ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਹਰਸਿਮਰਨ ਜੋਤ ਸਿੰਘ ਕਲੇਰ ) ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੀ ਕਾਠਗੜ੍ਹ ਜੋਨ ਦੇ ਆਗੂਆਂ ਦੀ ਮੀਟਿੰਗ ਸਾਥੀ ਮਨੋਹਰ ਲਾਲ ਟੌਂਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਅਤੇ ਉਸ ਦੀ ਥਾਂ ਨਵਾਂ ਕਾਨੂੰਨ ਲਿਆਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ‘ਚ ਫੈਸਲਾ ਕੀਤਾ ਕਿ ਕੇਂਦਰੀ ਸਰਕਾਰ ਕਾਰਪੋਰੇਟਾਂ ਨਾਲ ਮਿਲ ਕੇ ਜੋ ਨਵੇਂ ਕਾਨੂੰਨ ਦੇ ਹੱਕ ਵਿੱਚ ਕੂੜ ਪ੍ਰਚਾਰ ਕਰ ਰਹੀ ਹੈ ਉਸ ਦਾ ਮੋੜਵਾਂ ਜਵਾਬ ਮਨਰੇਗਾ ਕਿਰਤੀਆਂ ਦੀਆਂ ਮੀਟਿੰਗਾਂ ਵਿੱਚ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਤਸੱਲੀ ਪ੍ਰਗਟ ਕੀਤੀ ਕਿ ਪਿੰਡਾਂ ਵਿੱਚ ਮਨਰੇਗਾ ਕਿਰਤੀਆਂ ਦੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਜਿਸ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਦੱਸਿਆ ਕਿ 20 ਜਨਵਰੀ ਨੂੰ ਹਜ਼ਾਰਾਂ ਮਨਰੇਗਾ ਕਿਰਤੀ ਇਕੱਠੇ ਹੋ ਕੇ ਕੇਂਦਰੀ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੂੰ ਮਨਰੇਗਾ ਕਾਨੂੰਨ ਨੂੰ ਬਹਾਲ ਕਰਨ ਲਈ ਮੰਗ ਪੱਤਰ ਲੁਧਿਆਣਾ ਵਿਖੇ ਦੇਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੇ ਇਸ਼ਾਰੇ ‘ਤੇ ਦੇਸ਼ ਦੇ ਕਾਰਪੋਰੇਟਾਂ ਨਾਲ ਮਿਲ ਕੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ‘ਤੇ ਹਮਲੇ ਕਰ ਰਹੀ ਹੈ। ਬਿਜਲੀ ਐਕਟ 2025, ਚਾਰ ਲੇਬਰ ਕੋਡ ਅਤੇ ਸੀਡ ਬਿਲ ਦੇ ਵਿਰੋਧ ਵਿੱਚ ਐਸਕੇਐਮ ਅਤੇ ਵੱਡੀਆਂ ਟਰੇਡ ਯੂਨੀਨਾਂ ਦੀ ਅਗਵਾਈ ਹੇਠ 12 ਫਰਵਰੀ ਨੂੰ ਦੇਸ਼ ਵਿਆਪੀ ਆਮ ਹੜਤਾਲ ਕੀਤੀ ਜਾ ਰਹੀ ਹੈ ਅਤੇ 16 ਜਨਵਰੀ ਨੂੰ ਜਿਲ੍ਹਾ ਪੱਧਰ ‘ਤੇ ਧਰਨੇ ਦਿੱਤੇ ਜਾ ਰਹੇ ਹਨ। ਉਹਨਾਂ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਹਨਾਂ ਸੰਘਰਸ਼ਾਂ ਵਿੱਚ ਵਧ ਚੜ ਕੇ ਹਿੱਸਾ ਲਿਆ ਜਾਵੇ। ਇਸੇ ਦੌਰਾਨ ਇਹ ਫੈਸਲਾ ਵੀ ਕੀਤਾ ਕਿ ਕਾਠਗੜ੍ਹ ਜੋਨ ਤੋਂ 10 ਗੱਡੀਆਂ ਦਾ ਕਾਫਲਾ 20 ਜਨਵਰੀ ਨੂੰ ਮੰਗ ਪੱਤਰ ਦੇਣ ਲਈ ਰਵਾਨਾ ਹੋਵੇਗਾ। ਇਸ ਮੌਕੇ ਅਵਤਾਰ ਲਾਲ ਬਲਾਕ ਸੰਮਤੀ ਮੈਂਬਰ, ਸ਼ਸ਼ੀ ਰਾਣਾ ਸਾਬਕਾ ਸਰਪੰਚ ਟੌਂਸਾ, ਮਾ. ਮੋਹਨ ਲਾਲ ਰੱਤੇਵਾਲ, ਮੋਹਨ ਸਿੰਘ ਪ੍ਰਧਾਨ, ਬੀਬੀ ਆਸ਼ਾ ਦੇਵੀ, ਕਰਨੈਲ ਸਿੰਘ ਭੱਲਾ, ਰਾਮ ਕਿਸ਼ਨ, ਮਨੋਹਰ ਲਾਲ, ਪ੍ਰਤਾਪ ਰਾਣਾ, ਅਵਤਾਰ ਚੰਦ ਅਤੇ ਬੰਤ ਰਾਮ ਨੇ ਵੀ ਵਿਚਾਰ ਪੇਸ਼ ਕੀਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



