(ਸਮਾਜ ਵੀਕਲੀ)
ਉਹ ਵੰਗਾਰ ਜੋ ਵਾਰ ਵਾਰ ਦਬਾਉਣ ਤੇ ਵੀ ਨਾ ਦਬਾਈ ਜਾ ਸਕੀ, ਉਹ ਦੀਵਾਰ ਜੋ ਤੋਪਾਂ ਟੈਂਕਾਂ ਦੇ ਗੋਲੇ ਵਰਸਾਉਣ ਤੇ ਵੀ ਨਾ ਗਿਰਾਈ ਜਾ ਸਕੀ ਅਤੇ ਉਹ ਕੌਮ ਜੋ ਹਾਕਮਾਂ ਦੁਆਰਾ ਅੰਤਾਂ ਦੇ ਜੁਲਮ ਕਮਾਉਣ ਤੇ ਵੀ ਨਾ ਹਰਾਈ ਜਾ ਸਕੀ, ਉਸੇ ਕੌਮ ਦੇ ਵਾਰ ਵਾਰ ਉੱਠਣ ਤੇ ਲੜਨ ਦੇ ਜਜਬੇ ਨੂੰ ਨਮਸਕਾਰ ਹੈ ਲਾਲ ਸਲਾਮ। ਜਿਨ੍ਹਾਂ ਨੂੰ ਲੁੱਟਿਆ ਗਿਆ, ਕੁੱਟਿਆ ਗਿਆ ਤੇ ਇਸ ਹੱਦ ਤੱਕ ਨਿਚੋੜਿਆ ਗਿਆ ਕਿ ਖੂਨ ਦੀਆਂ ਧਾਰਾਂ ਧਰਤੀ ਦੀ ਹੇਠਲੀ ਸਤਹਿ ਤੱਕ ਰਚ ਗਈਆਂ ਅਤੇ ਉਸ ਖੂਨ ਦੀ ਗੰਧ ਓਜ਼ੋਨ ਪਰਤ ਨੂੰ ਚੀਰਦੀ ਗੁਰੂਤਵਾਕਰਸ਼ਣ ਤੋਂ ਪਾਰ ਹੋ ਗਈ, ਉਸੇ ਖੂਨ ਦੇ ਸੰਧੂਰੀ ਰੰਗ ਚੋਂ ਜਨਮੀ ਹੈ ਲਾਲ ਸਲਾਮ।
ਪੜਨ ਗਈ ਉਸ ਗਰੀਬ ਦੀ ਧੀ, ਜਿਸਨੂੰ ਲੀਰਾਂ ਦੀ ਤਰ੍ਹਾਂ ਦਾ ਪਾੜ ਕੇ ਸੁੱਟ ਦਿੱਤਾ ਕੁਝ ਅਖਾਉਤੀ ਉੱਚ ਜਾਤੀ ਕਰੰਗਾਵਾੜੀ ਦੇ ਕੁੱਤਿਆਂ ਨੇ ਤੇ ਕਿਸੇ ਅਖਾਉਤੀ ਮਹਾਤਮਾ ਦੀ ਫੋਟੋ ਵਾਲੇ ਕਾਗਜ਼ ਦੀਆਂ ਚਾਰ ਥੱਬੀਆਂ ਨਾਲ ਗਲਾ ਘੋਟ ਦਿੱਤਾ ਉਸ ਇਨਸਾਫ਼ ਦਾ ਜੋ ਸਦੀਆਂ ਤੋਂ ਮੁਰਦਾ ਹੈ, ਉਸੇ ਇਨਸਾਫ਼ ਝਾਕ ਦੀ ਉਡੀਕ ਕਰਦੀਆਂ ਕੋਰਨੀਆ ਵਿੱਚ ਉੱਤਰੇ ਲਹੂ ਦਾ ਨਾਂ ਹੈ ਲਾਲ ਸਲਾਮ।
ਸੜਕ ਤੇ ਵੱਟੇ ਪਾਉਂਦੀ, ਸੁੱਕ ਕੇ ਕੰਡਾ ਹੋਈ ਲਾਜੋ ਦੀਆਂ ਸੁੱਕੀਆਂ ਛਾਤੀਆਂ ਵਿੱਚੋਂ ਦੁੱਧ ਪੀਣ ਲੱਗਿਆਂ ਸ਼ਿਸ਼ੂ ਨੂੰ ਆਈ ਖੂਨ ਦੀ ਬੇਸੁਆਦੀ ਗੰਧ ਚੋਂ ਪੈਦਾ ਹੋਈ ਹੈ ਲਾਲ ਸਲਾਮ। ਜਦੋਂ ਤੱਕ ਮਨੁੱਖ ਦਾ ਖੂਨ ਕਿਸੇ ਵੀ ਬੇਇਨਸਾਫ਼ੀ ਨੂੰ ਦੇਖ ਕੇ ਖੌਲਦਾ ਰਹੇਗਾ ਤੇ ਉਸ ਬੇਇਨਸਾਫ਼ੀ ਦੇ ਖਿਲਾਫ਼ ਸੰਘਰਸ਼ ਵਿੱਢਦਾ ਰਹੇਗਾ, ਉਦੋਂ ਤੱਕ ਲਾਲ ਸਲਾਮ ਇਸ ਫਿਜਾ ਵਿੱਚ ਗੂੰਜਦੀ ਰਹੇਗੀ…
– ਅਮਨ ਜੱਖਲਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly