(ਸਮਾਜ ਵੀਕਲੀ)
ਬੰਟੀ ਪੜ੍ਹਨ ਵਿੱਚ ਜਿੱਥੇ ਹੁਸ਼ਿਆਰ ਸੀ ,ਉੱਥੇ ਅੱਤ ਦਰਜੇ ਦਾ ਸ਼ਰਾਰਤੀ ਵੀ ਸੀ। ਪੰਜਵੀਂ ਜਮਾਤ ‘ਚੋਂ ਚੰਗੇ ਨੰਬਰਾਂ ‘ਚ ਪਾਸ ਹੋ ਕੇ ਹੁਣ ਉਹਨਾਂ ਦੀਆਂ ਛੇਵੀਂ ਜਮਾਤ ਦੀਆਂ ਕਲਾਸਾਂ ਲੱਗਣੀਆਂ ਆਰੰਭ ਹੋ ਗਈਆਂ। ਉਸਦੀ ਜਮਾਤ ‘ਚ ਕਈ ਨਵੇਂ ਵਿਦਿਆਰਥੀ ਦਾਖਲ ਹੋਏ। ਪਰ ਉਹਨਾਂ ‘ਚੋਂ ਸਚਿਨ ਨਾਂ ਦੇ ਵਿਦਿਆਰਥੀ ਦੀ ਖੱਬੀ ਲੱਤ ਕਿਸੇ ਕਾਰਨ ਠੀਕ ਨਹੀਂ ਸੀ ਤੇ ਉਹ ਵੈਸਾਖੀਆਂ ਦੇ ਸਹਾਰੇ ਤੁਰਦਾ ਸੀ। ਬੰਟੀ ਅਤੇ ਉਸਦੇ ਦੋਸਤ ਹਰ ਵੇਲੇ ਉਸਦਾ ਮਜ਼ਾਕ ਉਡਾਉਂਦੇ ਰਹਿੰਦੇ। ਕਦੇ ਉਸ ਨੂੰ ਲੰਗੜਾ ,ਡੇਢ ਲੱਤਾ ਤੇ ਕਦੇ ਲਾਟ ਕਹਿ – ਕਹਿ ਕੇ ਚਿੜਾਉਂਦੇ ,ਪਰ ਸਚਿਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਉਹ ਪਹਿਲਾਂ ਤਾ ਉਹਨਾਂ ਦੀਆਂ ਗੱਲਾਂ ਸੁਣ -ਸੁਣ ਕੇ ਰੋਂਦਾ ਰਹਿੰਦਾ ,ਪਰ ਹੌਲੀ – ਹੌਲੀ ਉਸ ਨੇ ਉਹਨਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਅਤੇ ਧਿਆਨ ਪੜ੍ਹਾਈ ਵੱਲ ਲਾ ਲਿਆ। ਉਸ ਨੂੰ ਪ੍ਰੇਸ਼ਾਨ ਨਾ ਹੁੰਦੇ ਤੇ ਰੋਂਦੇ ਨਾ ਦੇਖ ਬੰਟੀ ਤੇ ਉਸ ਦੇ ਦੋਸਤਾਂ ਨੂੰ ਬਹੁਤ ਖਿਝ ਚੜਦੀ ਤੇ ਉਹ ਉਸ ਨੂੰ ਸਤਾਉਣ ਦੀ ਪੂਰੀ ਕੋਸ਼ਿਸ਼ ਕਰਦੇ।
ਸਮਾਂ ਲੰਘਦਾ ਗਿਆ। ਇੱਕ ਦਿਨ ਇੱਕ ਅਧਿਆਪਕ ਦੇ ਗੈਰ -ਹਾਜ਼ਰ ਹੋਣ ਕਾਰਨ ਉਹਨਾਂ ਦਾ ਇੱਕ ਪੀਰੀਅਡ ਖਾਲੀ ਸੀ। ਸਾਰੇ ਵਿਦਿਆਰਥੀ ਗੱਲਾਂ ‘ਤੇ ਸ਼ਰਾਰਤਾਂ ਕਰਨ ‘ਚ ਮਸਤ ਸਨ। ਅਚਾਨਕ ਜਮਾਤ ਤੋਂ ਬਾਹਰੋਂ ਆਉਂਦੇ ਹੋਏ ਸਚਿਨ ਨੂੰ ਵੇਖ ਕੇ, ਕੇਲਾ ਖਾ ਰਹੇ ਬੰਟੀ ਨੂੰ ਇੱਕ ਸ਼ਰਾਰਤ ਸੁੱਝੀ।
ਉਸ ਨੇ ਕੇਲਾ ਖਾ ਕੇ ਛਿਲਕਾ ਸਚਿਨ ਦੇ ਰਾਹ ਵਿੱਚ ਸੁੱਟ ਦਿੱਤਾ। ਬੱਸ ,ਫਿਰ ਕਿ ਸੀ ,ਇਸ ਗੱਲ ਤੋਂ ਬੇਖਬਰ , ਵੈਸਾਖੀਆਂ ਸਹਾਰੇ ਹੌਲੀ-ਹੌਲੀ ਤੁਰਦਾ ਸਚਿਨ ਤਿਲਕ ਕੇ ਫਰਸ਼ ‘ਤੇ ਮੂਧੇ ਮੂੰਹ ਜਾ ਪਿਆ। ਉਸ ਦੇ ਡਿਗਦਿਆਂ ਹੀ ਬੰਟੀ ‘ਤੇ ਉਸ ਦੇ ਦੋਸਤ ਜ਼ੋਰ-ਜ਼ੋਰ ਦੀ ਤਾੜੀਆਂ ਵਜਾਉਂਦੇ ਉੱਚੀ-ਉੱਚੀ ਹੱਸਣ ਲੱਗੇ। ਡਿੱਗਦਿਆਂ ਹੀ ਸਚਿਨ ਦੇ ਮੂੰਹ ‘ਚੋ ਖੂਨ ਵਗਣ ਲੱਗ ਪਿਆ। ਉਸ ਦੀਆਂ ਚੀਕਾਂ ਸੁਣ ਕੇ ਨਾਲ ਦੀਆਂ ਜਮਾਤਾਂ ਦੇ ਅਧਿਆਪਕ ਤੇ ਵਿਦਿਆਰਥੀ ਵੀ ਆ ਗਏ। ਸਚਿਨ ਦੀ ਹਾਲਤ ਵੇਖ ਕੇ ਹੁਣ ਤੱਕ ਬੰਟੀ ਤੇ ਉਸ ਦੇ ਦੋਸਤ ਵੀ ਘਬਰਾ ਚੁੱਕੇ ਸਨ।
ਸਚਿਨ ਦਾ ਸੱਜਾ ਪੈਰ ਮੁਚੜ ਜਾਣ ਕਾਰਨ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਹੁਣ ਉਹ ਵੈਸਾਖੀਆਂ ਨਾਲ ਤੁਰਨ ਤੋਂ ਵੀ ਅਸਮਰੱਥ ਹੋ ਗਿਆ ਸੀ। ਉਸ ਨੂੰ ਜਲਦੀ ਨਾਲ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਪ੍ਰਿੰਸੀਪਲ ਦੇ ਆਉਣ ‘ਤੇ ਕੁੱਝ ਮੁੰਡਿਆਂ ਨੇ ਉਹਨਾਂ ਨੂੰ ਬੰਟੀ ਦੀ ਸ਼ਰਾਰਤ ਬਾਰੇ ਦੱਸ ਦਿੱਤਾ। ਪ੍ਰਿੰਸੀਪਲ ਸਾਹਿਬ ਨੇ ਉਸਨੂੰ ਖੂਬ ਝਾੜ ਪਾਈ ਅਤੇ ਨਾਲ ਹੀ ਉਸ ਦੇ ਦੋਸਤਾਂ ਨੂੰ ਵੀ ਡਾਂਟਿਆ। ਬੰਟੀ ਨੂੰ ਸਖਤੀ ਨਾਲ ਸਵੇਰੇ ਹੀ ਆਪਣੇ ਮਾਤਾ-ਪਿਤਾ ਨੂੰ ਸੱਦ ਕੇ ਲਿਆਉਣ ਲਈ ਵੀ ਕਿਹਾ ਗਿਆ। ਅਗਲੇ ਦਿਨ ਬੰਟੀ ਦੇ ਮੰਮੀ -ਪਾਪਾ ਨੂੰ ਪ੍ਰਿੰਸੀਪਲ ਸਾਹਿਬ ਤੇ ਅਧਿਆਪਕਾਂ ਸਾਹਮਣੇ ਬਹੁਤ ਸ਼ਰਮਿੰਦਾ ਹੋਣਾ ਪਿਆ।
ਬੰਟੀ ਸ਼ਰਾਰਤੀ ਤਾਂ ਸੀ ,ਪਰ ਇਸ ਹੱਦ ਤੱਕ l ਇਹ ਉਸ ਦੇ ਮੰਮੀ -ਪਾਪਾ ਨੇ ਸੋਚਿਆ ਵੀ ਨਹੀਂ ਸੀ। ਉਸ ਦੇ ਮੰਮੀ -ਪਾਪਾ ਬਹੁਤ ਹੀ ਗੰਭੀਰ ਹੋ ਗਏ। ਘਰ ਆਉਂਦਿਆਂ ਹੀ ਉਹਨਾਂ ਨੇ ਬੰਟੀ ਨੂੰ ਆਵਾਜ਼ ਲਗਾਈ। ਬੰਟੀ ਚੁੱਪ-ਚਾਪ ਅੱਖਾਂ ਝੁਕਾਈ ਮੰਮੀ -ਪਾਪਾ ਸਾਹਮਣੇ ਖੜਾ ਸੀ। ਅੰਤਾਂ ਦੇ ਗੁੱਸੇ ‘ਚ ਹੋਣ ਦੇ ਬਾਵਜੂਦ ਉਸ ਦੇ ਪਾਪਾ ਉਸ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਬੋਲੇ ,”ਦੇਖ ਪੁੱਤਰ ! ਅੱਜ ਤੂੰ ਸ਼ਰਾਰਤ ਨਹੀਂ ਕੀਤੀ ਸਗੋਂ ਗੁਨਾਹ ਕੀਤਾ ਹੈ। ਉਹ ਵਿਚਾਰਾ ਮੁੰਡਾ ਜਿਹੜਾ ਪਹਿਲਾਂ ਤੋਂ ਹੀ ਕੁਦਰਤੀ ਅਪੰਗਤਾ ਦਾ ਸ਼ਿਕਾਰ ਹੈ ,ਤੂੰ ਉਸ ਦਾ ਮਜ਼ਾਕ ਉਡਾ ਕੇ ਉਸ ਨੂੰ ਮਾਨਸਿਕ ਕਸ਼ਟ ਪਹੁੰਚਾਇਆ ਹੈ। ਉਹ ਇੱਕ ਗਰੀਬ ਘਰ ਦਾ ਲੜਕਾ ਹੈ। ਤੈਨੂੰ ਪਤਾ ਹੈ ਤੇਰੇ ਮਜ਼ਾਕ ਕਾਰਨ ਉਸ ਵਿਚਾਰੇ ਦੇ ਦੰਦ ਤੇ ਪੈਰ ਦੀ ਹੱਡੀ ਟੁੱਟ ਗਈ ਹੈ। ਜਿਹੜਾ ਪਹਿਲਾਂ ਹੀ ਵੈਸਾਖੀਆਂ ਸਹਾਰੇ ਤੁਰਦਾ ਹੈ ,ਉਹ ਵੀਚਾਰਾ …….! ਅੱਜ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਕਿ ਤੂੰ ਸਾਡਾ ਪੁੱਤਰ ਹੈ। ”
ਕੋਲ ਖਲੋਤੀ ਉਸ ਦੀ ਮੰਮੀ ਦੀਆਂ ਅੱਖਾਂ ਵੀ ਭਿੱਜ ਗਈਆਂ। ਚੁੱਪ-ਚਾਪ ਖਲੋਤਾ ਬੰਟੀ ਬੇਹੱਦ ਗੰਭੀਰ ਹੋ ਗਿਆ ਤੇ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ। ਉਹ ਬੋਲਿਆ , “ਸੋਰੀ ਪਾਪਾ,ਸੋਰੀ ਮੰਮਾ ,ਪਲੀਜ ਮੈਨੂੰ ਮੁਆਫ ਕਰ ਦਿਓ। ਮੈਂ ਦੁਬਾਰਾ ਇੰਝ ਕਦੇ ਨਹੀਂ ਕਰਾਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ। ”
” ਸਿਰਫ ਇਹੀ ਵਾਅਦਾ ਨਹੀਂ,ਤੈਨੂੰ ਇੱਕ ਹੋਰ ਵਾਅਦਾ ਵੀ ਕਰਨਾ ਪਵੇਗਾ।” ਉਸਦੇ ਪਾਪਾ ਬੋਲੇ।
“ਦੱਸੋ ਪਾਪਾ।” ਬੰਟੀ ਨੇ ਪੁੱਛਿਆ।
“ਤੂੰ ਮੇਰੇ ਨਾਲ ਹਸਪਤਾਲ ਚੱਲ ਕੇ ਸਚਿਨ ਤੋਂ ਮੁਆਫੀ ਮੰਗ ਤੇ ਉਸ ਨੂੰ ਆਪਣਾ ਦੋਸਤ ਬਣਾ। ਸਿਰਫ ਏਨਾ ਹੀ ਨਹੀਂ ,ਜਿਨ੍ਹੇਂ ਦਿਨ ਸਚਿਨ ਹਸਪਤਾਲ ਰਹੇਗਾ ,ਤੂੰ ਸਕੂਲੋਂ ਆ ਕੇ ਰੋਜ ਹਸਪਤਾਲ ਜਾਏਗਾ ਤੇ ਉਸ ਦੀ ਦੇਖਭਾਲ ਕਰੇਂਗਾ। ਹਸਪਤਾਲ ਦਾ ਸਾਰਾ ਖਰਚ ਤਾਂ ਮੈਂ ਹੀ ਉਠਾਵਾਂਗਾ ,ਪਰ ਉਸ ਦੇ ਠੀਕ ਹੋਣ ਤੇ ਸਕੂਲ ਦਾ ਸਾਰਾ ਕੰਮ ਤੂੰ ਉਸ ਨੂੰ ਕਰਵਾਏਗਾ ਤੇ ਯਾਦ ਰੱਖ ,ਕਦੇ ਵੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਸਰੀਰਕ ਅਪੰਗਤਾ ਦਾ ਮਜ਼ਾਕ ਨਾ ਉਡਾਵੀਂ।” ਬੰਟੀ ਦੇ ਪਾਪਾ ਨੇ ਸਮਝਾਇਆ।
“ਠੀਕ ਹੈ ਪਾਪਾ। ਅੱਜ ਤੋਂ ਬਾਅਦ ਮੈਂ ਕੋਈ ਵੀ ਅਜਿਹਾ ਕੰਮ ਨਹੀਂ ਕਰਾਂਗਾ ,ਜਿਸ ਨਾਲ ਤੁਹਾਨੂੰ ਸ਼ਰਮ ਮਹਿਸੂਸ ਹੋਵੇ ਬਲਕਿ ਅਜਿਹੇ ਕੰਮ ਕਰਾਂਗਾ ਜਿਸ ਨਾਲ ਤੁਹਨੂੰ ਮੇਰੇ ‘ਤੇ ਮਾਣ ਮਹਿਸੂਸ ਹੋਵੇ।” ਕਹਿੰਦੇ -ਕਹਿੰਦੇ ਬੰਟੀ ਦਾ ਚਿਹਰਾ ਪੂਰੀ ਤਰ੍ਹਾਂ ਹੰਝੂਆਂ ਨਾਲ ਭਿੱਜ ਚੁੱਕਾ ਸੀ।
ਉਸ ਦੇ ਪਾਪਾ ਦੀਆਂ ਪਾਰਖੂ ਨਜ਼ਰਾਂ ਨੇ ਵੇਖਿਆ ਤੇ ਮਹਿਸੂਸ ਕੀਤਾ ਕਿ ‘ਬੰਟੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ।’ ਉਹ ਬੋਲੇ, “ਠੀਕ ਹੈ ਬੇਟਾ ਮੈਨੂੰ ਤੈਥੋਂ ਇਹੀ ਉਮੀਦ ਹੈ।” ਤੇ ਉਹ ਉਸ ਨੂੰ ਲੈ ਕੇ ਜਲਦੀ ਨਾਲ ਹਸਪਤਾਲ ਚੱਲ ਪਏ।
ਇਸ ਲਈ ਬੱਚਿਓ !ਕਦੇ ਵੀ ਕਿਸੇ ਨਾਲ ਅਜਿਹਾ ਮਜ਼ਾਕ ਨਾ ਕਰੋ ਜਿਸ ਨਾਲ ਉਸ ਨੂੰ ਸਰੀਰਕ ਜਾਂ ਮਾਨਸਿਕ ਕਿਸੇ ਵੀ ਤਰ੍ਹਾਂ ਦੀ ਸੱਟ ਲੱਗੇ ਤੇ ਹਮੇਸ਼ਾ ਚੰਗੇ ਸਿਆਣੇ ਬੱਚੇ ਬਣ ਕੇ ਆਪਣਾ ,ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੋਸ਼ਨ ਕਰਨ ਲਈ ਯਤਨਸ਼ੀਲ ਰਹੋ।
ਮਨਪ੍ਰੀਤ ਕੌਰ ਭਾਟੀਆ, ਐੱਮ. ਏ, ਬੀ. ਐੱਡ l
ਫਿਰੋਜ਼ਪੁਰ ਸ਼ਹਿਰ l
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly