ਕੇਜਰੀਵਾਲ ਦੇ ਘਰ ਅੱਗੇ ਭਾਜਪਾ ਯੂਥ ਵਿੰਗ ਵਰਕਰਾਂ ਵੱਲੋਂ ਭੰਨ-ਤੋੜ

 

  • ਸੀਸੀਟੀਵੀ ਕੈਮਰੇ ਤੇ ਬੈਰੀਅਰ ਤੋੜੇ, ਗੇਟ ਉਤੇ ਰੰਗ ਸੁੱਟਿਆ
  • ‘ਕਸ਼ਮੀਰ ਫਾਈਲਜ਼’ ਬਾਰੇ ਕੇਜਰੀਵਾਲ ਦੀ ਟਿੱਪਣੀ ਖ਼ਿਲਾਫ਼ ਭਾਜਪਾ ਯੂਥ ਵਿੰਗ ਕਰ ਰਿਹਾ ਸੀ ਰੋਸ ਮੁਜ਼ਾਹਰਾ
  • ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ (ਸਮਾਜ ਵੀਕਲੀ):   ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਵਿੰਗ ਦੇ ਕਾਰਕੁਨਾਂ ਨੇ ਅੱਜ ਇੱਥੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਲੱਗੇ ਲੱਗੇ ਸੀਸੀਟੀਵੀ ਕੈਮਰੇ ਤੇ ਬੈਰੀਅਰ ਤੋੜ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਰਿਹਾਇਸ਼ ਦੇ ਮੁੱਖ ਗੇਟ ਉਤੇ ਪੇਂਟ ਸੁੱਟ ਦਿੱਤਾ। ਇਸੇ ਦੌਰਾਨ ਬੂਮ ਬੈਰੀਅਰ ਵੀ ਤੋੜ ਦਿੱਤਾ ਗਿਆ। ਯੂਥ ਵਿੰਗ ਦੇ ਕਾਰਕੁਨ ਇੱਥੇ ਕੇਜਰੀਵਾਲ ਵੱਲੋਂ ‘ਕਸ਼ਮੀਰ ਫਾਈਲਜ਼’ ਫ਼ਿਲਮ ਬਾਰੇ ਕੀਤੀ ਟਿੱਪਣੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ਕੇਜਰੀਵਾਲ ਦੀ ਟਿੱਪਣੀ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਖਿੱਚੋਤਾਣ ਕਾਫ਼ੀ ਵਧੀ ਹੋਈ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਇਹ ਕੇਜਰੀਵਾਲ ਨੂੰ ਮਾਰਨ ਦੀ ‘ਸਾਜ਼ਿਸ਼’ ਸੀ ਕਿਉਂਕਿ ਭਗਵਾਂ ਪਾਰਟੀ ਚੋਣਾਂ ’ਚ ‘ਆਪ’ ਨੂੰ ਹਰਾਉਣ ਵਿਚ ਨਾਕਾਮ ਰਹੀ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਸੀਪੀ (ਉੱਤਰ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਜਾਰੀ ਹੈ। ਗ੍ਰਿਫ਼ਤਾਰੀਆਂ ਲਈ ਟੀਮਾਂ ਭੇਜੀਆਂ ਗਈਆਂ ਹਨ। ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਦੇ ਯੂਥ ਵਿੰਗ ਨੇ ਦਿੱਲੀ ਪੁਲੀਸ ਦੀ ਮੌਜੂਦਗੀ ’ਚ ਮੁੱਖ ਮੰਤਰੀ ਦੇ ਰਿਹਾਇਸ਼ ਦੇ ਬਾਹਰ ਸੀਸੀਟੀਵੀ ਕੈਮਰੇ ਤੇ ਬੈਰੀਅਰ ਭੰਨ੍ਹ ਦਿੱਤੇ। ਭਾਜਪਾ ਯੁਵਾ ਮੋਰਚਾ ਦੇ ਮੁਜ਼ਾਹਰਾਕਾਰੀ ਕੌਮੀ ਪ੍ਰਧਾਨ ਤੇ ਸੰਸਦ ਮੈਂਬਰ ਤੇਜਸਵੀ ਸੂਰਿਆ ਦੀ ਅਗਵਾਈ ’ਚ ਇੱਥੇ ਕੇਜਰੀਵਾਲ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿਚ ਰਿਲੀਜ਼ ਵਿਵਾਦਤ ਫ਼ਿਲਮ ‘ਕਸ਼ਮੀਰ ਫਾਈਲਜ਼’ ਜੋ ਕਿ ਕਸ਼ਮੀਰੀ ਪੰਡਿਤਾਂ ਦੇ ਕਸ਼ਮੀਰ ਛੱਡਣ ਉਤੇ ਅਧਾਰਿਤ ਹੈ, ਉਤੇ ਟਿੱਪਣੀ ਕੀਤੀ ਸੀ। ਇਸ ਦਾ ਭਾਜਪਾ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਜਪਾ ਆਗੂ ਇਸ ਫ਼ਿਲਮ ਦਾ ਰਿਲੀਜ਼ ਦੇ ਸਮੇਂ ਤੋਂ ਹੀ ਪ੍ਰਚਾਰ ਕਰ ਰਹੇ ਹਨ। ਕਈ ਰਾਜਾਂ ਵਿਚ ਫ਼ਿਲਮ ਨੂੰ ਟੈਕਸ ਮੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਦੀ ਰਿਹਾਇਸ਼ 6, ਫਲੈਗ ਸਟਾਫ਼ ਰੋਡ ਉਤੇ ਹੈ। ਰੋਸ ਮੁਜ਼ਾਹਰਾ ਅੱਜ ਸਵੇਰੇ 11.30 ’ਤੇ ਸ਼ੁਰੂ ਹੋਇਆ। ਦਿੱਲੀ ਪੁਲੀਸ ਨੇ ਕਿਹਾ ਕਿ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਪਰ 15-20 ਮੁਜ਼ਾਹਰਾਕਾਰੀ ਕਿਸੇ ਤਰ੍ਹਾਂ ਫਲੈਗ ਸਟਾਫ਼ ਰੋਡ ਪਹੁੰਚ ਗਏ ਤੇ ਉਨ੍ਹਾਂ ਨੂੰ ਤੁਰੰਤ ਉੱਥੋਂ ਹਟਾ ਦਿੱਤਾ ਗਿਆ। ਡੀਸੀਪੀ ਕਲਸੀ ਨੇ ਦੱਸਿਆ ਕਿ ਕੁਝ ਮੁਜ਼ਾਹਰਾਕਾਰੀ ਕਰੀਬ ਇਕ ਵਜੇ ਦੋ ਬੈਰੀਕੇਡ ਉਲੰਘ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪਹੁੰਚ ਗਏ ਜਿੱਥੇ ਉਨ੍ਹਾਂ ਹੰਗਾਮਾ ਤੇ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਕੋਲ ਪੇਂਟ ਦਾ ਇਕ ਛੋਟਾ ਬਕਸਾ ਸੀ ਜੋ ਉਨ੍ਹਾਂ ਮੁੱਖ ਦਰਵਾਜ਼ੇ ਉਤੇ ਸੁੱਟ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਰੀਬ 70 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਕੇਜਰੀਵਾਲ ਦੀ ਹੱਤਿਆ ਕਰਨਾ ਚਾਹੁੰਦੀ ਹੈ ਭਾਜਪਾ: ਸਿਸੋਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਹਾਲੀਆ ਪੰਜਾਬ ਚੋਣਾਂ ’ਚ ਅਰਵਿੰਦ ਕੇਜਰੀਵਾਲ ਨੂੰ ਨਹੀਂ ਹਰਾ ਸਕੀ ਤੇ ਹੁਣ ਉਨ੍ਹਾਂ ਦੀ ਹੱਤਿਆ ਕਰਨਾ ਚਾਹੁੰਦੀ ਹੈ। ਸਿਸੋਦੀਆ ਨੇ ਦੋਸ਼ ਲਾਇਆ ਕਿ ਅੱਜ ਦੀ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਪੁਲੀਸ ਦੀ ਮਦਦ ਨਾਲ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਯੋਜਨਾਬੱਧ ਸੀ ਤੇ ‘ਆਪ’ ਇਸ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਏਗੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵਧਿਆ
Next article‘ਆਪ’ ਨੇ ਪਹਿਲੀ ਵਾਰ ਨਹੀਂ ਕੀਤਾ ਕੇਜਰੀਵਾਲ ’ਤੇ ਹਮਲੇ ਦਾ ਡਰਾਮਾ: ਸਿਰਸਾ