ਰੀਅਲ ਅਸਟੇਟ ਮਾਫ਼ੀਆ: ਤਿਵਾੜੀ ਦੀ ਚਿੱਠੀ ’ਤੇ ਕੈਪਟਨ ਵੱਲੋਂ ਜਾਂਚ ਦੇ ਆਦੇਸ਼

Senior Congress leader and former Union Minister Manish Tewari

ਐੱਸ.ਏ.ਐੱਸ. ਨਗਰ(ਮੁਹਾਲੀ) (ਸਮਾਜ ਵੀਕਲੀ): ਮੁਹਾਲੀ, ਖਰੜ, ਕੁਰਾਲੀ ਅਤੇ ਨਿਊ ਚੰਡੀਗੜ੍ਹ ਖੇਤਰ ਵਿੱਚ ਰੀਅਲ ਅਸਟੇਟ ਮਾਫ਼ੀਆ ਵੱਲੋਂ ਕੱਟੀਆਂ ਗਈਆਂ ਗੈਰ-ਕਾਨੂੰਨੀ ਕਲੋਨੀਆਂ ਅਤੇ ਇਸ ਖੇਤਰ ਦੇ ਰੀਅਲ ਅਸਟੇਟ ਡਿਵੈਲਪਰਾਂ ਵੱਲੋਂ ਵਾਅਦਿਆਂ ਮੁਤਾਬਕ ਲੋਕਾਂ ਨੂੰ ਸੁਵਿਧਾਵਾਂ ਨਾ ਦਿੱਤੇ ਜਾਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।

ਮੁੱਖ ਮੰਤਰੀ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਇਸ ਸਬੰਧੀ ਰਿਪੋਰਟ ਦੇਣ ਲਈ ਕਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਇਹ ਨਿਰਦੇਸ਼ ਸਬੰਧਤ ਮਾਮਲਿਆਂ ਨੂੰ ਲਗਾਤਾਰ ਉਭਾਰ ਰਹੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ਦੇ ਮੱਦੇਨਜ਼ਰ ਦਿੱਤੇ ਗਏ ਹਨ। ਮੁੱਖ ਮੰਤਰੀ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਇੱਕ ਪੱਤਰ ਰਾਹੀਂ ਦਿੱਤੀ ਗਈ ਸੀ।

ਸ੍ਰੀ ਤਿਵਾੜੀ ਨੇ ਇੱਕ ਬਿਆਨ ਰਾਹੀਂ ਆਖਿਆ ਕਿ ਉਕਤ ਖੇਤਰਾਂ ਵਿੱਚ ਪਲਾਟਾਂ ਤੇ ਫਲੈਟਾਂ ਦੀ ਵਿਕਰੀ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਮਾਮਲਾ ਬਹੁਤ ਗੰਭੀਰ ਹੈ।

ਸੰਸਦ ਮੈਂਬਰ ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਜਨਤਕ ਸਮਾਗਮਾਂ ਦੌਰਾਨ ਦਰਜਨਾਂ ਸ਼ਿਕਾਇਤਾਂ ਆਈਆਂ ਸਨ। ਇੱਥੇ ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਕਲੋਨੀਆਂ ਦੀ ਜਾਂਚ ਸਬੰਧੀ ਮੁਹਾਲੀ ਪੁਲੀਸ ਵੱਲੋਂ ਬਣਾਈ ਗਈ ਸਿੱਟ ਨੂੰ ਵੀ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀੜਤਾਂ ਕੋਲੋਂ ਇੱਕੋ ਵਾਰ ਵਿਚ ਸ਼ਿਕਾਇਤਾਂ ਹਾਸਲ ਕਰਨ ਲਈ ਜਨਤਕ ਨੋਟਿਸ ਦੇਣ ਵਾਸਤੇ ਆਖਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਨੂੰ ਸ਼ਾਮਲਾਟ ਜ਼ਮੀਨ ਅਲਾਟ ਕਰਨ ਦੇ ਮਾਮਲੇ ਸਬੰਧੀ ਸੀਬੀਆਈ ਜਾਂਚ ਮੰਗੀ
Next articleਠੇਕਾ ਮੁਲਾਜ਼ਮਾਂ ਤੇ ਪਰਿਵਾਰਾਂ ’ਤੇ ਲਾਠੀਚਾਰਜ