(ਸਮਾਜ ਵੀਕਲੀ)- ਸੇਟ ਬਚਨਪੁਰੀ ਇੰਟਰ ਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਕੂਲ ਦੇ ਚੇਅਰਮੈਨ ਰਵਿੰਦਰਜੀਤ ਬਿੰਦੀ ਦੀ ਪੁਸਤਕ ‘ਸੀਤ ਹਵਾ ਦਾ ਬੁੱਲਾ ਹੌਲਦਾਰ ਅਜੀਤ ਸਿੰਘ ਪੱਖੋ ਰਿਲੀਜ਼ ਕੀਤੀ ਗਈ। ਇਹ ਰਸਮ ਪੰਜਾਬੀ ਦੇ ਬਹੁ ਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਕੌਂਸਲ ਬੂਟਾ ਸਿੰਘ ਚੌਹਾਨ ਨੇ ਅਦਾ ਕੀਤੀ। ਉਨ੍ਹਾਂ ਦਾ ਸਾਥ ਸਮਾਗਮ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਮੁੱਖ ਮਹਿਮਾਨ ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਵਿਸ਼ੇਸ਼ ਮਹਿਮਾਨ ਸਫ਼ਰਨਾਮਾ ਲੇਖਕ ਤੇ ਪੱਤਰਕਾਰ ਸੀ ਮਾਰਕੰਡਾ ਨੇ ਵੀ ਦਿੱਤਾ। ਸਮਾਗਮ ਦੀ ਸ਼ੁਰੂਆਤ ਤੇਜਿੰਦਰ ਮਾਰਕੰਡਾ ਦੀ ਗਾਈ ਗ਼ਜ਼ਲ ਨਾਲ਼ ਹੋਈ। ਇਸ ਮੌਕੇ ਰਵਿੰਦਰਜੀਤ ਬਿੰਦੀ ਨੇ ਦੱਸਿਆ ਕਿ ਇਸ ਪੁਸਤਕ ਵਿਚ ਮੇਰੇ ਪਿਤਾ ਹੌਲਦਾਰ ਅਜੀਤ ਸਿੰਘ ਪੱਖੋ ਦੀਆਂ ਕਹਾਣੀਆਂ ਅਤੇ ਉਨ੍ਹਾਂ ਬਾਰੇ ਵੱਖ-ਵੱਖ ਲੇਖਕਾਂ ਦੇ ਲਿਖੇ ਲੇਖ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੀ ਯਾਦ ਵਿਚ ਇਕ ਟਰੱਸਟ ਵੀ ਬਣਾਇਆ ਜਾਵੇਗਾ, ਜੋ ਇਲਾਕੇ ਵਿਚ ਸਾਹਿਤਕ ਕਾਰਜ ਅਤੇ ਸਾਲ ਵਿਚ ਇਕ ਪ੍ਰਸਿੱਧ ਲੇਖਕ ਨੂੰ ਸਨਮਾਨਿਤ ਵੀ ਕਰਿਆ ਕਰੇਗਾ।
ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਹੌਲਦਾਰ ਅਜੀਤ ਸਿੰਘ ਪੱਖੋ ਭਵਿੱਖ ਦੀ ਕੁੱਖ ਵਿਚ ਪਈਆਂ ਸੰਭਾਵਨਾਵਾਂ ਭਾਂਪਣ ਵਾਲ਼ੇ ਵਿਅਕਤੀ ਸਨ। ਜਿਸ ਕਰਕੇ ਉਨ੍ਹਾਂ ਨੇ ਇਸ ਪਿਛੜੇ ਇਲਾਕੇ ਵਿਚ ਵਿੱਦਿਅਕ ਅਦਾਰਾ ਕਾਇਮ ਕਰਕੇ ਵਿਦਿਆ ਦਾਨ ਕਰਨ ਦਾ ਆਗਾਜ਼ ਕੀਤਾ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਹੌਲਦਾਰ ਅਜੀਤ ਸਿੰਘ ਪੱਖੋ ਕਹਾਣੀਕਾਰ ਅਤੇ ਸਾਹਿਤ ਸਭਾ ਪੱਖੋ ਦੇ ਪ੍ਰਧਾਨ ਹੋਣ ਕਾਰਨ ਨਾਟਕ ਅਤੇ ਸਾਹਿਤ ਸਮਾਗਮ ਵੀ ਕਰਵਾਉਂਦੇ ਰਹੇ। ਦੂਰ ਦੁਰੇਡੇ ਸਾਹਿਤਕ ਸਮਾਗਮਾਂ ‘ ਤੇ ਜਾਂਦੇ ਸਨ । ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਹੌਲਦਾਰ ਪੱਖੋ ਦੂਰ ਅੰਦੇਸ਼ੀ ਅਤੇ ਉਤਸ਼ਾਹੀ ਮਨੁੱਖ ਸਨ, ਜਿਨ੍ਹਾਂ ਨੇ ਸਾਹਿਤ ਅਤੇ ਸਮਾਜ ਦੇ ਖੇਤਰ ਵਿਚ ਅਮਿੱਟ ਪੈੜਾਂ ਕੀਤੀਆਂ। ਸੀ ਮਾਰਕੰਡਾ ਨੇ ਕਿਹਾ ਕਿ ਹੌਲਦਾਰ ਪੱਖੋ ਨੇ ਮੇਰੀ ਪੱਤਰਕਾਰਤਾ ਅਤੇ ਸਾਹਿਤਕਾਰੀ ਵਿਚ ਭਰਵਾਂ ਸਹਿਯੋਗ ਦਿੱਤਾ। ਉਹ ਉਸਾਰੂ ਕਦਰਾਂ -ਕੀਮਤਾਂ ਦੇ ਮੁਦੱਈ ਸਨ। ਆਪਣੀ ਇਸ ਸੋਚ ‘ਤੇ ਉਨ੍ਹਾਂ ਨੇ ਅੰਤਿਮ ਸਾਹ ਲੈਣ ਤੱਕ ਪਹਿਰਾ ਦਿੱਤਾ।
= ਤੇਜਿੰਦਰ ਚੰਡਿਹੋਕ, ਬਰਨਾਲਾ