ਭਾਰਤ ਰਤਨ ਦਾ ਅਸਲੀ ਹੱਕਦਾਰ

ਭਾਰਤ ਰਤਨ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਮੇਰੀ ਇਹ ਸੋਚ ਹੈ ਕਿ ਕੋਈ ਵੀ ਪੁਰਸਕਾਰ ਜੇਤੂਆਂ ਨੂੰ ਉਹਨਾਂ ਦੀ ਕਾਬਲੀਅਤ ਨੂੰ ਨਾ ਦੇਖ ਕੇ ਸਿਫਾਰਿਸ਼ , ਤਿਗਣਮਬਾਜੀ਼ ਅਤੇ ਦਬਾਓ ਕਾਰਨ ਹੀ ਦਿੱਤੇ ਜਾਂਦੇ ਹਨ। ਕਦੇ ਕਦੇ ਪੁਰਸਕਾਰ ਪ੍ਰਾਪਤ ਕਰਨ ਵਾਸਤੇ ਕਾਫੀ ਚੜਾਵਾ ਵੀ ਚੜਾਉਣਾ ਪੈਂਦਾ ਹੈ। ਬਹੁਤ ਸਾਰੇ ਖਿਡਾਰੀ ਅਰਜਨ ਪੁਰਸਕਾਰ, ਬਹੁਤ ਸਾਰੇ ਦੇਸ਼ ਭਗਤ ਪਦਮ ਸ੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਨ ਜਾਂ ਭਾਰਤ ਰਤਨ ਪ੍ਰਾਪਤ ਕਰਨ ਦੀ ਉਮੀਦ ਨੂੰ ਆਪਣੇ ਦਿਲ ਵਿੱਚ ਰੱਖੇ ਹੋਏ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹਨ। ਜਿਨਾਂ ਵਿਚਾਰੇ ਫਿਲਮੀ ਸਿਤਾਰਿਆਂ ਦਾ ਜੁਗਾੜ ਨਹੀਂ ਬਣਿਆ ਉਹ ਦਾਦਾ ਫਾਲਕੇ, ਲਾਈਫ ਟਾਈਮ ਅਵਾਰਡ ਜਾਂ ਫਿਲਮ ਫੇਅਰ ਅਵਾਰਡ ਦੀ ਤਮੰਨਾ ਨੂੰ ਮਨ ਵਿੱਚ ਰੱਖ ਕੇ ਪਰਲੋਕ ਸਿਧਾਰ ਜਾਂਦੇ ਹਨ। ਜਦ ਤੱਕ ਪਬਲੀ ਸਿਟੀ ਨਹੀਂ ਹੁੰਦੀ, ਦਬਾਓ ਨਹੀਂ ਪੈਂਦਾ, ਮੁੱਠੀ ਗਰਮ ਨਹੀਂ ਹੁੰਦੀ, ਵਿਚਾਰੀ ਲਿਆਕਤ ਪੁਰਸਕਾਰ ਪ੍ਰਾਪਤ ਕਰਨ ਦੀ ਹਸਰਤ ਮਨ ਵਿੱਚ ਰੱਖ ਕੇ ਦਮ ਘੁੱਟ ਘੁੱਟ ਕੇ ਮਰ ਜਾਂਦੀ ਹੈ।
ਇੱਕ ਅਸੀਂ ਸਧਾਰਨ ਵਿਅਕਤੀ ਹਾਂ ਜਿਹੜੇ ਆਪਣੇ ਮਨ ਵਿੱਚ ਇੱਕ ਪੁਰਸਕਾਰ ਦੀ ਆਰਜੂ ਮਨ ਵਿੱਚ ਪਾਲ ਰਹੇ ਹਾਂ। ਜਿਹੜੇ ਜਿਹੜੇ ਸਦਗੁਣਾਂ ਕਰਕੇ ਪੁਰਸਕਾਰ ਮਿਲਣਾ ਚਾਹੀਦਾ ਹੈ ਉਹ ਸਾਰੇ ਸਾਡੇ ਵਿੱਚ ਮੌਜੂਦ ਹਨ ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਇਹਨਾਂ ਗੁਣਾਂ ਦਾ ਪਾਰਖੀ ਜਾਂ ਗੋਡ ਫਾਦਰ ਸਾਨੂੰ ਮਿਲਿਆ ਹੀ ਨਹੀਂ ਜਿਹੜਾ ਕਿ ਸਾਨੂੰ ਪੁਰਸਕਾਰ ਦਿਲਵਾ ਸਕੇ। ਸਾਡੇ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਸਾਡੇ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਬਾਦਸਤੂਰ ਨਹੀਂ ਆਉਂਦੀ, ਕਦੇ ਆ ਜਾਂਦੀ ਹੈ ਕਦੇ ਚਲੀ ਜਾਂਦੀ ਹੈ। ਬਿਜਲੀ ਜਾਣ ਤੇ ਕੰਪਲੇਂਟ ਦਫਤਰ ਵਿੱਚ ਜਦੋਂ ਫੋਨ ਕਰੀਦਾ ਹੈ ਤਾਂ ਫੋਨ ਵਿੱਚੋਂ ਆਵਾਜ਼ ਆਉਂਦੀ ਹੈ,, ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹ ਅਜੇ ਕਿਸੇ ਹੋਰ ਨਾਲ ਗੱਲ ਕਰ ਰਹੇ ਹਨ,,, ਜਿਹੜਾ ਨੰਬਰ ਤੁਸੀਂ ਮਿਲਾਇਆ ਹੈ ਉਹ ਕੰਮ ਨਹੀਂ ਕਰ ਰਿਹਾ,,,,,, ਜਿਹੜਾ ਨੰਬਰ ਤੁਸੀਂ ਮਿਲਾਇਆ ਹੈ ਉਹ ਅਜੇ ਸਵਿਚ ਆਫ ਕਰ ਦਿੱਤਾ ਗਿਆ ਹੈ,, ਗਰਮੀ ਦਾ ਮੌਸਮ ਹੋਵੇ, ਘਰ ਵਿੱਚ ਕੋਈ ਬਿਮਾਰ ਹੋਵੇ, ਛੋਟੇ ਛੋਟੇ ਬੱਚੇ ਹੋਣ, ਕਮੇਟੀ ਦੇ ਪਾਣੀ ਵਾਸਤੇ ਮੋਟਰ ਚਲਾਉਣੀ ਪੈਂਦੀ ਹੋਵੇ ਅਤੇ ਅਜਿਹੇ ਹਾਲਾਤ ਵਿੱਚ ਬਿਜਲੀ ਗਾਇਬ ਹੋਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੰਦਗੀ ਦਾ ਕੀ ਹਾਲ ਹੋਵੇਗਾ। ਕਈ ਵਾਰ ਤਾਂ ਬਿਜਲੀ ਦਾ ਬਿੱਲ ਬਿਨਾਂ ਬਿਜਲੀ ਇਸਤੇਮਾਲ ਕੀਤੇ ਇਨਾ ਆ ਜਾਂਦਾ ਹੈ ਜਿੰਨੀ ਕਿ ਕਿਸੇ ਬੰਦੇ ਦੀ ਤਨਖਾਹ ਵੀ ਨਾ ਹੋਵੇ। ਇਹਨਾਂ ਗੱਲਾਂ ਕਰਕੇ ਸਾਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।
ਇੱਕ ਹੋਰ ਗੁਣ ਜਿਸ ਕਰਕੇ ਸਾਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਉਹ ਇਹ ਹੈ ਕਿ ਨਗਰ ਪਾਲਿਕਾ ਵੱਲੋਂ ਜਾਂ ਸਿੰਚਾਈ ਵਿਭਾਗ ਵੱਲੋਂ ਜਿਸ ਪੀਣ ਦੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਉਹ ਪਾਣੀ ਆਮ ਤੌਰ ਤੇ ਗੰਦਾ ਹੁੰਦਾ ਹੈ, ਕਈ ਵਾਰ ਪਾਣੀ ਦੀ ਪਾਈਪ ਅਤੇ ਸੀਵਰੇਜ ਦੀ ਪਾਈਪ ਆਪਸ ਵਿੱਚ ਮਿਲੇ ਹੁੰਦੇ ਹਨ ਅਤੇ ਜਿਹੜਾ ਪਾਣੀ ਸਾਡੇ ਘਰਾਂ ਵਿੱਚ ਆਉਂਦਾ ਹੈ ਉਸ ਦੇ ਵਿੱਚ ਸੀਵਰ ਦਾ ਪਾਣੀ ਮਿਲਿਆ ਹੁੰਦਾ ਹੈ। ਕਈ ਵਾਰ ਕਈ ਕਈ ਦਿਨਾਂ ਤੱਕ ਪਾਣੀ ਦੀ ਸਪਲਾਈ ਨਹੀਂ ਹੁੰਦੀ ਅਤੇ ਜੇਕਰ ਪਾਣੀ ਦੇ ਟੈਂਕਰ ਮਹੱਲੇ ਵਿੱਚ ਆਉਂਦੇ ਹਨ ਸਾਡੇ ਵਰਗੇ ਬੰਦਿਆਂ ਦਾ ਨੰਬਰ ਆਉਣ ਤੋਂ ਪਹਿਲਾਂ ਹੀ ਪਾਣੀ ਦਾ ਟੈਂਕਰ ਖਾਲੀ ਹੋ ਜਾਂਦਾ ਹੈ। ਹੁਣ ਤੁਸੀਂ ਖੁਦ ਸੋਚੋ ਗਰਮੀ ਦਾ ਮੌਸਮ ਹੋਵੇ, ਗਰਮੀ ਨਾਲ ਜਾਨ ਨਿਕਲ ਸਕਦੀ ਹੋਵੇ, ਘਰ ਵਿੱਚ ਮਹਿਮਾਨ ਆਇਆ ਹੋਵੇ ਅਤੇ ਬੰਦਾ ਉਸ ਨੂੰ ਪਾਣੀ  ਵੀ ਨਾ ਪਿਲਾ ਸਕੇ ਤਾਂ ਸ਼ਰਮਿੰਦਗੀ ਆਏਗੀ ਕਿ ਨਹੀਂ। ਪਾਣੀ ਨਾ ਆਉਣ ਤੇ ਰਸੋਈ ਦਾ ਕੰਮ ਮੁਸ਼ਕਿਲ ਹੋ ਜਾਂਦਾ ਹੈ, ਸਫਾਈ, ਨਹਾਉਣਾ ਧੋਣਾ ਆਦੀ ਮੁਸ਼ਕਲ ਹੋ ਜਾਂਦੇ ਹਨ। ਪਾਣੀ ਦੇ ਮਾਮਲੇ ਨੂੰ ਲੈ ਕੇ ਜੋ ਦਿੱਕਤ ਸਾਨੂੰ ਪੇਸ਼ ਆਉਂਦੀ ਹੈ ਉਸ ਨੂੰ ਲੈ ਕੇ ਸਾਨੂੰ ਭਾਰਤ ਰਤਨ ਜਰੂਰ ਮਿਲਣਾ ਚਾਹੀਦਾ ਹੈ।!
ਮੈਂ ਇੱਕ ਸਧਾਰਨ ਨਾਗਰਿਕ ਹਾਂ। ਕਦੇ ਬਿਮਾਰ ਨਾ ਹੋਵਾਂ, ਇਹ ਤਾਂ ਕਦੇ ਹੋ ਨਹੀਂ ਸਕਦਾ। ਇਲਾਜ ਕਰਾਉਣ ਵਾਸਤੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਾਉਣਾ ਮਕਾਨ, ਜਮੀਨ ਜਾਇਦਾਦ ਗਿਰਵੀ ਰੱਖਣ ਦੇ ਬਰਾਬਰ ਹੋ ਜਾਂਦਾ ਹੈ। ਇਸ ਲਈ ਮਜਬੂਰੀ ਵਿੱਚ ਮੈਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾਉਣ ਵਾਸਤੇ ਜਾਣਾ ਪੈਂਦਾ ਹੈ। ਜਦ ਕਦੇ ਵੀ ਮੈਂ ਜਾ ਮੇਰੇ ਪਰਿਵਾਰ ਦਾ ਕੋਈ ਬੰਦਾ ਬਿਮਾਰ ਹੁੰਦਾ ਹੈ। ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾਉਣ ਤੋਂ ਪਹਿਲਾਂ ਪਰਚੀ ਬਣਵਾਉਣਾ ਇੱਕ ਬਹੁਤ ਵੱਡਾ ਚੈਲੇੰਜ ਹੈ। ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਜਿੱਥੇ ਕਿ ਲੋਕ ਇਲਾਜ ਕਰਾਉਣ ਵਾਸਤੇ ਪਰਚੇ ਬਣਾਣ ਲਈ ਆਪਣਾ ਨਾਂ ਦਰਜ ਕਰਾਉਣਾ ਚਾਹੁੰਦੇ ਹਨ। ਇਹਨਾਂ ਲਾਈਨਾਂ ਵਿੱਚ ਖੜੇ ਹੋ ਕੇ ਪਰਚੀ ਬਣਾਉਣਾ ਕਾਫੀ ਕਠਿਨ ਕੰਮ ਹੈ। ਜੇਕਰ ਪਰਚੀ ਬਣ ਵੀ ਜਾਏ ਤਾਂ ਸਵੇਰ ਵੇਲੇ ਗਏ ਹੋਏ ਆਦਮੀ ਨੂੰ ਦੁਪਹਿਰ ਹੋ ਜਾਂਦੀ ਹੈ। ਜਦੋਂ ਮਰੀਜ਼ ਨੂੰ ਦਿਖਾਉਣ ਲਈ ਲਿਜਾਇਆ ਜਾਂਦਾ ਹੈ ਤਾਂ ਉਥੇ ਕੋਈ ਵੀ ਸੀਨੀਅਰ ਡਾਕਟਰ ਨਹੀਂ ਹੁੰਦਾ, ਆਮ ਤੌਰ ਤੇ ਡਾਕਟਰੀ ਪੜ੍ਹਾਈ ਕਰਨ ਤੋਂ ਬਾਅਦ ਜਿਹੜੇ ਇੰਟਰਨਸ਼ਿਪ ਕਰ ਰਹੇ ਹੁੰਦੇ ਹਨ ਉਹ ਹੀ ਮਰੀਜ਼ਾਂ ਨੂੰ ਨਿਪਟਾਉਣ ਦਾ ਕੰਮ ਕਰਦੇ ਹਨ। ਬਹੁਤ ਘੱਟ ਵਾਰੀ ਹੀ ਸੀਨੀਅਰ ਡਾਕਟਰ ਮੌਜੂਦ ਹੁੰਦੇ ਹਨ ਅਤੇ ਉਹ ਵੀ ਖਾਸ ਖਾਸ ਮਰੀਜ਼ਾਂ ਨੂੰ ਦੇਖਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਜਰੂਰੀ ਦਵਾਈਆਂ, ਟੈਸਟ ਕਰਨ ਵਾਲੀਆਂ ਮਸ਼ੀਨਾਂ, ਨਰਸਾਂ ਅਤੇ ਕੰਪਾਉਂਡਰਾਂ ਦਾ ਜਿਤਨਾ ਹੀ ਵਰਨਣ ਘੱਟ ਕੀਤਾ ਜਾਏ ਉਨਾ ਹੀ ਅੱਛਾ ਹੈ। ਜਦੋਂ ਕਦੇ ਮਰੀਜ਼ ਨੂੰ ਦਾਖਲ ਕਰਵਾਉਣਾ ਹੁੰਦਾ ਹੈ ਤਾਂ ਕਈ ਵਾਰ ਤਾਂ ਬੈਡ ਹੀ ਨਹੀਂ ਮਿਲਦਾ। ਕਈ ਮਰੀਜ਼ਾਂ ਨੂੰ ਹਸਪਤਾਲ ਦੇ ਬਰਾਂਡੇ ਵਿੱਚ ਇੱਕ ਬੈਡ ਤੇ ਲਿਟਾ ਦਿੱਤਾ ਜਾਂਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਸਟਾਫ ਦਾ ਵਤੀਰਾ ਮਰੀਜ਼ਾਂ ਨਾਲ ਜਿਸ ਕਿਸਮ ਦਾ ਵਧੀਆ ਹੋਣਾ ਚਾਹੀਦਾ ਹੈ ਉਹ ਦੇਖਣ ਨੂੰ ਨਹੀਂ ਮਿਲਦਾ। ਆਮ ਤੌਰ ਤੇ ਸਟਾਫ ਲਾਪਰਵਾਹੀ ਕਰਦਾ ਹੈ। ਜਰੂਰੀ ਦਵਾਈਆਂ ਬਾਹਰੋਂ ਮੰਗਵਾਣੀਆਂ ਪੈਂਦੀਆਂ ਹਨ, ਮਸ਼ੀਨਾਂ ਖਰਾਬ ਹੋਣ ਕਰਕੇ ਟੈਸਟ ਵੀ ਬਾਹਰੋਂ ਕਰਾਉਣੇ ਪੈਂਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਦਿੱਕਤ ਨੂੰ ਦੇਖਦੇ ਹੋਏ ਮੈਨੂੰ ਭਾਰਤ ਰਤਨ ਦਾ ਪੁਰਸਕਾਰ ਜਰੂਰ ਮਿਲਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਵੱਡੇ ਪੈਮਾਨੇ ਤੇ ਫੈਲੇ ਹੋਏ ਪ੍ਰਦੂਸ਼ਣ ਨੂੰ ਸਹਿਣ ਕਰਨ ਲਈ, ਬੇਕਾਰੀ, ਅਸਮਾਨ ਚੜਦੀ ਮਹਿੰਗਾਈ, ਵਿਗੜਦੀ ਹੋਈ ਕਾਨੂੰਨ ਵਿਵਸਥਾ, ਹਰ ਜਗਹਾ ਫੈਲੇ ਹੋਏ ਭਰਿਸ਼ਟਾਚਾਰ ਦੀ ਮਾਰ ਸਹਿਣ ਲਈ ਵੀ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ। ਮੇਰੇ ਇਹਨਾਂ ਗੁਣਾਂ ਕਰਕੇ ਜੇਕਰ ਮੈਨੂੰ ਭਾਰਤ ਰਤਨ ਨਹੀਂ ਤਾਂ ਫਿਰ ਪਦਮ ਭੂਸ਼ਣ, ਪਦਮ ਵਿਭੂਸ਼ਣ, ਵੀਰਤਾ ਪੁਰਸਕਾਰ ਹੀ ਦਿਲਵਾ ਦਿਓ। ਜੇਕਰ ਤੁਸੀਂ ਮੈਨੂੰ ਇਨਾ ਪੁਰਸਕਾਰਾਂ ਵਿੱਚੋਂ ਕੋਈ ਵੀ ਪੁਰਸਕਾਰ ਨਹੀਂ ਦਿਲਵਾ ਸਕਦੇ ਤਾਂ ਚਿੰਤਾ ਨਾ ਕਰੋ ਮੈਂ ਬੜਾ ਸੰਤੋਖੀ ਆਦਮੀ ਹਾਂ ਮੈਨੂੰ ਘੱਟੋ ਘੱਟ,,, ਦਿਲਾਸਾ ਪੁਰਸਕਾਰ,, Consolation Prize.. ਹੀ ਦਿਲਵਾ ਦਿਓ! ਆਪ ਜੀ ਦੀ ਬਹੁਤ ਮਿਹਰਬਾਨੀ ਹੋਏਗੀ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ‘ਘੱਟੋ-ਘੱਟ ਉੱਜਰਤ ਸੂਚੀ’ ਤੁਰੰਤ ਜਾਰੀ ਕਰੇ-ਬਲਦੇਵ ਭਾਰਤੀ ਕਨਵੀਨਰ ਐੱਨ. ਐੱਲ. ਓ
Next articleਮੀਂਹ ਦੀ ਵਾਛ