(ਸਮਾਜ ਵੀਕਲੀ) ਮੈਨੂੰ ਪੰਜਾਬ ਵਿੱਚ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਡਰਾਈਵਿੰਗ ਕਰਨ ਦਾ ਮੌਕਾ ਮਿਲਿਆ l ਇਸ ਨੂੰ ਮੌਕਾ ਕਹੋ ਜਾਂ ਮਜ਼ਬੂਰੀ, ਗੱਲ ਕੀ ਮੈਂ ਖੁਦ ਡਰਾਇਵਰੀ ਕਰਨ ਦਾ ਫੈਸਲਾ ਕੀਤਾ l
ਨਿਊਜ਼ੀਲੈਂਡ ਵਿੱਚ ਪਿਛਲੇ 35 ਸਾਲ ਡਰਾਈਵਿੰਗ ਕੀਤੀ ਜਿਸ ਵਿੱਚ ਮੇਰੀ ਗਲਤੀ ਨਾਲ ਕੋਈ ਵੀ ਸੜਕ ਹਾਦਸਾ ਨਹੀਂ ਵਾਪਰਿਆ l
ਨਿਊਜ਼ੀਲੈਂਡ ਵਿੱਚ ਜਿੰਨੀ ਦੂਰ ਤੱਕ ਦਿਖਾਈ ਦਿੰਦਾ ਹੈ ਓਨੀ ਹੀ ਗੱਡੀ ਦੀ ਸਪੀਡ ਰੱਖੀ ਜਾਂਦੀ ਹੈ l ਆਮ ਰਫਤਾਰ ਤੇ ਜਾਂਦੀ ਗੱਡੀ ਆਪਣੇ ਅੱਗੇ ਜਾਂਦੀ ਗੱਡੀ ਤੋਂ ਏਨਾ ਫਾਸਲਾ ਰੱਖਦੀ ਹੈ ਕਿ ਜੇ ਅੱਗੇ ਜਾਂਦੀ ਗੱਡੀ ਅਚਾਨਕ ਬ੍ਰੇਕ ਲਗਾ ਦੇਵੇ ਤਾਂ ਵੀ ਪਿੱਛੇ ਵਾਲੀ ਗੱਡੀ ਰੁਕ ਸਕੇ l ਜੇ ਪਿੱਛੇ ਵਾਲੀ ਗੱਡੀ ਨਹੀਂ ਰੁਕਦੀ ਤਾਂ ਕਸੂਰ ਪਿੱਛੇ ਵਾਲੀ ਗੱਡੀ ਦਾ ਮੰਨਿਆ ਜਾਂਦਾ ਹੈ l ਮੀਂਹ ਪੈਣ ਜਾਂ ਸੜਕ ਗਿੱਲੀ ਹੋਣ ਕਾਰਣ ਗੱਡੀਆਂ ਵਿੱਚ ਫਾਸਲਾ ਆਮ ਸਪੀਡ ਨਾਲੋਂ ਡੇਢ ਗੁਣਾਂ ਕਰ ਦਿੱਤਾ ਜਾਂਦਾ ਹੈ ਕਿਉਂਕਿ ਗੱਡੀ ਰੁਕਣ ਲਈ ਜਿਆਦਾ ਥਾਂ ਦੀ ਲੋੜ ਪੈਂਦੀ ਹੈ l
ਜੇ ਪੰਜਾਬ ਵਿੱਚ ਇਸ ਤਰਾਂ ਫਾਸਲਾ ਰੱਖ ਕੇ ਗੱਡੀ ਚਲਾਈ ਜਾਵੇ ਤਾਂ ਕਈ ਹੋਰ ਵਿੱਚ ਆ ਕੇ ਗੱਡੀ ਫਸਾ ਦਿੰਦੇ ਹਨ l ਇਸ ਕਰਕੇ ਇਨ੍ਹਾਂ ਹਾਲਤਾਂ ਵਿੱਚ ਗੱਡੀ ਦੂਜੇ ਉੱਤੇ ਚਾੜ੍ਹ ਕੇ ਰੱਖਣਾ ਮਜ਼ਬੂਰੀ ਵੀ ਕਹੀ ਜਾ ਸਕਦੀ ਹੈ l
ਧੁੰਦ ਜਾਂ ਮੀਂਹ ਵਿੱਚ ਘੱਟ ਦਿਖਾਈ ਦਿੰਦਾ ਹੈ ਜਿਸ ਕਾਰਣ ਗੱਡੀਆਂ ਡਰਾਈਵਰ ਆਪ ਹੀ ਹੌਲੀ ਕਰ ਲੈਂਦੇ ਹਨ l ਧੁੰਦ ਜਾਂ ਮੀਂਹ ਵਿੱਚ ਗੱਡੀਆਂ ਦੀਆਂ ਲਾਈਟਾਂ ਜਗ੍ਹਾ ਦਿੱਤੀਆਂ ਜਾਂਦੀਆਂ ਹਨ l
ਧੁੰਦ ਜਾਂ ਹਨੇਰੇ ਦੌਰਾਨ ਸਾਰੀਆਂ ਗੱਡੀਆਂ ਪੰਜਾਬ ਵਿੱਚ ਲਾਈਟਾਂ ਨਹੀਂ ਜਗਾਉਂਦੀਆਂ ਜਿਸ ਕਾਰਣ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ l ਧੁੰਦ ਦੌਰਾਨ ਕੁੱਝ ਡਰਾਈਵਰ ਗੱਡੀਆਂ ਹੌਲੀ ਨਹੀਂ ਕਰਦੇ ਜਿਸ ਕਾਰਣ ਹਾਦਸੇ ਹੋ ਜਾਂਦੇ ਹਨ l
ਜਿਹੜੀਆਂ ਗੱਡੀਆਂ ਓਵਰਲੋਡ ਹੁੰਦੀਆਂ ਹਨ ਉਨ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੱਧ ਮੌਕਾ ਹੁੰਦਾ ਹੈ ਜਿਵੇਂ ਹਨੇਰੇ ਵਿੱਚ ਜਾਂਦੀ ਗੰਨਿਆਂ ਦੀ ਟਰਾਲੀ ਸਾਹਮਣੇ ਆਉਂਦੀ ਗੱਡੀ ਨੂੰ ਲਾਈਟਾਂ ਪੈਣ ਕਰਕੇ ਕਈ ਵਾਰੀ ਦਿਖਾਈ ਨਹੀਂ ਦਿੰਦੀ ਕਿਉਂਕਿ ਗੰਨੇ ਟਰਾਲੀ ਤੋਂ ਬਾਹਰ ਤੱਕ ਲੱਦੇ ਹੁੰਦੇ ਹਨ l ਇਸੇ ਤਰਾਂ ਤੂੜੀ ਦੇ ਭਰੇ ਟਰੱਕ ਵੱਧ ਲੱਦੇ ਹੁੰਦੇ ਹਨ l ਜੇਕਰ ਗੱਡੀਆਂ ਤੇ ਚੌੜਾ ਸਮਾਨ (Load) ਲੱਦਿਆ ਹੋਵੇ ਤਾਂ ਚੌੜਾਈ ਮੁਤਾਬਕ ਉਸ ਉੱਪਰ ਚਮਕਵੀਂ ਟੇਪ ਲਗਾਈ ਜਾ ਸਕਦੀ ਹੈ ਜਿਸ ਨੂੰ ਰੀਫਲੈਕਟੋਰਾਈਜ਼ਡ ਟੇਪ ਕਹਿੰਦੇ ਹਨ l ਇਹ ਟੇਪ ਰਾਤ ਵੇਲੇ ਦੂਜੀ ਗੱਡੀ ਦੀਆਂ ਲਾਈਟਾਂ ਨਾਲ ਚਮਕੇਗੀ ਜਿਸ ਕਾਰਣ ਉਸ ਗੱਡੀ ਦੇ ਡਰਾਈਵਰ ਨੂੰ ਲੋਡ ਦੀ ਚੌੜਾਈ ਦਾ ਪਤਾ ਲੱਗੇਗਾ ਅਤੇ ਹਾਦਸਾ ਨਹੀਂ ਵਾਪਰੇਗਾ l
ਬਹੁਤ ਲੋਕ ਇੰਡੀਕੇਟਰ ਨਹੀਂ ਦੇਖਦੇ ਜਾਂ ਸ਼ਾਇਦ ਉਨ੍ਹਾਂ ਨੂੰ ਇੰਡੀਕੇਟਰ ਦਾ ਪਤਾ ਹੀ ਨਹੀਂ? ਇੰਡੀਕੇਟਰ ਦਿੱਤੇ ਹੋਣ ਦੇ ਬਾਵਯੂਦ ਉਹ ਹਰ ਪਾਸਿਓਂ ਲੰਘਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਹਾਦਸੇ ਹੋ ਜਾਂਦੇ ਹਨ l
ਬਹੁਤ ਸਾਰੀਆਂ ਗੱਡੀਆਂ ਦੀਆਂ ਪੂਰੀਆਂ ਲਾਈਟਾਂ ਹੀ ਨਹੀਂ ਜਗਦੀਆਂ ਜੋ ਹਾਦਸੇ ਦਾ ਕਾਰਣ ਬਣਦੀਆਂ ਹਨ l
ਬਹੁਤ ਜਿਆਦਾ ਸਪੀਡ ਜਾਂ ਓਵਰ ਸਪੀਡ ਵੀ ਹਾਦਸਿਆਂ ਦਾ ਕਾਰਣ ਬਣਦੀ ਹੈ l
ਸੜਕ ਤੇ ਹਨੇਰੇ ਵਿੱਚ ਤੁਰੇ ਜਾਂਦੇ ਲੋਕ ਜਾਂ ਸਾਇਕਲ ਤੇ ਜਾਂਦੇ ਲੋਕ ਵੀ ਘੱਟ ਦਿਖਾਈ ਦਿੰਦੇ ਹਨ l ਉਹ ਵੀ ਆਪਣੀ ਕਿਸੇ ਲਾਈਟ ਦਾ ਪ੍ਰਬੰਧ ਕਰ ਸਕਦੇ ਹਨ ਜਾਂ ਰਿਫ਼ਲੇਕਟੋਰਾਈਜਡ ਟੇਪ ਦਾ ਪ੍ਰਬੰਧ ਕਰ ਸਕਦੇ ਹਨ l
ਛੋਟੀਆਂ ਸੜਕਾਂ ਤੇ ਜਾਂਦੇ ਟਿੱਪਰ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ l ਬਹੁਤ ਸਾਰੇ ਦਰੱਖਤ ਜੋ ਸੜਕਾਂ ਕਿਨਾਰੇ ਹਨ, ਦੇ ਟਾਹਣੇ ਬਹੁਤ ਨੀਵੇਂ ਹਨ ਜੋ ਟਿੱਪਰ ਲੱਗਣ ਕਾਰਣ ਟੁੱਟ ਜਾਂਦੇ ਹਨ ਅਤੇ ਹਾਦਸੇ ਵਾਪਰਦੇ ਹਨ l ਕੁੱਝ ਦਿਨ ਪਹਿਲਾਂ ਮੇਰੇ ਅੱਗੇ ਜਾਂਦੀ ਟੈਮਪੋ ਟਰੈਵਲਰ ਗੱਡੀ ਦਾ ਅਗਲਾ ਸ਼ੀਸ਼ਾ ਟਾਹਣਾ ਟੁੱਟਣ ਕਾਰਣ ਟੁੱਟਿਆ l ਅੱਗਿਓਂ ਆਉਂਦੇ ਟਿੱਪਰ ਨਾਲ ਟਾਹਣਾ ਟੁੱਟਿਆ ਅਤੇ ਦੂਜੇ ਪਾਸਿਓਂ ਆਉਂਦੀ ਟੈਮਪੋ ਟਰੈਵਲਰ ਦੇ ਅਗਲੇ ਸ਼ੀਸ਼ੇ ਤੇ ਡਿਗਿਆ ਸੀ l
ਪਿੰਡਾਂ ਵਿੱਚ ਜਿਹੜੇ ਘਰ ਸੜਕ ਕਿਨਾਰੇ ਬਣੇ ਹੋਏ ਹਨ ਉਨ੍ਹਾਂ ਵਿੱਚੋ ਲੋਕ ਸਕੂਟਰ ਜਾਂ ਮੋਟਰਸਾਈਕਲ ਤੇ ਸੜਕ ਦੇ ਆਲੇ ਦੁਆਲੇ ਦੇਖੇ ਬਿਨਾਂ ਹੀ ਨਿੱਕਲ ਪੈਂਦੇ ਹਨ ਜਿਸ ਕਾਰਣ ਹਾਦਸੇ ਵਾਪਰ ਜਾਂਦੇ ਹਨ l
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਸੜਕੀ ਦੁਰਘਟਨਾਵਾਂ ਘਟਾਈਆਂ ਜਾ ਸਕਦੀਆਂ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj