(ਸਮਾਜ ਵੀਕਲੀ)
ਕਈ ਦਿਨ ਤੋਂ ਤਬੀਅਤ ਠੀਕ ਨਹੀਂ। ਬੁਖਾਰ ਰੋਜ਼ ਹੋ ਜਾਂਦਾ। ਸਾਰਾ ਸਰੀਰ ਟੁੱਟਾ ਜਿਹਾ ਮਹਿਸੂਸ ਹੁੰਦਾ। ਇੱਕ ਗੋਲੀ ਸੂਮੋ ਖਾ ਕੇ ਕੰਮ ਲੱਗ ਜਾਂਦੀ। ਰੋਟੀ ਬਾਹਰੋਂ ਮੰਗਵਾਉਣਾ ਘਰ ਵਿੱਚ ਕਿਸੇ ਨੂੰ ਵੀ ਪਸੰਦ ਨਹੀਂ।ਰਸੋਈ ਸਾਫ ਕੀਤੇ ਬਿਨਾਂ ਸੌਣ ਦੀ ਆਦਤ ਨਹੀਂ। ਸਵੇਰੇ ਝੂਠੇ ਭਾਂਡੇ ਆਪਣੇ ਹੀ ਮੱਥੇ ਲੱਗਣੇ ਹੁੰਦੇ। ਘਰ ਵਿਚ ਕੋਈ ਨੇ ਪੁੱਛਦਾ ਕਿ ਅੱਜ ਠੀਕ ਨਹੀਂ ਲੱਗਦੀ, ਸਿਹਤ ਢਿੱਲੀ ਹੈ ਤਾਂ ਆਰਾਮ ਕਰ ਲੈ। ਕਿਸੇ ਤੇ ਗਿਲਾ ਵੀ ਕੋਈ ਨਹੀਂ। ਬੱਚਿਆਂ ਨੂੰ ਆਪਣਾ ਹਰ ਕੰਮ ਸਮੇਂ ਤੇ ਚਾਹੀਦਾ ਤੇ ਓਹਨਾਂ ਦੇ ਪਿਤਾ ਨੂੰ ਤਾਂ ਆਪਣੇ ਕੰਮ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਆਪਣੀ ਮਰਜ਼ੀ ਮੁਤਾਬਿਕ ਚਾਹੀਦਾ।ਮੇਰੀ ਬਿਮਾਰੀ ਕੋਈ ਮਾਅਨੇ ਨਹੀਂ ਰੱਖਦੀ।
ਬਸ ਥੱਕ ਟੁੱਟ ਕੇ ਬਿਸਤਰੇ ਤੇ ਡਿੱਗਦੀ ਨੂੰ ਮਾਂ ਯਾਦ ਆਉਂਦੀ। ਸੌਂਫ ਤੇ ਜਵੈਣ ਵਾਲੀ ਮਾਂ ਦੇ ਹੱਥ ਦੀ ਚਾਹ ਪੀਣ ਨੂੰ ਬੜਾ ਦਿਲ ਕਰਦਾ। ਸਵੇਰੇ ਫਿਰ ਕੰਮ ਮੁਕਾ ਕੇ ਕਾਹਲੀ ਕਾਹਲੀ ਤਿਆਰ ਹੋ ਦਫ਼ਤਰ ਵੱਲ ਤੁਰ ਪੈਂਦੀ। ਸਹਿਕਰਮੀ ਵੀ ਪਰਿਵਾਰ ਹੀ ਬਣ ਜਾਂਦੇ।ਅੱਜ ਦੋ ਦਿਨ ਦੀ ਛੁੱਟੀ ਬਾਦ ਦਫ਼ਤਰ ਲੱਗਾ ਸੀ। ਸਵੇਰੇ ਚਿਹਰਾ ਵੇਖ ਹੀ ਸਭ ਨੇ ਵਾਰੀ ਵਾਰੀ ਹਾਲ ਪੁੱਛਿਆ। ਕਿਸੇ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਤੇ ਕੋਈ ਕਹੇ ਚੱਲ ਤੇਰਾ ਟੈਸਟ ਕਰਵਾ ਲਈਏ। ਰੰਜਨਾ ਜੀ ਨੇ ਆਪਣੀ ਚਾਹ ਵਾਲੀ ਕੈਟਲ ਫੜਾ ਕੇ ਕਿਹਾ,”ਕੱਲ ਫੋਨ ਤੇ ਤੇਰੀ ਆਵਾਜ਼ ਸੁਣ ਹੀ ਪਤਾ ਲੱਗ ਗਿਆ ਸੀ ਤੂੰ ਠੀਕ ਨਹੀਂ ।
ਤੇਰੇ ਲਈ ਸੌਂਫ ਤੇ ਜਵੈਣ ਵਾਲੀ ਚਾਹ ਲਿਆਈ ਹਾਂ। ਪੀ ਲਈ।” ਮੇਰੀਆਂ ਅੱਖਾਂ ਭਰ ਗਈਆਂ। ਮਾਂ ਦੀ ਯਾਦ ਆ ਗਈ।ਕਿਸੇ ਨੇ ਸਾਰਾ ਦਿਨ ਕੋਈ ਕੰਮ ਨਾ ਕਰਨ ਦਿੱਤਾ। ਵੰਡ ਕੇ ਸਭ ਨੇ ਮੇਰਾ ਕੰਮ ਨਬੇੜ ਦਿੱਤਾ। ਦਵਾਈ ਵੀ ਲਿਆ ਦਿੱਤੀ।ਛੁੱਟੀ ਵੇਲੇ ਕਈ ਹਿਦਾਇਤਾਂ ਦਿੱਤੀਆਂ।ਘਰ ਪਹੁੰਚ ਕੇ ਹਲਕਾ ਜਿਹਾ ਮਹਿਸੂਸ ਕੀਤਾ।ਸਾਰੇ ਕੰਮ ਮੁਕਾ ਜਿਵੇਂ ਹੀ ਬੇਡ ਤੇ ਪਈ ਪਤੀ ਨੇ ਕਿਹਾ ਹੈ ਠੀਕ ਨਹੀਂ ਤਾਂ ਛੁੱਟੀ ਲੈ ਲੈਣੀ ਸੀ। ਮੈਂ ਮਨ ਵਿਚ ਸੋਚਿਆ ਦਫ਼ਤਰ ਤਾਂ ਮੇਰੇ ਪੇਕਿਆਂ ਵਰਗਾ, ਜਿੱਥੇ ਜਾ ਕੇ ਸਭ ਦੁੱਖ ਭੁੱਲ ਜਾਂਦੀ।
ਛੁੱਟੀ ਲੈ ਸਾਰਾ ਦਿਨ ਕੰਮ ਹੀ ਕਰਨਾ ਤੇ ਬੀਜੀ ਦੀਆਂ ਮਿੱਠੀਆਂ ਫਿੱਕੀਆਂ ਵੀ ਸੁਣਨ ਨਾਲੋਂ ਚੰਗਾ ਮੈਂ ਦਫ਼ਤਰ ਹੀ ਚਲੀ ਜਾਵਾਂ। ਮੈਂ ਜਵਾਬ ਦਿੱਤਾ ਕਿ ਹੁਣ ਮੈਂ ਠੀਕ ਹਾਂ। ਮਨ ਵਿਚ ਸੋਚ ਰਹੀ ਸੀ ਕਿ ਆਪਣੇ ਬਿਗਾਨਿਆਂ ਵਰਗੇ ਤੇ ਬਿਗਾਨੇ ਆਪਣਿਆ ਤੋਂ ਵੀ ਵੱਧ ਹੋ ਜਾਂਦੇ।ਅਪਣੱਤ ਰਿਸ਼ਤਿਆਂ ਦੀ ਮੋਹਤਾਜ ਨਹੀਂ।ਸਹੇਲੀਆਂ, ਦੋਸਤ, ਸਹਿਕਰਮੀ ਅਕਸਰ ਪਰਿਵਾਰ ਤੋਂ ਵੀ ਵੱਧ ਆਪਣੇ ਹੁੰਦੇ ਹਨ।ਪਿਆਰ ਤੇ ਅਪਣੱਤ ਨੂੰ ਰਿਸ਼ਤਿਆਂ ਦੇ ਟੈਗ ਨਹੀਂ ਚਾਹੀਦੇ।
(ਇਹ ਇੱਕ ਕਾਲਪਨਿਕ ਕਹਾਣੀ ਹੈ ਜੋ ਰਿਸ਼ਤਿਆਂ ਨੂੰ ਦਰਸਾਉਂਦੀ ਹੈ)
ਹਰਪ੍ਰੀਤ ਕੌਰ ਸੰਧੂ