‘ਲਾਲ ਟੋਪੀ’ ਉੱਤਰ ਪ੍ਰਦੇਸ਼ ਲਈ ਲਾਲ ਬੱਤੀ: ਮੋਦੀ

ਗੋਰਖਪੁਰ (ਯੂਪੀ) (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸਮਾਜਵਾਦੀ ਪਾਰਟੀ ’ਤੇ ਹਮਲਾ ਕਰਦਿਆਂ ‘ਲਾਲ ਟੋਪੀ’ ਨੂੰ ਰਾਜ ਲਈ ‘ਲਾਲ ਬੱਤੀ’ ਦੱਸਿਆ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹਲਕੇ ਗੋਰਖਪੁਰ ’ਚ ਏਮਜ਼, ਖਾਦ ਪਲਾਂਟ ਤੇ ਆਈਸੀਐੱਮਆਰ ਦੇ ਖੇਤਰੀ ਕੇਂਦਰ ਲੋਕ ਅਰਪਣ ਕਰਨ ਮਗਰੋਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਸਾਰਾ ਉੱਤਰ ਪ੍ਰਦੇਸ਼ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੇ ਲਾਲ ਟੋਪੀਆਂ ਪਹਿਨੀਆਂ ਹੋਈਆਂ ਹਨ ਉਹ ਸੂਬੇ ਲਈ ਲਾਲ ਬੱਤੀ ਹਨ ਅਤੇ ਉਨ੍ਹਾਂ ਨੂੰ ਤੁਹਾਡੇ ਦੁੱਖਾਂ ਤੇ ਦਰਦਾਂ ਦੀ ਕੋਈ ਪ੍ਰਵਾਹ ਨਹੀਂ ਹੈ।’ ਉਨ੍ਹਾਂ ਕਿਹਾ, ‘ਇਹ ਲਾਲ ਟੋਪੀਆਂ ਵਾਲੇ ਘਪਲੇ ਕਰਨ, ਆਪਣੀਆਂ ਤਿਜੋਰੀਆਂ ਭਰਨ, ਸਾਰੇ ਸਰੋਤਾਂ ’ਤੇ ਗ਼ੈਰਕਾਨੂੰਨੀ ਕਬਜ਼ੇ ਕਰਨ ਤੇ ਮਾਫੀਆ ਨੂੰ ਖੁੱਲ੍ਹੀ ਛੁੱਟੀ ਦੇਣ ਲਈ ਸੱਤਾ ’ਚ ਆਉਣਾ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਇਹ ਲਾਲ ਟੋਪੀਆਂ ਵਾਲੇ ਸਰਕਾਰ ਬਣਾ ਕੇ ਅਤਿਵਾਦੀਆਂ ਨੂੰ ਆਪਣੀ ਹਮਾਇਤ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਜੇਲ੍ਹਾਂ ’ਚੋਂ ਰਿਹਾਅ ਕਰਵਾਉਣਾ ਚਾਹੁੰਦੇ ਹਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲਾਲ ਟੋਪੀਆਂ ਪਾਉਣ ਵਾਲੇ ਇਹ ਲੋਕ ਯੂਪੀ ਲਈ ਲਾਲ ਬੱਤੀ ਹਨ।’ ਜ਼ਿਕਰਯੋਗ ਹੈ ਕਿ ਲਾਲ ਟੋਪੀਆਂ ਸਮਾਜਵਾਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਪਛਾਣ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਖਾਦ ਪਲਾਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ’ਚ ਖਾਦ ਦਰਾਮਦ ਕੀਤੀ ਜਾਂਦੀ ਸੀ ਤੇ ਖਾਦ ਦੀ ਘਾਟ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਸੀ ਪਰ ਹੁਣ ਹਾਲਾਤ ਸੁਧਰੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਯੂਰੀਆ ਦੀ ਦੁਰਵਰਤੋਂ ਰੋਕੀ ਤੇ ਕਿਸਾਨਾਂ ਨੂੰ ਧਰਤ ਸਿਹਤ ਕਾਰਡ ਜਾਰੀ ਕੀਤੇ ਤਾਂ ਜੋ ਉਹ ਸਿਰਫ਼ ਉਹੀ ਖਾਦ ਖਰੀਦਣ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਯੂਰੀਆ ਦਾ ਉਤਪਾਦਨ ਵਧਾਉਣ ਲਈ ਬੰਦ ਪਏ ਖਾਦ ਪਲਾਂਟ ਮੁੜ ਚਾਲੂ ਕਰਨ ਲਈ ਕਦਮ ਚੁੱਕੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਨੀਆ ਨੇ ਸੀਪੀਪੀ ਮੀਟਿੰਗ ’ਚ ਕੀਤਾ ਐਲਾਨ: ਕਾਂਗਰਸ ਦਾ ਕਿਸਾਨਾਂ ਦੀਆਂ ਐੱਮਐੱਸਪੀ ਤੇ ਮੁਆਵਜ਼ੇ ਦੀਆਂ ਮੰਗਾਂ ਨੂੰ ਪੂਰਾ ਸਮਰਥਨ
Next articleਹਥਿਆਰਬੰਦ ਬਲਾਂ ਦਾ ਯੋਗਦਾਨ ਯਾਦ ਕੀਤਾ