(ਸਮਾਜ ਵੀਕਲੀ)
ਕਿੰਨੇ ਵਰ੍ਹੇ ਹੋ ਗਏ
ਆਪਣੇ ਆਪ ਨੂੰ ਉਧੇੜ ਕੇ
ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਬੁਣਦਿਆਂ।
ਹੁਣ ਤੇ ਲੱਗਦੈ ਕਿ
ਆਪਣੇ ਆਪ ਨੂੰ ਸਮੇਟ ਲਈਏ।
ਆਪਣੀਆਂ ਦੋਹਾਂ ਬਾਹਾਂ ਦੀ
ਬੁੱਕਲ ਮਾਰ ਲਈਏ ਘੁੱਟ ਕੇ।
ਜਿਵੇਂ ਠੰਡ ਲੱਗਦੀ ਹੋਵੇ।
ਕਿਉਂਕਿ ਰਿਸ਼ਤਿਆਂ ਵਿੱਚ ਹੁਣ
ਓਹ ਨਿੱਘ ਨਹੀਂ ਰਹਿ ਗਈ।
……. ਬਥੇਰੇ ਹੋ ਗਏ ਸਾਧਨ
ਆਉਣ ਜਾਣ ਦੇ।
ਮਿੰਟਾਂ ਚ ਪਹੁੰਚ ਜਾਈਏ ਜੇ ਜਾਣਾ ਹੋਵੇ ਤਾਂ।
ਪਰ ਕੋਈ ਗੱਲ ਹੀ ਨਹੀਂ ਬਚੀ ਕਰਨ ਨੂੰ।
ਹੁਣ ਤਾਂ ਕਿਸੇ ਦੇ ਘਰ ਜਾਈਏ ਤਾਂ
ਅਗਲਾ ਚਾਹ ਵੀ ਠੰਡੀ ਕਰਕੇ ਲੈ ਆਉਂਦਾ ਹੈ
ਬਈ
ਛੇਤੀ ਪੀਓ ਤੇ……….
ਅਸੀਂ ਆਪਣੇ ਕੰਮ ਲੱਗੀਏ।
ਹੈਨੀ ਟੈਮ ਕਿਸੇ ਕੋਲ
ਰਜਾਈਆਂ ਚ ਬੈਠ ਕੇ
ਗੱਪਾਂ ਮਾਰਨ ਦਾ।
ਸਭ ਦੇ ਫੇਸਬੁੱਕ ਤੇ ਇੰਸਟਾ ਖਾਤੇ ਚੱਲਦੇ ਐ।
ਤੇ ਜਿਹੜੇ ਹਜ਼ਾਰਾਂ ਲੋਕਾਂ ਨੂੰ
ਆਪਣਾ ਮੋਹ ਵੰਡਦੇ ਹੋਣ
ਉਹਨਾਂ ਕੋਲ ਮੋਹ ਬਚਦਾ ਹੀ ਨਹੀਂ।
ਗੁਰਦੀਪ ਕੌਰੇਆਣਾ