(ਸਮਾਜ ਵੀਕਲੀ)
ਆਹ ਚੌਂਕੀਦਾਰਾ ਬੂਹਾ ਖੋਲ੍ਹੀਂ— ਗੇਟ ਦੇ ਬਾਹਰੋਂ ਆਵਾਜ ਸੁਣ ਕੇ ਤੀਰਥ ਰਾਮ ਇੱਕ ਦਮ ਤ੍ਰਭਕ ਉੱਠਿਆ, ਛੇਤੀ ਨਾਲ ਗਿਆ ਤੇ ਗੇਟ ਖੋਲ੍ਹਿਆ, ਚਮਚਮਾਉਂਦੀ ਹੋਈ ਕਾਰ ਗੇਟ ਦੇ ਅੰਦਰ ਆ ਕੇ ਰੁੱਕੀ ਤੇ ਚਾਰ ਪੰਜ ਜਣੇ ਵਿੱਚੋਂ ਉੱਤਰੇ। ਤੀਰਥ ਰਾਮ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਸਤ ਸ੍ਰੀ ਅਕਾਲ ਬੁਲਾਈ ਤੇ ਪੁੱਛਿਆ, ਸਰ ਆਪ ਕਿੱਥੋਂ ਅਤੇ ਕਿਸ ਨੂੰ ਮਿਲਣਾ ਏਂ, ਨਹੀਂ ਨਹੀ ਜੀ, ਮਿਲਣਾ ਤੇ ਅਸੀਂ ਕਿਸੇ ਨੂੰ ਨਹੀਂ ,ਅਸੀਂ ਤਾਂ ਸਿਰਫ ਫੋਟੋਆਂ ਈਂ ਖਿੱਚਣੀਆਂ ਨੇ, ਤੇ ਅੱਜ ਈ ਅਪਲੋਡ ਕਰਨੀਆਂ ਨੇ, ਉਹਨਾਂ ਵਿੱਚੋਂ ਚਿੱਟਾ ਕੁੜਤਾ ਪਜਾਮਾ ਪਾਈ ਇੱਕ ਨੌਜਵਾਨ ਨੇ ਉਤਰ ਦਿੱਤਾ ।
ਕਿਸ ਚੀਜ ਦੀਆਂ ਫੋਟੋਆਂ ਖਿੱਚਣੀਆਂ ਨੇ ? ਤੀਰਥ ਰਾਮ ਨੇ ਪੁੱਛਿਆ,
ਨੌਜਵਾਨ ਕਹਿਣ ਲੱਗਾ ਅਸੀਂ ਵਾਤਾਵਰਨ ਪ੍ਰੇਮੀ ਆਂ ਨਾ, ਇਸ ਕਰਕੇ ਰੁੱਖ ਲਗਾਉਦਿਆਂ ਦੀਆਂ ਫੋਟੋਆਂ ਅਸੀਂ ਆਪਣੇ ਪੇਜ ਤੇ ਪਾਉਣੀਆਂ ਨੇ, ਉਹ ਵੀ ਅੱਜ ਈ, ਤਾਂ ਕਰਕੇ ਤੁਹਾਡੇ ਸਕੂਲੇ ਆਏ ਆਂ, ਤੁਹਾਡੇ ਸਕੂਲੇ ਕੋਈ ਨਿਕੇ ਰੁੱਖ ਤਾਂ ਹੋਣਗੇ ?
ਜੀ ਹੈਗੇ ਨੇ ਜੀ, ਪਿਛਲੇ ਸਾਲ ਮੈਂ ਲਫਾਫਿਆਂ ਚ ਕਲਮਾਂ ਈਂ ਲਾਈਆਂ ਸੀ ਜੀ, ਉਹ ਪੁੰਗਰ ਕੇ ਵਾਹਵਾ ਬੂਟੇ ਬਣ ਗਏ ਤੇ ਮੈਂ ਉਹ ਅਜੇ ਪਿਛਲੇ ਮਹੀਨੇ ਈ ਗਰਾਊਂਡ ਦੇ ਦੁਆਲੇ ਲਾਏ ਨੇ ਜੀ,
ਰੋਜ ਪਾਣੀ ਪਾਉਂਦਾ ਹਾਂ ਹੁਣ ਤਾਂ ਵਾਹਵਾ ਪੱਤੇ ਕੱਢ ਆਏ ਨੇ ਜੀ।
ਆਪਣੇ ਹੱਥਾਂ ਨਾਲ ਲਾਏ ਹੋਏ ਬੂਟਿਆਂ ਦੀ ਸਿਫਤ ਦੱਸਦਾ ਹੋਇਆ ਤੀਰਥ ਰਾਮ ਖੁਸ਼ੀ ਮਹਿਸੂਸ ਕਰਦਾ ਹੋਇਆ ਦੱਸ ਰਿਹਾ ਸੀ ।
ਚੰਗਾ ਫਿਰ ਬਾਲਟੀ ਪਾਣੀ ਦੀ ਤੇ ਇੱਕ ਕਹੀ ਲੈ ਕੇ ਜਲਦੀ ਆ ਜਾ, (ਇੰਨੀ ਆਖ ਕੇ ਚਿੱਟੇ ਕੱਪੜਿਆਂ ਵਾਲੇ ਗਰਾਉਂਡ ਵੱਲ ਨੂੰ ਹੋ ਤੁਰੇ, ਤੀਰਥ ਰਾਮ ਬਜੁਰਗ ਹੋਣ ਕਰਕੇ ਮੋਢੇ ਤੇ ਕਹੀ ਤੇ ਹੱਥ ਵਿੱਚ ਪਾਣੀ ਦੀ ਭਰੀ ਹੋਈ ਬਾਲਟੀ ਲੈ ਕੇ ਲੜਖੜਾਉਂਦਾ ਹੋਇਆ ਮਸਾਂ ਈ ਉਹਨਾਂ ਕੋਲ ਪਹੁੰਚਿਆ, ਆਉਂਦੇ ਹੋਏ ਤੀਰਥ ਰਾਮ ਨੂੰ ਵੇਖ ਕੇ ਨੌਜਵਾਨ ਕਹਿਣ ਲੱਗਾ,)
ਚੌਂਕੀਦਾਰਾ ਇੰਜ ਕਰ, ਪਾਣੀ ਆਹ ਬੂਟੇ ਨੂੰ ਪਾ ਕੇ ਤੇ ਇਸ ਦੇ ਦੁਆਲੇ ਨਵਾਂ ਜਿਹਾ ਦੌਰ ਬਣਾ ਦੇ, ਵੇਖਣ ਵਾਲੇ ਨੂੰ ਇੰਝ ਲੱਗੇ ਬਈ ਇਹ ਬੂਟਾ ਜਿਵੇਂ ਹੁਣੇ ਈ ਲਾਇਆ ਹੋਵੇ, ( ਤੀਰਥ ਰਾਮ ਬੂਟੇ ਨੂੰ ਪਾਣੀ ਪਾ ਕੇ ਅਤੇ ਦੌਰ ਬਣਾ ਕੇ ਇੱਕ ਪਾਸੇ ਇੰਜ ਖਲੋ ਗਿਆ ਜਿਵੇਂ ਉਸਦੇ ਸਰੀਰ ਵਿੱਚੋਂ ਕਿਸੇ ਨੇ ਜਾਨ ਕੱਢ ਲਈ ਹੋਵੇ) ਉਸ ਨੌਜਵਾਨ ਨੇ ਬੂਟੇ ਦੇ ਕੋਲ ਖਲੋ ਕੇ ਫੋਟੋਆਂ ਖਿਚਾਈਆਂ ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ, ਵੀਡੀਓ ਬਣਾਉਂਦੇ ਹੋਏ ਨੌਜਵਾਨ ਨੇ ਕਹਿਣਾ ਸ਼ੁਰੂ ਕੀਤਾ,
ਹਾਂ ਜੀ ਸਾਰਿਆਂ ਨੂੰ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਵਾਤਾਵਰਣ ਪ੍ਰੇਮੀ ,———– ਅੱਜ ਅਸੀਂ ਇਸ ਸਕੂਲ ਵਿੱਚ ਬੂਟੇ ਲਾਉਣ ਆਏ ਹਾਂ ਜੀ ,ਤੁਸੀਂ ਵੀ ਸਾਡੇ ਨਾਲ ਸਾਡਾ ਸਾਥ ਦਿਉ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾ ਸਕੀਏ, ਆਹ ਵੇਖੋ ਜੀ ਅਸੀਂ ਬੜੇ ਵਧੀਆ ਬੂਟੇ ਲਾ ਰਹੇ ਹਾਂ ਜੀ, ਧੰਨਵਾਦ ਜੀ, ਚੰਗਾ ਜੀ ਚੌਕੀਂਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
ਇੰਨੀ ਕਹਿ ਕੇ ਜਲਦੀ ਜਲਦੀ ਉਹ ਸਾਰੇ ਜਣੇ ਆਪਣੀ ਗੱਡੀ ਵਿੱਚ ਬਹਿ ਕੇ ਤੁਰਦੇ ਬਣੇ ਅਤੇ ਪਿੱਛੇ ਉੱਡਦੀ ਹੋਈ ਧੂੜ ਹੀ ਨਜਰ ਆ ਰਹੀ ਸੀ,
ਤੀਰਥ ਰਾਮ ਹੱਕਾ ਬੱਕਾ ਹੋਇਆ ਮਿੱਟੀ ਦੀ ਮੂਰਤੀ ਵਾਂਗ ਖੜਾ ਹੋਇਆ ਸੋਚ ਰਿਹਾ ਸੀ, ਇਹ ਲੋਕ ਕਿੰਨੇ ਮਤਲਬ ਪ੍ਰਸਤ ਹਨ।
ਅਸਲੀ ਹੱਕਦਾਰ ਲੋਕ ਹਮੇਸ਼ਾਂ ਹੀ ਪਿੱਛੇ ਰਹਿ ਜਾਂਦ ਹਨ, ਤੇ ਮਗਰੋਂ ਆਉਣ ਵਾਲੇ ਸਭ ਤੋਂ ਅੱਗੇ ਲੰਘ ਜਾਂਦ ਹਨ (ਸਮਾਪਤ)
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ ਤੋਂ
ਮੋਬ÷ 9855069972-9780253156
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly