ਨਵੀਂ ਦਿੱਲੀ (ਸਮਾਜ ਵੀਕਲੀ):ਸੁਪਰੀਮ ਕੋਰਟ ਨੇ ਸਮੂਹਿਕ ਬਲਾਤਕਾਰ ਮਾਮਲੇ ਦੇ 11 ਦੋਸ਼ੀਆਂ ਦੀ ਗੁਜਰਾਤ ਸਰਕਾਰ ਵੱਲੋਂ ਰਿਹਾਈ ਵਿਰੁੱਧ ਬਿਲਕੀਸ ਬਾਨੋ ਦੀ ਪਟੀਸ਼ਨ ’ਤੇ ਸੁਣਵਾਈ ਲਈ ਛੇਤੀ ਬੈਂਚ ਕਾਇਮ ਦੀ ਮੰਗ ਕਰਨ ਵਾਲੀ ਅਰਜ਼ੀ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮਹਾ ਦੇ ਬੈਂਚ ਨੂੰ ਬਾਨੋ ਵੱਲੋਂ ਪੇਸ਼ ਵਕੀਲ ਸ਼ੋਭਾ ਗੁਪਤਾ ਨੇ ਅਪੀਲ ਕੀਤੀ ਕਿ ਕੇਸ ਦੀ ਸੁਣਵਾਈ ਲਈ ਇੱਕ ਹੋਰ ਬੈਂਚ ਕਾਇਮ ਕਰਨ ਦੀ ਲੋੜ ਹੈ। ਇਸ ਲਈ ਪਟੀਸ਼ਨ ਸੂਚੀਬੱਧ ਕੀਤੀ ਜਾਵੇ। ਚੀਫ ਜਸਟਿਸ ਨੇ ਕਿਹਾ,‘‘ਪਟੀਸ਼ਨ ਨੂੰ ਸੂਚੀਬੱਧ ਕੀਤਾ ਜਾਵੇਗਾ। ਕਿਰਪਾ ਕਰਕੇ ਇੱਕੋ ਗੱਲ ਦਾ ਵਾਰ ਵਾਰ ਜ਼ਿਕਰ ਨਾ ਕੀਤਾ ਜਾਵੇ। ਇਹ ਬਹੁਤ ਖਿਝਾਉਣ ਵਾਲੀ ਗੱਲ ਹੈ।’’
ਵਕੀਲ ਨੇ ਕਿਹਾ ਕਿ ਪਟੀਸ਼ਨ ਮੰਗਲਵਾਰ ਲਈ ਸੂਚੀਬੱਧ ਹੋਈ ਸੀ ਪਰ ਇਸ ’ਤੇ ਸੁਣਵਾਈ ਨਹੀਂ ਹੋ ਸਕੀ। ਚੀਫ਼ ਜਸਟਿਸ ਨੇ ਕਿਹਾ ਕਿ ਇਸ ਨੂੰ ਸੂਚੀਬੱਧ ਕੀਤਾ ਜਾਵੇਗਾ। ਉਧਰ ਸੁਪਰੀਮ ਕੋਰਟ ਦੀ ਜੱਜ ਬੇਲਾ ਐੱਮ ਤ੍ਰਿਵੇਦੀ ਨੇ ਮੰਗਲਵਾਰ ਨੂੰ ਬਾਨੋ ਵੱਲੋਂ ਦਾਖ਼ਲ ਅਰਜ਼ੀ ’ਤੇ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਜਸਟਿਸ ਤ੍ਰਿਵੇਦੀ ਨੇ ਬੈਂਚ ਤੋਂ ਵੱਖ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਬਾਨੋ ਦੀ ਵਕੀਲ ਨੇ ਕਿਹਾ ਸੀ ਕਿ ਸਰਦੀਆਂ ਦੀਆਂ ਛੁੱਟੀਆਂ ਨੇੜੇ ਹੋਣ ਕਰਕੇ ਉਹ ਉਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਚਾਹੁੰਦੇ ਹਨ। ਚੀਫ਼ ਜਸਟਿਸ ਨੂੰ ਹੁਣ ਜਸਟਿਸ ਤ੍ਰਿਵੇਦੀ ਦੀ ਥਾਂ ’ਤੇ ਕਿਸੇ ਹੋਰ ਜੱਜ ਨੂੰ ਸ਼ਾਮਲ ਕਰਨ ਲਈ ਨਵੇਂ ਬੈਂਚ ਦਾ ਗਠਨ ਕਰਨਾ ਪਵੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly