
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਸੀ.ਆਈ.ਟੀ.ਯੂ ਪੰਜਾਬ ਦੇ ਬੈਨਰ ਹੇਠ ਅਤੇ ਸੀਟੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਫੋਕਲ ਪੁਆਇੰਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਾਮਰੇਡ ਜਗਦੀਸ਼ ਚੰਦ ਨੇ ਕਿਹਾ ਕਿ 1857 ਦੇ ਵਿਦਰੋਹ ਵਿੱਚ ਮੰਗਲ ਪਾਂਡੇ ਤੋਂ ਲੈ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਾਮਾਗਾਟਾ ਮਾਰੂ ਦੇ ਯੋਧਿਆਂ, ਗਦਰੀ ਬਾਬਿਆਂ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ, ਉਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਬੇਅੰਤ ਜਵਾਨ ਸ਼ਹੀਦਾਂ ਨੇ ਆਪਣੇ ਲਹੂ ਨਾਲ ਆਜ਼ਾਦੀ ਦਾ ਸੰਗਰਾਮ ਲੜਿਆ। ਅੱਜ ਦੇ ਦਿਨ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਮਾਣ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ ਹਨ ਕਿਉਂਕਿ ਦੇਸ਼ ਦੀ ਵਾਂਗਡੋਰ ਹਮੇਸ਼ਾਂ ਉਹਨਾਂ ਨੇਤਾਵਾਂ ਦੇ ਹੱਥਾਂ ਵਿੱਚ ਰਹੀ ਜਿਨ੍ਹਾਂ ਨੇ ਮਜ਼ਦੂਰ ਜਮਾਤ ਦੇ ਹੱਕਾਂ ਨੂੰ ਦਬਾਇਆ ਅਤੇ ਸਾਮਰਾਜਵਾਦੀ ਤਾਕਤਾਂ ਦੇ ਹਿੱਤਾਂ ਦੀ ਪਾਸਦਾਰੀ ਕੀਤੀ। ਕਾ. ਜਗਦੀਸ਼ ਚੰਦ ਨੇ ਕਿਹਾ ਕਿ ਅੱਜ ਵੀ ਮਜ਼ਦੂਰ ਵਰਗ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ ਹੈ। ਆਜ਼ਾਦੀ ਦਾ ਅਸਲ ਮਕਸਦ ਉਸ ਵੇਲੇ ਪੂਰਾ ਹੋਵੇਗਾ ਜਦੋਂ ਪੂੰਜੀਪਤੀਆਂ ਵੱਲੋਂ ਮਜ਼ਦੂਰਾਂ ਦੀ ਲੁੱਟ-ਘਸੁੱਟ ਖਤਮ ਕੀਤੀ ਜਾਵੇਗੀ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਵਰਗ ਨੂੰ ਉਸਦੇ ਬਣਦੇ ਹੱਕ ਦਿੱਤੇ ਜਾਣਗੇ। ਇਸ ਮੌਕੇ ਬਲਰਾਮ ਸਿੰਘ, ਅਬਦੇਸ਼ ਪਾਂਡੇ, ਅਜੀਤ ਕੁਮਾਰ, ਰਾਮ ਧਨੀ, ਤਹਿਸੀਲਦਾਰ, ਮੁਕੇਸ਼ ਕੁਮਾਰ, ਸੁਨੀਲ ਗਿਰੀ, ਫੂਲ ਬਦਨ, ਅਮਰਜੀਤ ਨੇ ਵੀ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


