ਮੁੰਬਈ (ਸਮਾਜ ਵੀਕਲੀ): ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰਾਂ ਵਿਚ ਫੇਰਬਦਲ ਤੋਂ ਇਕ ਵਾਰ ਫਿਰ ਨਾਂਹ ਕਰ ਦਿੱਤੀ ਹੈ। ਰੂਸ ਵੱਲੋਂ ਯੂਕਰੇਨ ’ਤੇ ਕੀਤੀ ਚੜ੍ਹਾਈ ਕਰਕੇ ਅਸਮਾਨੀ ਪੁੱਜੀ ਮਹਿੰਗਾਈ ਦਰਮਿਆਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਆਰਥਿਕ ਵਿਕਾਸ ਨੂੰ ਹਮਾਇਤ ਜਾਰੀ ਰੱਖਦੇ ਹੋਏ ਅੱਜ ਲਗਾਤਾਰ 11ਵੀਂ ਵਾਰ ਵਿਆਜ ਦਰਾਂ ਨੂੰ ਰਿਕਾਰਡ ਹੇਠਲੇ ਪੱਧਰ ’ਤੇ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਬੀਆਈ ਦੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਸਮੀਖਿਆ ਮੀਟਿੰਗ ਦੌਰਾਨ ਰੈਪੋ ਦਰਾਂ ਨੂੰ 4 ਫੀਸਦ ਤੇ ਰਿਵਰਸ ਰੈਪੋ ਦਰਾਂ ਨੂੰ 3.35 ਫੀਸਦ ’ਤੇ ਬਰਕਰਾਰ ਰੱਖਿਆ ਹੈ।
ਕੇਂਦਰੀ ਬੈਂਕ ਨੇ ਹਾਲਾਂਕਿ ਮੌਜੂਦਾ ਵਿੱਤੀ ਸਾਲ 2022-23 ਲਈ ਆਰਥਿਕ ਵਿਕਾਸ ਦਰ 7.8 ਫੀਸਦ ਰਹਿਣ ਦੀ ਆਪਣੀ ਪਿਛਲੀ ਪੇਸ਼ੀਨਗੋਈ ਨੂੰ ਘਟਾ ਕੇ ਹੁਣ 7.2 ਫੀਸਦ ਕਰ ਦਿੱਤਾ ਹੈ। ਪਿਛਲੇ ਵਿੱਤੀ ਸਾਲ 2021-22 ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਧਾਰਿਤ ਵਿਕਾਸ ਦਰ 8.9 ਫੀਸਦ ਰਹੀ ਸੀ। ਆਰਬੀਆਈ ਨੇ ਮੌਜੂਦਾ ਵਿੱਤੀ ਸਾਲ ਵਿੱਚ ਮਹਿੰਗਾਈ ਦਰ 5.7 ਫੀਸਦ ਦੇ ਪੱਧਰ ’ਤੇ ਬਣੇ ਰਹਿਣ ਦੀ ਸੰਭਾਵਨਾ ਜਤਾਈ ਹੈ। ਪਹਿਲਾਂ ਇਸ ਦੇ 4.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਸੀ। ਦਾਸ ਨੇ ਕਿਹਾ, ‘‘ਮੁਦਰਾ ਨੀਤੀ ਕਮੇਟੀ ਨੇ ਆਪਣੇ ਨਰਮ ਰੁਖ਼ ਨੂੰ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕਮੇਟੀ ਨਰਮ ਰਵੱਈਏ ਨੂੰ ਵਾਪਸ ਲੈਣ ’ਤੇ ਧਿਆਨ ਕੇਂਦਰਤ ਕਰੇਗੀ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਵਿਕਾਸ ਨੂੰ ਹਮਾਇਤ ਦੇ ਨਾਲ ਮਹਿੰਗਾਈ ਨੂੰ ਮਿੱਥੇ ਟੀਚੇ ਦਰਮਿਆਨ ਰੱਖਿਆ ਜਾ ਸਕੇ।’’
ਕੇਂਦਰੀ ਬੈਂਕ ਨੇ ਇਸ ਤੋਂ ਪਹਿਲਾਂ 22 ਮਈ 2020 ਨੂੰ ਰੈਪੋ ਦਰਾਂ ਵਿੱਚ ਫੇਰਬਦਲ ਕੀਤਾ ਸੀ। ਦਾਸ ਨੇ ਕਿਹਾ, ‘‘ਆਰਥਿਕ ਸਰਗਰਮੀਆਂ ਹੁਣ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ਦੇ ਮੁਕਾਬਲੇ ਸ਼ਾਇਦ ਹੀ ਵਧੀਆਂ ਹਨ, ਪਰ ਇਨ੍ਹਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਜੰਗ ਕਰਕੇ ਆਲਮੀ ਅਰਥਚਾਰੇ ਵਿੱਚ ਵੱਡਾ ਬਦਲਾਅ ਆਇਆ ਹੈ ਤੇ ਵਿੱਤੀ ਬਾਜ਼ਾਰਾਂ ਵਿੱਚ ਵੱਡਾ ਉਤਰਾਅ-ਚੜਾਅ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡਾ ਰੁਖ਼ ਚੌਕਸੀ ਵਰਤਣ ਦੇ ਨਾਲ ਇਸ ਦੇ ਭਾਰਤ ਦੀ ਵਿਕਾਸ ਦਰ, ਮਹਿੰਗਾਈ ਤੇ ਵਿੱਤੀ ਹਾਲਾਤ ’ਤੇ ਪੈਣ ਵਾਲੇ ਉਲਟ ਅਸਰ ਨਾਲ ਨਜਿੱਠਣ ਵਾਲਾ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ, ਜਦੋਂ ਕਿ ਖਾਦ ਵਸਤਾਂ ਦੇ ਨਾਲ ਧਾਤ ਤੇ ਹੋਰਨਾ ਜਿਣਸਾਂ ਦੀਆਂ ਕੀਮਤਾਂ ਸਿਖਰਲੇ ਪੱਧਰ ’ਤੇ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਕਿਸੇ ਨੇਮ ਨਾਲ ਨਹੀਂ ਬੱਝਾ ਤੇ ਅਰਥਚਾਰੇ ਦੀ ਸੁਰੱਖਿਆ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰੇਗਾ।
‘ਅਰਥਚਾਰੇ ਨੂੰ ਨਵੀਆਂ ਤੇ ਵੱਡੀਆਂ ਚੁਣੌਤੀਆਂ ਦਰਪੇਸ਼’
ਦਾਸ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਨਵੀਆਂ ਤੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਅਰਥਚਾਰੇ ਕੋਲ ਲੋੜੀਂਦੇ ਵਿਦੇਸ਼ੀ ਮੁਦਰਾ ਭੰਡਾਰ ਮੌਜੂਦ ਹਨ ਤੇ ਰਿਜ਼ਰਵ ਬੈਂਕ ਇਸ ਨੂੰ ਸਾਰੀਆਂ ਚੁਣੌਤੀਆਂ ਤੋਂ ਬਚਾ ਕੇ ਰੱਖਣ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਆਰਬੀਆਈ, ਗਾਹਕ ਸੇਵਾਵਾਂ ਦੀ ਸਮੀਖਿਆ ਕਰੇਗਾ। ਉਨ੍ਹਾਂ ਯੂਪੀਆਈ ਦੀ ਵਰਤੋਂ ਕਰਕੇ ਏਟੀਐੱਮ ਤੋਂ ਬਿਨਾਂ ਕਾਰਡ (ਕਾਰਡਲੈੱਸ) ਨਿਕਾਸੀ ਸਹੂਲਤ ਦਾ ਵਿਸਥਾਰ ਸਾਰੇ ਬੈਂਕਾਂ ਵਿੱਚ ਕਰਨ ਦਾ ਵੀ ਐਲਾਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly