫ਼ ਦਿਖਾਵੇ ਤੇ ਖੜ੍ਹੇ ਹੋਣ, ਉਹ ਮੁਸ਼ਕਲ ਵੇਲੇ ਢਹਿ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਦੀ ਕਦਰ ਕਰੀਏ, ਆਪਸੀ ਭਰੋਸੇ ਨੂੰ ਮਜ਼ਬੂਤ ਬਣਾਈਏ ਅਤੇ ਉਹਨਾਂ ਲੋਕਾਂ ਤੋਂ ਸਾਵਧਾਨ ਰਹੀਏ ਜੋ ਮਿੱਠੇ ਬੋਲਾਂ ਦੇ ਪਿੱਛੇ ਨਫ਼ਰਤ ਲੁਕਾਈ ਬੈਠੇ ਹੁੰਦੇ ਹਨ। ਰਿਸ਼ਤਿਆਂ ਦੀ ਮਜ਼ਬੂਤੀ ਹੀ ਘਰ ਦੀ ਸ਼ਾਂਤੀ ਅਤੇ ਸਮਾਜ ਦੀ ਖੁਸ਼ਹਾਲੀ ਦੀ ਅਸਲ ਨੀਂਹ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



