ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) “ਆਹ ਕੋਈਂ ਕਟੋਰੀ ਆ। ਕੋਈਂ ਚੱਜ ਦੀ ਕਟੋਰੀ ਵਿੱਚ ਸਬਜ਼ੀ ਪਾਕੇ ਦਿਓਂ।” ਮੈਂ ਰੋਟੀ ਖਾਣ ਵੇਲੇ ਮੈਲਮਾਇਨ ਦੀ ਕਟੋਰੀ ਵਿੱਚ ਸਬਜ਼ੀ ਪਾਈ ਵੇਖਕੇ ਇੱਕ ਦਮ ਭੜਕਿਆ। ਓਦੋਂ ਸਾਡਾ ਨੋਇਡਾ ਪ੍ਰਵਾਸ ਦਾ ਅਜੇ ਦੂਜਾ ਦਿਨ ਹੀ ਸੀ। ਅਸੀਂ ਵੱਡੇ ਬੇਟੇ ਕੋਲ੍ਹ ਪੋਤੀ ਨੂੰ ਸੰਭਾਲਣ ਦੇ ਬਹਾਨੇ ਉਥੇ ਗਏ ਸੀ। “ਇਸ ਤਰਾਂ ਦਾ ਵਿਹਾਰ ਨਹੀਂ ਕਰਨਾ। ਹੁਣ ਇਹ ਤੁਹਾਡਾ ਘਰ ਨਹੀਂ। ਆਪਣੇ ਆਪ ਨੂੰ ਐਡਜਸਟ ਕਰਨਾ ਸਿੱਖੋ। ਹੁਣ ਤੁਸੀਂ ਨੂੰਹਾਂ ਧੀਆਂ ਵਾਲੇ ਹੋ।” ਮੇਰੇ ਨਾਲ ਦੀ ਨੇ ਮੈਨੂੰ ਸਮਝਾਇਆ ਅਤੇ ਅਹਿਸਾਸ ਕਰਵਾਇਆ ਕਿ ਹੁਣ ਉਮਰ ਸ਼ਾਂਤਚਿੱਤ ਰਹਿਣ ਦੀ ਹੈ। ਹੁਣ ਇਹ ਜੀਵਨ ਦੀ ਤੀਜੀ ਰੋਟੀ ਦੀ ਸ਼ੁਰੂਆਤ ਹੈ ਜੋ ਸੰਭਲਕੇ ਅਤੇ ਸਲੀਕੇ ਨਾਲ ਖਾਣੀ ਚਾਹੀਦੀ ਹੈ। ਮੈਨੂੰ ਉਸਦੀ ਗੱਲ ਚੰਗੀ ਲੱਗੀ। ਪਰ ਵਿਗੜੀਆਂ ਆਦਤਾਂ ਨੂੰ ਛੱਡਣ ਤੇ ਨਵੇਂ ਸਿਸਟਮ ਵਿੱਚ ਆਪਣੇ ਆਪ ਨੂੰ ਢਾਲਣ ਤੇ ਟਾਈਮ ਤਾਂ ਲੱਗਦਾ ਹੀ ਹੈ। “ਤੂੰ ਇਹ ਗੱਲਾਂ ਨਾ ਕਰਿਆ ਕਰ। ਤੂੰ ਘਰ ਪੱਟੇਗ਼ੀ।” ਮੇਰੇ ਪਾਪਾ ਜੀ ਅਕਸਰ ਹੀ ਮੇਰੀ ਮੰਮੀ ਦੇ ਗਲ ਪੈ ਜਾਂਦੇ ਜਦੋਂ ਵੀ ਉਹ ਨੂੰਹਾਂ ਦੀ ਕਿਸੇ ਸ਼ਿਕਾਇਤ ਨੂੰ ਲੈਕੇ ਕੁਰਨ ਕੁਰਨ ਕਰਦੀ। ਭਾਵੇਂ ਪਾਪਾ ਜੀ ਦਾ ਸੁਭਾਅ ਬਹੁਤ ਗੁਸੈਲਾ ਸੀ ਪਰ ਪਰਿਵਾਰ ਦੇ ਇਤਫ਼ਾਕ ਲਈ ਉਹ ਹਲੀਮੀ ਤੋਂ ਕੰਮ ਲੈਂਦੇ। ਬਹੁਤ ਵਾਰੀ ਮੈਂ ਵੇਖਦਾ ਮੇਰੀ ਮਾਂ ਵੀ ਘਰੇ ਹੋਣ ਵਾਲੀ ਤੂੰ ਤੂੰ ਮੈ ਮੈਂ ਨੂੰ ਟਾਲਣ ਲਈ ਪਾਸਾ ਵੱਟ ਲੈਂਦੀ। ਹੁਣ ਜਿੰਦਗੀ ਦੇ ਉਸੇ ਮੋੜ ਤੇ ਆਕੇ ਬਹੁਤੇ ਵਾਰੀ ਅਸੀਂ ਵੀ ਕਿਸੇ ਬਹਿਸ ਨੂੰ ਖਤਮ ਕਰਨ ਲਈ ਚੁੱਪ ਕਰ ਜਾਂਦੇ ਹਾਂ। ਵੱਸਦੇ ਘਰਾਂ ਵਿਚ ਕਿਸੇ ਨਾ ਕਿਸੇ ਗੱਲੋਂ ਕਿਸੇ ਨਾ ਕਿਸੇ ਦਾ ਮੂੰਹ ਮੋਟਾ ਹੋਇਆ ਹੀ ਰਹਿੰਦਾ ਹੈ। ਫਿਰ ਸਿਆਣੀ ਉਮਰ ਦੇ ਲੋਕ ਨੀਵਾਂ ਦਾਅ ਲ਼ੈ ਲੈਂਦੇ ਹਨ ਤਾਂਕਿ ਘਰ ਵਿੱਚ ਸ਼ਾਂਤੀ ਤੇ ਪਿਆਰ ਬਣਿਆ ਰਹੇ। ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਹੀ ਭਾਵੇਂ ਉਹ ਭਾਂਡੇ ਪਿੱਤਲ ਸਟੀਲ ਕੱਚ ਮੈਲਮਾਇਨ ਦੇ ਹੀ ਕਿਉਂ ਨਾ ਹੋਣ। ਲੋੜ ਭਾਂਡੇ ਟੁੱਟਣ ਅਤੇ ਚਿੱਬ ਪੈਣ ਤੋਂ ਬਚਾਉਣ ਦੀ ਹੁੰਦੀ ਹੈ। ਬਹੁਤੇ ਵਾਰੀ ਸਾਰੇ ਹੱਥ ਕੰਡੇ ਫੇਲ ਹੋ ਜਾਂਦੇ ਹਨ। ਜਦੋਂ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ। ਉਂਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਵੀ ਦੁਨਿਆਵੀ ਤਰੀਕਿਆਂ ਨਾਲ ਮਹਾਂਭਾਰਤ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਦੈਵੀ ਸ਼ਕਤੀਆਂ ਨਾਲ ਇਸ ਵਿਨਾਸ਼ ਨੂੰ ਰੋਕ ਸਕਦੇ ਸਨ ਪਰ ਯੁੱਧ ਨੇ ਜੋ ਇਤਿਹਾਸ ਸਿਰਜਨਾਂ ਸੀ ਉਹ ਯੁੱਧ ਕਰਕੇ ਹੀ ਸੰਭਵ ਸੀ। ਇਸ ਲਈ ਯੁੱਧ ਮਾੜਾ ਨਹੀਂ ਸੀ ਇਹ ਪੂਰੇ ਵਿਸ਼ਵ ਲਈ ਇੱਕ ਸਬਕ ਸੀ। ਸੋ ਘਰੇਲੂ ਯੁੱਧ ਹੋਣਾ ਕੋਈਂ ਗਲਤ ਨਹੀਂ ਪਰ ਮਨ ਵਿੱਚ ਗੰਢਾਂ ਪਾ ਲੈਣੀਆਂ ਰਿਸ਼ਤੇ ਤੋੜ ਦੇਣੇ ਮਰਿਆਦਾ ਭੁੱਲ ਜਾਣਾ ਇਖਲਾਕ ਦੇ ਖਿਲਾਫ ਹੁੰਦਾ ਹੈ। ਮਨ ਦੇ ਗੁੱਸੇ ਗਿਲੇ, ਸ਼ਿਕਵੇ ਸ਼ਿਕਾਇਤਾਂ, ਰੀਸ ਰੋਸੇ ਤੇ ਵਿਚਾਰਿਕ ਮਤਭੇਦ ਆਪਣਿਆਂ ਵਿੱਚ ਹੀ ਹੁੰਦੇ ਹਨ। ਜਿੱਥੇ ਅਪਣੱਤ ਹੁੰਦੀ ਹੈ ਮੇਰ ਅਤੇ ਅਧਿਕਾਰ ਹੁੰਦਾ ਹੈ। ਪਰ ਨੂੰਹਾਂ ਸੱਸਾਂ, ਮਾਵਾਂ ਧੀਆਂ, ਦਰਾਣੀਆਂ ਜੇਠਾਣੀਆਂ ਕਿੱਥੇ ਟਲਦੀਆਂ ਹਨ। ਪਿੱਛੇ ਮਰਦ ਜਾਤ ਵੀ ਨਹੀਂ ਰਹਿੰਦੀ। ਇਸ ਮਾਮਲੇ ਵਿੱਚ ਬਹੁਤੇ ਮਰਦ ਵੀ ਔਰਤ ਜਾਤੀ ਦੀ ਰੀਸ ਕਰਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly