ਨਵੀਂ ਦਿੱਲੀ (ਸਮਾਜ ਵੀਕਲੀ): ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਸੌਲਿਸਟਰ ਜਨਰਲ ਦਾ ਸੁਪਰੀਮ ਕੋਰਟ ਨੂੰ ਇਹ ਕਹਿਣਾ ਕਿ ਸਰਕਾਰ ਕੋਲ ਅਜਿਹੀ ਜਾਣਕਾਰੀ ਹੈ ਜਿਸ ਨੂੰ ਉਹ ਹਲਫ਼ਨਾਮੇ ਨਾਲ ਜਨਤਕ ਨਹੀਂ ਕਰ ਸਕਦੀ, ਇਕ ਤਰ੍ਹਾਂ ਨਾਲ ਇਹ ‘ਮੰਨਣਾ’ ਹੈ ਕਿ ਸਾਫ਼ਵੇਅਰ ਜਾਸੂਸੀ ਲਈ ਵਰਤਿਆ ਗਿਆ ਸੀ। ਚਿਦੰਬਰਮ ਨੇ ਸਵਾਲ ਕੀਤਾ ਕਿ ਕੀ ਇਹ ਪੈਗਾਸਸ ਸੀ ਤੇ ਕਿਸ ਮੰਤਵ ਲਈ ਇਸ ਨੂੰ ਵਰਤਿਆ ਗਿਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਮੰਗਲਵਾਰ ਦੱਸਿਆ ਸੀ ਕਿ ਇਹ ਜਨਤਕ ਤੌਰ ਉਤੇ ਦੱਸਣਾ ਕਿ ਕੀ ਮੁਲਕ ਨੇ ਪੈਗਾਸਸ ਵਰਗਾ ਜਾਸੂਸੀ ਸਾਫਟਵੇਅਰ ਵਰਤਿਆ ਹੈ ਜਾਂ ਨਹੀਂ, ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਵਰਗਾ ਹੈ।
ਇਸ ਬਾਰੇ ਜਾਣਕਾਰੀ ਜਨਤਕ ਕਰਨ ਨਾਲ ਦੇਸ਼ ਦੇ ਦੁਸ਼ਮਣ ਤੇ ਅਤਿਵਾਦੀ ਆਪਣੇ ਤੌਰ-ਤਰੀਕੇ ਬਦਲ ਸਕਦੇ ਹਨ। ਚਿਦੰਬਰਮ ਨੇ ਕਿਹਾ ਕਿ ਜੇ ਸਰਕਾਰ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਦਿੰਦੀ ਹੈ ਤਾਂ ਬਾਕੀ ਸਵਾਲਾਂ ਦਾ ਜਵਾਬ ਆਪਣੇ ਆਪ ਮਿਲ ਜਾਵੇਗਾ। ਮੰਗਲਵਾਰ ਰਾਤ ਚਿਦੰਬਰਮ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਇਜ਼ਰਾਈਲ ਆਧਾਰਿਤ ਐਨਐੱਸਓ ਗਰੁੱਪ ਨੇ ਮੰਨਿਆ ਹੈ ਤੇ ਕਿਹਾ ਹੈ ਕਿ ਪੈਗਾਸਸ ਜਾਸੂਸੀ ਸਾਫਟਵੇਅਰ ਹੈ ਤੇ ਫੋਨ ਹੈਕ ਕਰਨ ਲਈ ਵਰਤਿਆ ਜਾਂਦਾ ਹੈ। ਚਿਦੰਬਰਮ ਨੇ ਸਵਾਲ ਕੀਤਾ ਕਿ ਸਰਕਾਰ ਇਹ ਦੱਸਣ ਤੋਂ ਕਿਉਂ ਇਨਕਾਰੀ ਹੈ ਕਿ ਸਰਕਾਰ ਦੀ ਕਿਸੇ ਏਜੰਸੀ ਨੇ ਪੈਗਾਸਸ ਖ਼ਰੀਦਿਆ ਹੈ ਜਾਂ ਨਹੀਂ। ਸਰਕਾਰ ਨੂੰ ਸਿੱਧਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਜਵਾਬ ਜ਼ਰੂਰ ਮੰਗਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly